(ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁਝ ਮਰਦਾ ਹੈ ਨਾਹ ਜੰਮਦਾ ਹੈ ॥੨॥
ਮਨੁੱਖਾ-ਸਰੀਰ (ਮਾਨੋ,) ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ,
ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ (ਕਿਤੇ ਤਾਂ) ਰਸ ਭੋਗ ਰਿਹਾ ਹੈ,
(ਕਿਤੇ) ਆਪ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ।
ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।
ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਮਾਇਕ ਰਸ-ਰੂਪ) ਸਾਰੇ ਵਿਛੋੜੇ (ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ) ਦੂਰ ਹੋ ਜਾਂਦੇ ਹਨ ॥੧੩॥
ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤ-ਸਾਲਾਹ ਕਰਾਂਦਾ ਹੈ),
ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੈ,
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।
ਹੇ ਨਾਨਕ! (ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ॥੧॥
ਗੁਰੂ ਦੇ ਸ਼ਬਦ ਦੁਆਰਾ 'ਵਾਹੁ ਵਾਹੁ' ਆਖਦੀ ਜੀਭ ਸੋਹਣੀ ਲੱਗਦੀ ਹੈ,
ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ।
ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ 'ਵਾਹੁ ਵਾਹੁ' ਅਖਵਾਉਂਦਾ ਹੈ,
ਜੋ ਮਨੁੱਖ 'ਵਾਹੁ ਵਾਹੁ' ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ।
ਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ॥੨॥
ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ,
ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ।
ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ,
(ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ।
ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ ॥੧੪॥
ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ (ਮਨੁੱਖਾ ਜਨਮ-ਰੂਪ) ਰਾਤ ਸੁਖੀ ਗੁਜ਼ਰਦੀ ਹੈ,
ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸਦਾ ਮੌਜ ਬਣੀ ਰਹਿੰਦੀ ਹੈ, ਹੇ ਮੇਰੀ ਮਾਂ!
ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨਾਲ ਸੁਰਤਿ ਜੁੜਦੀ ਹੈ,
ਪਰ, ਕੋਈ ਵਿਰਲਾ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦਾ ਪ੍ਰੇਰਿਆ ਹੋਇਆ 'ਵਾਹੁ ਵਾਹੁ' ਦੀ ਬਾਣੀ ਉਚਾਰਦਾ ਹੈ।
ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸੋਭਾ ਮਿਲਦੀ ਹੈ,
ਤੇ, ਹੇ ਨਾਨਕ! ਇਹ ਸਿਫ਼ਤ-ਸਾਲਾਹ (ਮਨੁੱਖ ਨੂੰ) ਪ੍ਰਭੂ ਦੀ ਰਜ਼ਾ ਵਿਚ ਜੋੜੀ ਰੱਖਦੀ ਹੈ ॥੧॥
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭੂ (ਦਾ ਰੂਪ ਹੀ) ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਨੇ ਭਾਲ ਕੇ ਲੱਭ ਲਈ ਹੈ,
ਗੁਰੂ ਦੇ ਸ਼ਬਦ ਦੀ ਰਾਹੀਂ ਉਹ 'ਵਾਹੁ ਵਾਹੁ' ਆਖਦਾ ਹੈ ਤੇ ਹਿਰਦੇ ਨਾਲ (ਪਰੋ ਕੇ ਰੱਖਦਾ ਹੈ)।
ਗੁਰਮੁਖਾਂ ਨੇ ਸੁਤੇ ਹੀ ਭਾਲ ਕਰ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨੂੰ ਲੱਭ ਲਿਆ ਹੈ।
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲਦੇ ਹਨ ॥੨॥
ਹੇ ਬਹੁਤ ਲੋਭੀ ਮਨ, ਤੂੰ ਸਦਾ ਲੋਭ ਵਿਚ ਪਇਆ ਰਹਿਨਾ?
ਮੋਹਣੀ ਮਾਇਆ ਦੀ ਚਾਹ ਦੇ ਕਾਰਨ ਤੂੰ ਦਸੀਂ ਪਾਸੀਂ ਭਉਂਦਾ ਫਿਰਦਾ ਹੈਂ।
ਹੇ ਮਨਮੁਖ (ਮਨ!) ਦਰਗਾਹ ਵਿਚ ਵੱਡਾ ਨਾਮ ਤੇ ਉੱਚੀ ਜਾਤ ਕੰਮ ਨਹੀਂ ਜਾਂਦੇ, (ਇਹਨਾਂ ਵਿਚ ਭੁੱਲਾ ਹੋਇਆ) ਦੁੱਖ ਭੋਗੇਂਗਾ;
ਜੀਭ ਨਾਲ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਤੇ ਫਿੱਕਾ (ਭਾਵ, ਮਾਇਆ ਸੰਬੰਧੀ ਬਚਨ ਹੀ) ਬੋਲਦਾ ਹੈਂ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਅੰਮ੍ਰਿਤ ਚਖਿਆ ਹੈ ਉਹ ਰੱਜ ਗਏ ਹਨ ॥੧੫॥
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਤੇ ਵੱਡੇ ਜਿਗਰੇ ਵਾਲਾ ਹੈ,
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ (ਆਪਣੇ ਭਗਤਾਂ ਨੂੰ) ਗੁਣ ਬਖ਼ਸ਼ਣ ਵਾਲਾ ਹੈ ਤੇ ਅਡੋਲ ਮੱਤ ਵਾਲਾ ਹੈ,