(ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ॥੩॥
(ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ।
ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼ ॥੪॥੭॥੩੭॥
(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਮਨੁੱਖ) ਅਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰ੍ਹਵੇ ਬੋਲ ਬੋਲਦਾ ਹੈ, ਸਦਾ ਲਾਲਚ ਅਤੇ ਜੀਭ ਦੇ ਸੁਆਦ ਵਿਚ (ਫਸਿਆ ਰਹਿੰਦਾ ਹੈ);
ਘਰ (ਦੇ ਮੋਹ) ਵਿਚ, ਠੱਗੀ-ਫ਼ਰੇਬ ਵਿਚ ਫਸ ਕੇ, ਨਾਸਵੰਤ ਮਾਇਆ (ਦੇ ਮੋਹ) ਵਿਚ ਵਿੱਝਾ ਰਹਿੰਦਾ ਹੈ ॥੧॥
ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ (ਜਗਤ ਦੇ ਪਦਾਰਥਾਂ ਦੀ) ਇਹੋ ਜਿਹੀ ਹਾਲਤ ਵੇਖ ਲਈ ਹੈ,
(ਕਿ ਦੁਨੀਆ ਦੀਆਂ) ਪਾਤਸ਼ਾਹੀਆਂ, ਜ਼ਮੀਨਾਂ (ਦੀ ਮਾਲਕੀ), ਧਨ ਅਤੇ ਜੁਆਨੀ (ਆਦਿਕ ਸਾਰੇ ਹੀ) ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ ॥੧॥ ਰਹਾਉ ॥
(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜਿਸ ਸਰੀਰ ਦਾ ਮਨੁੱਖ ਮਾਣ ਕਰਦਾ ਹੈ) ਸੋਹਣੇ ਸੋਹਣੇ ਪਦਾਰਥ, ਧੂਪ ਆਦਿਕ ਸੁਗੰਧੀਆਂ, ਕੱਪੜੇ, ਚੰਗੇ ਚੰਗੇ ਖਾਣੇ-
ਮਹਾ ਵਿਕਾਰੀ ਮਨੁੱਖ ਦੇ ਸਰੀਰ ਦੇ ਨਾਲ ਛੁਹ ਕੇ ਛੁਹ ਕੇ ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ ॥੨॥
ਹੇ ਭਾਈ! ਅਨੇਕਾਂ ਜੂਨਾਂ ਵਿਚ ਭਟਕਦਾ ਭਟਕਦਾ ਜੀਵ ਮਨੁੱਖ ਬਣਦਾ ਹੈ, ਇਹ ਸਰੀਰ ਭੀ ਇਕ ਖਿਨ ਵਿਚ ਨਾਸ ਹੋ ਜਾਣ ਵਾਲਾ ਹੈ (ਇਸ ਦਾ ਮਾਣ ਭੀ ਕਾਹਦਾ? ਇਸ ਸਰੀਰ ਵਿਚ ਭੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ)।
ਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ (ਫਿਰ) ਅਨੇਕਾਂ ਜੂਨਾਂ ਵਿਚ ਜਾ ਭਟਕਦਾ ਹੈ ॥੩॥
ਹੇ ਨਾਨਕ! ਪਰਮਾਤਮਾ ਦੀ ਕਿਰਪਾ ਨਾਲ ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਉਹਨਾਂ ਨੇ ਅਚਰਜ-ਰੂਪ ਹਰੀ ਦਾ ਨਾਮ ਜਪਿਆ,
ਉਹਨਾਂ ਦੇ ਹਿਰਦੇ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ ॥੪॥੮॥੩੮॥
(ਹੇ ਭਾਈ!) ਗੁਰੂ ਦੇ ਚਰਨ (ਉਸ ਮਨੁੱਖ ਵਾਸਤੇ) ਜਹਾਜ਼ ਬਣ ਗਏ ਜਿਸ (ਜਹਾਜ਼) ਦੀ ਰਾਹੀਂ ਉਹ ਮਨੁੱਖ (ਸੰਸਾਰ-) ਸਮੁੰਦਰ ਤੋਂ ਪਾਰ ਲੰਘ ਗਿਆ।
(ਜਿਸ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ) ਭੇਤ ਗੁਰੂ ਨੇ ਦੱਸ ਦਿੱਤਾ, ਉਸ ਨੇ (ਵਿਕਾਰਾਂ ਵਲ ਲੈ ਜਾਣ ਵਾਲੇ) ਔਝੜ ਵਿਚ (ਜੀਵਨ ਦਾ ਸਹੀ) ਰਸਤਾ ਲੱਭ ਲਿਆ ॥੧॥
ਹੇ ਭਾਈ! ਸਦਾ ਹੀ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਪਿਆਰ ਪਾ।
ਉਠਦਿਆਂ ਬੈਠਦਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕਰਿਆ ਕਰ ॥੧॥ ਰਹਾਉ ॥
(ਹੇ ਭਾਈ!) ਜਦੋਂ (ਮਨੁੱਖ) ਸਾਧ ਸੰਗਤਿ ਵਿਚ (ਜਾ ਟਿਕਦਾ ਹੈ, ਤਦੋਂ ਕਾਮਾਦਿਕ) ਪੰਜੇ ਚੋਰ ਉਸ ਦੇ ਟਾਕਰੇ ਤੋਂ ਭੱਜ ਜਾਂਦੇ ਹਨ।
ਉਸ ਦੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ (ਲੁੱਟੇ ਜਾਣ ਤੋਂ) ਬਚ ਜਾਂਦੀ ਹੈ, (ਸਗੋਂ ਉਸ ਨੂੰ ਇਸ ਨਾਮ-ਵਣਜ ਵਿਚ) ਬਹੁਤਾ ਨਫ਼ਾ ਭੀ ਪੈਂਦਾ ਹੈ, ਅਤੇ ਪਰਲੋਕ ਵਿਚ ਸੋਭਾ ਨਾਲ ਜਾਂਦਾ ਹੈ ॥੨॥
(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਉਸ ਦਾ ਹਿਰਦਾ-ਆਸਣ ਅਟੱਲ ਹੋ ਜਾਂਦਾ ਹੈ, ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਜਾਂਦੀ ਹੈ, ਕੁਰਾਹੇ ਜਾਣ ਵਾਲੀ ਆਦਤ ਦੂਰ ਹੋ ਜਾਂਦੀ ਹੈ। ਉਹ ਮਨੁੱਖ (ਵਿਕਾਰਾਂ ਦੇ ਸਾਹਮਣੇ) ਡੋਲਦਾ ਨਹੀਂ।
(ਸਾਧ ਸੰਗਤਿ ਦੀ ਬਰਕਤਿ ਨਾਲ ਹਰ ਥਾਂ) ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਕਰ ਕੇ ਉਸ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ ॥੩॥
ਪਰਮਾਤਮਾ ਗੁਣਾਂ ਦਾ ਅਥਾਹ ਸਮੁੰਦਰ ਹੈ, ਗੁਣਾਂ ਦਾ ਖ਼ਜ਼ਾਨਾ ਹੈ (ਬਿਆਨ ਕੀਤਿਆਂ) ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।
ਹੇ ਨਾਨਕ! ਪਰ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੯॥੩੯॥
(ਹੇ ਭਾਈ! ਗੁਰੂ (ਦੇ ਮਿਲਾਪ) ਤੋਂ ਬਿਨਾ ਜਿਤਨੀ ਭੀ ਉਮਰ ਗੁਜ਼ਾਰਨੀ ਹੈ, ਉਹ ਸਾਰੀ ਵਿਅਰਥ ਚਲੀ ਜਾਂਦੀ ਹੈ।
ਗੁਰੂ ਦੀ ਸੰਗਤਿ ਵਿਚ ਮਿਲਦਿਆਂ ਹੀ ਸਾਰੀਆਂ ਭਟਕਣਾ ਮਿਟ ਜਾਂਦੀਆਂ ਹਨ, (ਗੁਰੂ ਦੀ ਕਿਰਪਾ ਨਾਲ) ਅਸਾਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੧॥
(ਹੇ ਭਾਈ!) ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ, ਜਿਸ ਦਿਨ ਮੈਨੂੰ ਮੇਰੇ ਗੁਰੂ (ਪਾਤਿਸ਼ਾਹ) ਮਿਲ ਪਏ।
ਹੁਣ ਮੈਂ (ਆਪਣੇ ਗੁਰੂ ਤੋਂ) ਆਪਣਾ ਸਰੀਰ, ਆਪਣਾ ਮਨ, ਆਪਣੀ ਪਿਆਰੀ ਜਿੰਦ ਮੁੜ ਮੁੜ ਸਦਕੇ ਕਰਦਾ ਹਾਂ ॥੧॥ ਰਹਾਉ ॥
ਹੇ ਭਾਈ! (ਗੁਰੂ ਨੇ ਕਿਰਪਾ ਕਰ ਕੇ) ਮੈਥੋਂ ਅਪਣੱਤ ਇਤਨੀ ਛਡਾ ਦਿੱਤੀ ਹੈ, ਅਤੇ ਨਿੰਮ੍ਰਤਾ (ਮੇਰੇ ਹਿਰਦੇ ਵਿਚ) ਇਤਨੀ ਪੱਕੀ ਕਰ ਦਿੱਤੀ ਹੈ,
ਕਿ ਹੁਣ ਮੇਰਾ ਇਹ ਮਨ ਸਭਨਾਂ ਦੀ ਚਰਨ-ਧੂੜ ਬਣ ਗਿਆ ਹੈ, ਹਰ ਵੇਲੇ ਆਪਣੇ ਹੀ ਸੁਆਰਥ ਦਾ ਖ਼ਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ ॥੨॥
ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ ਪਰਾਈ ਨਿੰਦਾ ਦਾ ਖ਼ਿਆਲ, ਦੂਜਿਆਂ ਦਾ ਬੁਰਾ ਤੱਕਣਾ-ਇਹ ਸਭ ਕੁਝ ਇਕ ਖਿਨ ਵਿਚ ਹੀ ਸਾੜ ਦਿੱਤੇ ਹਨ।
(ਦੂਜਿਆਂ ਉਤੇ) ਦਇਆ (ਕਰਨੀ), (ਲੋੜਵੰਦਿਆਂ ਉਤੇ) ਤਰਸ (ਕਰਨਾ), ਅਤੇ (ਪਰਮਾਤਮਾ ਨੂੰ ਹਰ ਵੇਲੇ) ਆਪਣੇ ਨੇੜੇ ਵੇਖਣਾ-ਇਹ ਹਰ ਵੇਲੇ ਮੇਰੇ ਅੰਦਰ ਵੱਸਦੇ ਹਨ ॥੩॥
(ਹੇ ਭਾਈ! ਜਦੋਂ ਤੋਂ ਮੈਨੂੰ ਗੁਰੂ ਮਿਲ ਪਿਆ ਹੈ, ਉਸ ਦੀ ਮੇਹਰ ਨਾਲ) ਹੁਣ ਮੇਰਾ ਮਨ ਅਤੇ ਤਨ (ਵਿਕਾਰਾਂ ਵਲੋਂ) ਸ਼ਾਂਤ ਹੋ ਗਏ ਹਨ, ਦੁਨੀਆ ਦੇ ਮੋਹ ਤੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ।
ਹੇ ਨਾਨਕ! (ਆਖ-) ਹੁਣ ਮੇਰੀ ਲਗਨ, ਮੇਰੀ ਸੁਰਤਿ, ਮੇਰੀ ਜਿੰਦ ਪ੍ਰਭੂ ਦੇ ਦਰਸਨ ਵਿਚ ਹੀ ਮਗਨ ਹੈ, ਪ੍ਰਭੂ ਦਾ ਦਰਸਨ ਹੀ ਮੇਰੇ ਵਾਸਤੇ ਧਨ ਹੈ ॥੪॥੧੦॥੪੦॥
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ।
ਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ ॥੧॥
ਹੇ ਦਇਆ ਦੇ ਸੋਮੇ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
ਹੇ ਕਿਰਪਾ ਦੇ ਘਰ ਪ੍ਰਭੂ! (ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥