ਰਾਗ ਬਿਲਾਵਲੁ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਉਸ ਮਨੁੱਖ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ,
ਜਿਸ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਤੋਂ ਹੀ ਪੂਰਨ ਭਾਗ ਹੈ, (ਜਿਸ ਦੇ ਹਿਰਦੇ ਵਿਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਘੜਦਾ ਹੈ) ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਇਆ ਹੈ।
ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ (ਅੱਠੇ ਪਹਿਰ) ਪਰਮਾਤਮਾ ਦੇ ਗੁਣ ਗਾਂਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ।
ਉਸ ਦਾ ਸਾਰਾ ਤਨ ਸਾਰਾ ਮਨ ਹਰਾ-ਭਰਾ ਹੋ ਜਾਂਦਾ ਹੈ (ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ), ਉਸ ਦਾ ਮਨ (ਇਉਂ) ਖਿੜ ਪੈਂਦਾ ਹੈ (ਜਿਵੇਂ) ਹਰਾ ਹੋਇਆ ਹੋਇਆ ਬਾਗ਼ ਹੈ।
ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ (ਉਸ ਦੇ ਅੰਦਰ, ਮਾਨੋ) ਦੀਵਾ ਰੌਸ਼ਨੀ ਕਰ ਦੇਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਮਿਟ ਜਾਂਦਾ ਹੈ।
ਹੇ ਹਰੀ! (ਤੇਰਾ) ਦਾਸ ਨਾਨਕ (ਅਜੇਹੇ ਗੁਰਮੁਖਿ ਮਨੁੱਖ ਨੂੰ) ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ (ਤੇ, ਚਾਹੁੰਦਾ ਹੈ ਕਿ) ਭਾਵੇਂ ਇਕ ਪਲ-ਭਰ ਹੀ ਉਸ ਦਾ ਦਰਸ਼ਨ ਹੋਵੇ ॥੧॥
ਹੇ ਭਾਈ! ਪੂਰਨ ਆਤਮਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਪਰਮਾਤਮਾ ਦਾ ਨਾਮ (ਮਨੁੱਖ ਦੇ) ਮੂੰਹ ਵਿਚ ਟਿਕਦਾ ਹੈ।
ਹੇ ਭਾਈ! ਰਾਗ ਤੇ ਨਾਦ (ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ (ਸ਼ਬਦ ਦੀ ਬਰਕਤ ਨਾਲ ਮਨੁੱਖ ਦੀ) ਸੁਰਤ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।
ਹੇ ਭਾਈ! (ਸੰਸਾਰਕ) ਰਾਗ ਰੰਗ (ਦਾ ਰਸ) ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।
ਹੇ ਨਾਨਕ! (ਆਖ-) ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿਚ ਟਿਕਾਈਏ, ਤਾਂ ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ ॥੨॥
ਹੇ ਹਰੀ! ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈਂ।
(ਇਹ ਜੋ) ਸਾਰਾ ਜਗਤ (ਦਿੱਸ ਰਿਹਾ) ਹੈ (ਇਸ ਵਿਚ ਹਰ ਥਾਂ) ਤੂੰ ਆਪ ਹੀ ਆਪ ਵਿਆਪਕ ਹੈਂ।
(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਸਮਾਧੀ ਭੀ ਤੂੰ ਆਪ ਹੀ ਲਾ ਰਿਹਾ ਹੈਂ, ਤੇ (ਆਪਣੇ) ਗੁਣ ਭੀ ਤੂੰ ਆਪ ਹੀ ਗਾ ਰਿਹਾ ਹੈਂ।
ਹੇ ਸੰਤ ਜਨੋ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਪਰਮਾਤਮਾ ਹੀ ਅੰਤ ਵਿਚ ਬਚਾਂਦਾ ਹੈ।
ਜਿਸ (ਭੀ) ਮਨੁੱਖ ਨੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਨੇ (ਹੀ) ਸੁਖ ਪ੍ਰਾਪਤ ਕੀਤਾ, (ਕਿਉਂਕਿ ਉਹ ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
ਹੇ ਭਾਈ! ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) ਆਤਮਕ ਆਨੰਦ ਨਹੀਂ ਮਿਲਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀਆਂ ਨਿਗਾਹਾਂ ਵਿਚ) ਕਬੂਲ ਨਹੀਂ ਹੁੰਦਾ,
(ਕਿਉਂਕਿ) ਅੰਦਰੋਂ ਹੋਰ ਤੇ ਬਾਹਰੋਂ ਹੋਰ ਰਿਹਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲ ਸਕਦਾ।
(ਅੰਦਰ ਪ੍ਰਭੂ ਨਾਲ ਪਿਆਰ ਨਾਹ ਹੋਵੇ ਤਾਂ ਨਿਰੇ) ਮਨ ਦੇ ਹਠ ਨਾਲ ਕੀਤੇ ਕਰਮਾਂ ਦੀ ਰਾਹੀਂ ਕੋਈ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
ਹੇ ਨਾਨਕ! (ਆਖ-ਹੇ ਭਾਈ!) ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈ ਕੇ ਆਪਣਾ ਆਤਮਕ ਜੀਵਨ ਪੜਤਾਲਣਾ ਚਾਹੀਦਾ ਹੈ।
(ਇਸ ਤਰ੍ਹਾਂ ਉਹ) ਪਰਮਾਤਮਾ (ਜੋ ਹਰ ਥਾਂ) ਆਪ ਹੀ ਆਪ ਹੈ ਮਨ ਵਿਚ ਆ ਵੱਸਦਾ ਹੈ।
ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤ ਜੋੜਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥
ਹੇ ਪਿਆਰੇ ਸੱਜਣੋ! ਇੱਕ (ਪਰਮਾਤਮਾ) ਨਾਲ ਸੁਰਤ ਜੋੜ ਕੇ ਤੁਸੀ ਆਤਮਕ ਆਨੰਦ ਮਾਣਦੇ ਰਹੋ।
(ਜਿਹੜਾ ਮਨੁੱਖ ਇਕ ਪਰਮਾਤਮਾ ਵਿਚ ਸੁਰਤ ਜੋੜਦਾ ਹੈ, ਉਸ ਦਾ) ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ, (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਸਦਾ) ਲੀਨ ਰਹਿੰਦਾ ਹੈ।
ਜੇ (ਮਨੁੱਖ) ਗੁਰੂ ਦੇ ਹੁਕਮ ਅਨੁਸਾਰ ਜੀਵਨ ਬਿਤੀਤ ਕਰਦੇ ਰਹਿਣ (ਤਾਂ ਉਹਨਾਂ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਸਤਸੰਗਤਿ ਵਿਚ ਬੈਠ ਕੇ ਪਿਆਰ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।
ਹੇ ਨਾਨਕ! (ਆਖ-ਹੇ ਭਾਈ!) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿਚ ਟਿਕੇ ਰਹਿੰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੨॥
ਹੇ ਭਾਈ! ਜਿਹੜਾ ਪਰਮਾਤਮਾ ਆਪ ਸਭ ਜੀਵਾਂ ਵਿਚ ਮੌਜੂਦ ਹੈ ਉਹ ਹੀ ਭਗਤਾਂ ਦਾ ਮਿੱਤਰ ਹੈ।
ਭਗਤਾਂ ਦੇ ਹਿਰਦੇ-ਘਰ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਉਹ ਜਾਣਦੇ ਹਨ ਕਿ) ਹਰੇਕ ਜੀਵ ਪਰਮਾਤਮਾ ਦੇ ਵੱਸ ਵਿਚ ਹੈ (ਤੇ ਉਹ ਪਰਮਾਤਮਾ ਉਹਨਾਂ ਦਾ ਮਿੱਤਰ ਹੈ)।
ਪਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ-ਮਦਦਗਾਰ ਹੈ (ਇਸ ਵਾਸਤੇ ਉਸ ਦੇ) ਭਗਤ ਲੱਤ ਉਤੇ ਲੱਤ ਰਖ ਕੇ ਬੇ-ਫ਼ਿਕਰ ਹੋ ਕੇ ਸੌਂਦੇ ਹਨ (ਨਿਸਚਿੰਤ ਜੀਵਨ ਬਤੀਤ ਕਰਦੇ ਹਨ।
ਜਿਹੜਾ ਪਰਮਾਤਮਾ ਸਭ ਜੀਵਾਂ ਦਾ ਖਸਮ ਹੈ, ਉਸ ਨੂੰ ਭਗਤ ਜਨ (ਸਦਾ ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ।
ਹੇ ਪ੍ਰਭੂ! ਸਾਰੀ ਲੁਕਾਈ ਖਪ ਖਪ ਕੇ ਥੱਕ ਜਾਂਦੀ ਹੈ, ਕੋਈ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ॥੨॥