ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਆਉਂਦੇ ਹਨ (ਤੇ, ਅਰਜ਼ੋਈ ਕਰਦੇ ਹਨ: ਹੇ ਪ੍ਰਭੂ! ਸਾਨੂੰ) ਬਚਾ ਲੈ, ਬਚਾ ਲੈ। ਗੁਰੂ ਪਰਮਾਤਮਾ ਉਹਨਾਂ ਦੇ ਰਾਖੇ ਬਣਦੇ ਹਨ ॥੩॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਧੁਰ ਦਰਗਾਹ ਤੋਂ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਉਹ ਪਰਮਾਤਮਾ ਨੂੰ ਮਿਲ ਪੈਂਦੇ ਹਨ।
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਹਾਜ਼ ਹੈ, (ਹਰਿ ਜਨਾਂ ਨੂੰ) ਗੁਰੂ-ਮਲਾਹ ਦੇ ਸ਼ਬਦ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
ਹੇ ਮੇਰੀ ਸੋਹਣੀ ਜਿੰਦੇ! ਸਰਬ-ਵਿਆਪਕ ਪਰਮਾਤਮਾ ਸਦਾ ਹੀ ਦਇਆਵਾਨ ਹੈ, ਗੁਰੂ ਸਤਿਗੁਰੂ ਦੀ ਸਰਨ ਪਿਆਂ (ਹਰਿ-ਜਨਾਂ ਨੂੰ ਪਰਮਾਤਮਾ) ਪਿਆਰਾ ਲੱਗਣ ਲੱਗ ਪੈਂਦਾ ਹੈ।
ਹੇ ਦਾਸ ਨਾਨਕ, ਆਖ! ਹੇ ਹਰੀ! ਮੇਹਰ ਕਰ, ਮੇਰੀ ਬੇਨਤੀ ਸੁਣ (ਮੈਂ ਤੇਰਾ ਨਾਮ ਸਿਮਰਦਾ ਰਹਾਂ। ਜਿਨ੍ਹਾਂ ਉੱਤੇ ਤੂੰ ਮੇਹਰ ਦੀ ਨਿਗਾਹ ਕੀਤੀ, ਉਹਨਾਂ) ਤੇਰਾ ਨਾਮ ਸਿਮਰਿਆ ॥੪॥੨॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਮ ਹੈ। ਤੂੰ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਟਿਕਾਈ ਰੱਖ।
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ (ਵਿਕਾਰੀਆਂ ਨੂੰ) ਪਵਿਤ੍ਰ ਕਰਨ ਵਾਲਾ ਹੈ, ਤੂੰ ਭੀ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।
ਹੇ ਮੇਰੀ ਸੋਹਣੀ ਜਿੰਦੇ! (ਜਿਸ ਮਨੁੱਖ ਨੇ ਹਰਿ-ਨਾਮ ਸਿਮਰਿਆ, ਉਸ ਨੇ ਆਪਣੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ ਸਾਰੇ ਦੁੱਖ ਦੂਰ ਕਰ ਲਏ, ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬਰਕਤਿ ਨਾਲ ਵਿਕਾਰਾਂ ਦੀ ਮੈਲ ਲਾਹ ਲੈਂਦਾ ਹੈ।
ਹੇ ਦਾਸ ਨਾਨਕ! ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ ਸਾਡੇ ਵਰਗੇ ਮੂਰਖਾਂ ਨੂੰ, ਮਹਾਂ ਮੂਰਖਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਵੱਸ ਵਿਚ ਆ ਜਾਂਦੇ ਹਨ,
ਦੁਨੀਆ ਦੇ ਨੌ ਖ਼ਜ਼ਾਨਿਆਂ ਦੀ ਬਰਾਬਰੀ ਕਰਨ ਵਾਲਾ ਹਰਿ-ਨਾਮ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਉਹਨਾਂ ਨੂੰ ਉਸ ਪਰਮਾਤਮਾ ਦੀ ਸਮਝ ਬਖ਼ਸ਼ ਦੇਂਦਾ ਹੈ ਜਿਸ ਤਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ।
ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਆਸਾ ਤੇ ਮਨ ਦਾ ਫੁਰਨਾ ਪੂਰਾ ਕਰ ਦਿੱਤਾ, ਉਹਨਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਲਹਿ ਜਾਂਦੀ ਹੈ।
ਹੇ ਦਾਸ ਨਾਨਕ! ਧੁਰ ਦਰਗਾਹ ਤੋਂ ਪਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖ ਦਿੱਤਾ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥
ਹੇ ਮੇਰੀ ਸੋਹਣੀ ਜਿੰਦੇ! ਅਸੀਂ ਜੀਵ ਪਾਪੀ ਹਾਂ, ਵਲ-ਛਲ ਕਰਨ ਵਾਲੇ ਹਾਂ, ਦੂਜਿਆਂ ਨਾਲ ਦਗ਼ਾ-ਫ਼ਰੇਬ ਕਰਨ ਵਾਲੇ ਹਾਂ, ਮਾਇਆ ਦੀ ਖ਼ਾਤਰ ਠੱਗੀਆਂ ਕਰਨ ਵਾਲੇ ਹਾਂ।
ਹੇ ਮੇਰੀ ਸੋਹਣੀ ਜਿੰਦੇ! ਜਿਸ ਵੱਡੇ ਭਾਗਾਂ ਵਾਲੇ ਨੇ ਗੁਰੂ ਲੱਭ ਲਿਆ ਉਸਨੇ ਪੂਰੇ ਗੁਰੂ ਦੀ ਰਾਹੀਂ ਉੱਚੇ ਆਤਮਕ ਜੀਵਨ ਦੀ ਮਰਯਾਦਾ ਹਾਸਲ ਕਰ ਲਈ।
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦੇ ਮੂੰਹ ਵਿਚ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਅ ਦਿੱਤਾ, ਉਸ ਆਤਮਕ ਮੌਤੇ ਮਰ ਰਹੇ ਮਨੁੱਖ ਨੂੰ ਗੁਰੂ ਨੇ ਮੁੜ ਆਤਮਕ ਜੀਵਨ ਬਖ਼ਸ਼ ਦਿੱਤਾ।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੩॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਬੜਾ ਹੀ ਸ੍ਰੇਸ਼ਟ ਹੈ, ਇਸ ਨਾਮ ਦੇ ਜਪਣ ਨਾਲ ਸਾਰੇ (ਪਿਛਲੇ) ਪਾਪ ਦੂਰ ਹੋ ਜਾਂਦੇ ਹਨ।
ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਹਰਿ-ਨਾਮ ਦੇ ਕੇ ਵਿਕਾਰਾਂ ਵਿਚ ਡਿੱਗਿਆਂ ਹੋਇਆਂ ਨੂੰ ਭੀ ਪਵਿਤ੍ਰ ਬਣਾ ਦਿੱਤਾ, ਉਹ ਸਾਰੇ ਸੰਸਾਰ ਵਿਚ ਸਦਾ ਲਈ ਹੀ ਨਾਮਣੇ ਵਾਲੇ ਹੋ ਗਏ।
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਜਲ ਵਿਚ, ਹਰਿ-ਨਾਮ ਸਰੋਵਰ ਵਿਚ ਇਸ਼ਨਾਨ ਕੀਤਾ, ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲਹਿ ਗਈ।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਵਿਕਾਰੀ ਤੇ ਪਾਪੀ ਭੀ ਇਕ ਖਿਨ ਵਾਸਤੇ ਹਰਿ-ਨਾਮ-ਰੰਗ ਵਿਚ ਰੰਗੇ ਗਏ, ਉਹ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਗਏ ॥੪॥੩॥
ਹੇ ਮੇਰੀ ਸੋਹਣੀ ਜਿੰਦੇ! ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।
ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ, ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ।