ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ ॥੧॥ ਰਹਾਉ ॥
ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ।
ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ ॥੨॥
ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ।
ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ ॥੩॥
ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ।
ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ॥੪॥੧੦॥੫੭॥
ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇ) ਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ।
ਹੇ ਪ੍ਰਭੂ! ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ, ਅਸੀਂ ਉਸ ਕੰਮ ਵਿਚ ਲੱਗ ਪੈਂਦੇ ਹਾਂ ॥੧॥
ਹੇ ਮੇਰੇ ਰਾਮ ਜੀ! ਹੇ ਮੇਰੇ ਪ੍ਰਭੂ! ਤੂੰ (ਮੇਰੇ) ਦਿਲ ਦੀ ਜਾਣਨ ਵਾਲਾ ਹੈਂ।
ਹੇ ਦਇਆ ਦੇ ਘਰ ਗੁਰਦੇਵ! ਹੇ ਸੁਆਮੀ! ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥
ਹੇ ਭਾਈ! ਅੱਠੇ ਪਹਰ ਆਪਣੇ ਮਾਲਕ-ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
ਹੇ ਭਾਈ! ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ ॥੨॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ।
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੩॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਮਾਲਕ-ਪ੍ਰਭੂ! ਹੇ ਦਇਆ ਦੇ ਸੋਮੇ! ਮੈਂ ਤੇਰੀ ਸਰਨ ਆਇਆ ਹਾਂ!
ਹੇ ਨਾਨਕ! (ਆਖ-) ਮੇਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਗੁਰੂ ਦੇ ਚਰਨਾਂ ਦੀ ਧੂੜ ਦੇਹ ॥੪॥੧੧॥੫੮॥
ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ।
(ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ॥੧॥
ਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ,
ਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ॥੧॥ ਰਹਾਉ ॥
ਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ)
ਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ ॥੨॥
ਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ।
ਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ॥੩॥
ਹੇ ਪ੍ਰਭੂ! (ਮੇਰੀ ਉੱਚੀ) ਸੁਰਤ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ।
(ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ ॥੪॥
ਉਹ (ਜੀਵ-ਇਸਤ੍ਰੀ ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,
ਜੇਹੜੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ ॥੫॥
ਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ।
ਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ ॥੬॥
ਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ,
ਹੇ ਪ੍ਰਭੂ ਰਾਇ! ਹੇ ਪ੍ਰੀਤਮ! ਹੁਣ ਤੂੰ ਮੇਰਾ ਹੱਥ ਫੜ ਲੈ ॥੭॥
ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ।
ਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੮॥੧॥