ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ॥੨॥
(ਹੇ ਭਾਈ!) ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ।
ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ॥੩॥
(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ।
ਹੇ ਦਾਸ ਨਾਨਕ! (ਆਖ-ਜੇਹੜੇ ਮਨੁੱਖ) ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੪॥੧॥੧੬੯॥
ਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
(ਹੇ ਭਾਈ!) ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ-ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥ ਰਹਾਉ ॥
(ਹੇ ਭਾਈ!) ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।
ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥
ਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ,
ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਹੇ ਮੇਰੇ ਪਾਲਣਹਾਰ ਮਾਲਕ! ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! (ਪਰ ਹੁਣ) ਮੈਂ ਤੇਰਾ ਆਸਰਾ ਲਿਆ ਹੈ ॥੨॥
(ਹੇ ਭਾਈ!) ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫ਼ਿਕਰ ਤੇ ਕਲੇਸ਼ ਮਿਟ ਜਾਂਦੇ ਹਨ।
ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ, ਉਸ ਨੂੰ (ਸੋਗ-ਸੰਤਾਪ ਆਦਿਕ ਦਾ) ਸੇਕ ਨਹੀਂ ਪੋਹ ਸਕਦਾ ॥੩॥
(ਹੇ ਭਾਈ!) ਗੁਰੂ ਨਾਰਾਇਣ ਦਾ ਰੂਪ ਹੈ, ਗੁਰੂ ਸਭ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ, ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।
ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਗੁਰੂ ਤੋਂ ਸਦਕੇ ਹਾਂ ॥੪॥੨॥੧੭੦॥
(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ-
ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
(ਹੇ ਭਾਈ!) ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ।
(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾਏ ॥੧॥
ਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ,
(ਹੇ ਭਾਈ!) ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
(ਹੇ ਭਾਈ! ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ) ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
ਗੁਰੂ ਦੀ ਸੰਗਤਿ ਵਿਚ ਮਿਲ ਕੇ (ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ ॥੩॥
ਗੋਪਾਲ-ਪ੍ਰਭੂ ਦੀ ਸਿਫ਼ਤ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਜਪ ਕੇ (ਸੰਤ ਜਨ ਵਿਕਾਰਾਂ ਤੋਂ) ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ॥੪॥੩॥੧੭੧॥
ਹੇ ਮੇਰੀ ਜਿੰਦੇ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ, ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਿਹਾਂ ਉਸ ਮਨੁੱਖ ਨੂੰ ਭੀ (ਹਰ ਥਾਂ) ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ॥੧॥ ਰਹਾਉ ॥
(ਹੇ ਮੇਰੀ ਜਿੰਦੇ! ਹਰੀ ਦੇ ਮਿਠੇ ਗੁਣਾਂ ਦੇ ਟਾਕਰੇ ਤੇ ਦੁਨੀਆ ਵਾਲੇ) ਸਾਰੇ ਸੁਆਦ ਫਿੱਕੇ ਹਨ, (ਇਹਨਾਂ ਸੁਆਦਾਂ ਵਿਚ ਪਿਆਂ) ਸਰੀਰ (ਹਰੇਕ ਗਿਆਨ-ਇੰਦ੍ਰਾ) ਫਿੱਕਾ (ਰੁੱਖਾ) ਹੋ ਜਾਂਦਾ ਹੈ, ਮਨ ਰੁੱਖਾ ਹੋ ਜਾਂਦਾ ਹੈ।
ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਭੀ ਕਰਦਾ ਹੈ, ਉਸ ਨਾਲ ਜ਼ਿੰਦਗੀ ਫਿਟਕਾਰ-ਜੋਗ ਹੋ ਜਾਂਦੀ ਹੈ ॥੧॥
(ਹੇ ਮੇਰੀ ਜਿੰਦੇ!) ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ-(ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ।
(ਹੇ ਜਿੰਦੇ!) ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ। (ਜੇਹੜਾ ਮਨੁੱਖ ਆਰਾਧਨ ਕਰਦਾ ਹੈ, ਉਸ ਦਾ) ਸਾਰਾ ਪਰਵਾਰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਬਚ ਨਿਕਲਦਾ ਹੈ ॥੨॥
(ਹੇ ਮੇਰੀ ਜਿੰਦੇ!) ਜੇਹੜਾ ਗੁਰਮੁਖ ਪਰਮਾਤਮਾ ਦਾ ਨਾਮ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ,
(ਕਿਉਂਕਿ ਉਹ ਸਾਡੇ ਅੰਦਰੋਂ) ਸਾਰੇ ਔਗੁਣ ਦੂਰ ਕਰ ਕੇ (ਸਾਡੇ ਉਤੇ) ਭਲਾਈ ਕਰਦਾ ਹੈ ॥੩॥
(ਹੇ ਮੇਰੀ ਜਿੰਦੇ!) ਪਰਮਾਤਮਾ ਦੇ ਚਰਨ ਹੀ (ਸਾਰੇ ਪਦਾਰਥਾਂ ਦੇ) ਖ਼ਜ਼ਾਨੇ ਹਨ (ਜੀਵ ਦੇ ਨਾਲ ਨਿਭਣ ਵਾਲਾ) ਮਾਲ ਹੈ, ਖ਼ਜ਼ਾਨਾ ਹੈ (ਜੀਵ ਦੇ ਵਾਸਤੇ ਅਸਲੀ) ਵੱਸੋਂ ਹੈ ਤੇ ਘਰ ਹੈ।
ਹੇ ਪ੍ਰਭੂ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ-ਵਜੋਂ ਮੰਗਦਾ ਹੈ ॥੪॥੪॥੧੭੨॥