ਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ॥੩॥੧॥
ਹੇ ਪ੍ਰਭੂ! ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਸੰਸਾਰ-ਸਮੁੰਦਰ ਦੀਆਂ ਇਹਨਾਂ ਲਹਿਰਾਂ ਵਿਚ) ਮੇਰਾ ਸਰੀਰ ਡੁੱਬਦਾ ਜਾ ਰਿਹਾ ਹੈ ॥੧॥
ਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ, ਹੇ ਬੀਠਲ ਪਿਤਾ! ਹੇ ਗੋਬਿੰਦ! (ਮੈਨੂੰ ਪਾਰ ਲੰਘਾ ਲੈ) ॥੧॥ ਰਹਾਉ ॥
ਹੇ ਬੀਠਲ! (ਮੇਰੀ ਜ਼ਿੰਦਗੀ ਦੀ) ਬੇੜੀ ਝੱਖੜ ਵਿਚ (ਫਸ ਗਈ ਹੈ); ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ ॥੨॥
ਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ ਹੇ ਕੇਸ਼ਵ! (ਇਸ ਸਮੁੰਦਰ ਵਿਚੋਂ) ਪਾਰ ਲੰਘਾ ॥੩॥
(ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ-(ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ ॥੪॥੨॥
(ਜਿਵੇਂ) ਪਹਿਲਾਂ (ਭਾਵ, ਅੱਗੇ ਅੱਗੇ) ਮੈਲੇ ਕੱਪੜਿਆਂ ਨਾਲ ਲੱਦੀ ਹੋਈ ਗੱਡੀ ਸਹਿਜੇ ਸਹਿਜੇ ਤੁਰੀ ਜਾਂਦੀ ਹੈ,
ਅਤੇ ਪਿੱਛੇ ਪਿੱਛੇ (ਧੋਬਣ) ਸੋਟੀ ਲੈ ਕੇ ਹਿੱਕਦੀ ਜਾਂਦੀ ਹੈ; (ਤਿਵੇਂ ਪਹਿਲਾਂ ਇਹ ਆਲਸੀ ਸਰੀਰ ਸਹਿਜੇ ਸਹਿਜੇ ਟੁਰਦਾ ਹੈ, ਪਰ 'ਲਾਡੁਲੀ' ਇਸ ਨੂੰ ਪ੍ਰੇਮ ਆਦਿਕ ਨਾਲ ਪ੍ਰੇਰਦੀ ਹੈ) ॥੧॥
ਜਿਵੇਂ (ਧੋਬਣ) (ਉਸ ਗੱਡੀ ਨੂੰ) ਪਾਣੀ ਦੇ ਘਾਟ ਵਲ 'ਥ੍ਰੂਟਿਟਿ' ਆਖ ਆਖ ਕੇ ਹਿੱਕਦੀ ਹੈ,
ਅਤੇ ਸਰ ਉੱਤੇ (ਧੋਬੀ ਦੀ) ਲਾਡਲੀ (ਇਸਤ੍ਰੀ) (ਕੱਪੜੇ) ਧੋਣ ਲਈ ਜਾਂਦੀ ਹੈ, ਤਿਵੇਂ ਪ੍ਰੇਮਣ (ਜੀਵ-ਇਸਤ੍ਰੀ) ਸਤਸੰਗ ਸਰੋਵਰ ਉੱਤੇ (ਮਨ ਨੂੰ) ਧੋਣ ਲਈ ਜਾਂਦੀ ਹੈ ॥੧॥ ਰਹਾਉ ॥
ਪਿਆਰ ਵਿਚ ਰੰਗਿਆ ਹੋਇਆ ਧੋਬੀ (-ਗੁਰੂ ਸਰੋਵਰ ਤੇ ਆਈਆਂ ਜਗਿਆਸੂ-ਇਸਤ੍ਰੀਆਂ ਦੇ ਮਨ) ਪਵਿੱਤਰ ਕਰ ਦੇਂਦਾ ਹੈ;
(ਉਸੇ ਗੁਰੂ-ਧੋਬੀ ਦੀ ਮਿਹਰ ਦਾ ਸਦਕਾ) ਮੇਰਾ ਮਨ (ਭੀ) ਅਕਾਲ ਪੁਰਖ ਦੇ ਚਰਨਾਂ ਵਿਚ ਰੰਗਿਆ ਗਿਆ ਹੈ ॥੨॥
ਨਾਮਦੇਵ ਆਖਦਾ ਹੈ ਕਿ ਉਹ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ,
ਅਤੇ ਆਪਣੇ ਭਗਤਾਂ ਉੱਤੇ (ਇਸੇ ਤਰ੍ਹਾਂ, ਭਾਵ, ਗੁਰੂ ਦੀ ਰਾਹੀਂ) ਮਿਹਰ ਕਰਦਾ ਰਹਿੰਦਾ ਹੈ ॥੩॥੩॥
ਰਾਗ ਬਸੰਤੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਕਾਇਆਂ!) ਤੈਨੂੰ ਕੁਝ ਭੀ ਸੁਰਤ ਨਹੀਂ ਰਹੀ,
ਤੂੰ ਆਪਣਾ ਠਾਠ ਵੇਖ ਕੇ ਆਕੜਦੀ ਹੈਂ।
(ਵੇਖ) ਅਹੰਕਾਰਨ ਦਾ ਕੋਈ ਥਾਂ ਨਹੀਂ (ਹੁੰਦਾ),
ਤੇਰੇ ਮੰਦੇ ਦਿਨ ਆਏ ਹੋਏ ਹਨ (ਕਿ ਤੂੰ ਝੂਠਾ ਮਾਣ ਕਰ ਰਹੀ ਹੈਂ) ॥੧॥
ਹੇ ਮੇਰੀ ਕਮਲੀ ਕਾਇਆਂ! ਤੂੰ ਕਿਉਂ ਮਾਣ ਕਰਦੀ ਹੈਂ?
ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ ਜੋ ਭਾਦਰੋਂ ਵਿਚ (ਉੱਗਦੀ ਹੈ) ॥੧॥ ਰਹਾਉ ॥
(ਹੇ ਕਾਇਆਂ!) ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਸ ਦੇ ਆਪਣੇ ਸਰੀਰ ਵਿਚੋਂ (ਆਉਂਦੀ ਹੈ),
ਪਰ ਉਹ ਪਰਦੇਸ ਢੂੰਢਦਾ ਫਿਰਦਾ ਹੈ (ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਸੁਖਾਂ ਦਾ ਮੂਲ-ਪ੍ਰਭੂ ਤੇਰੇ ਆਪਣੇ ਅੰਦਰ ਹੈ)।
ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ (ਕਿ ਇਹ ਸਦਾ-ਥਿਰ ਰਹਿਣ ਵਾਲਾ ਨਹੀਂ),
ਉਸ ਨੂੰ ਜਮਦੂਤ ਖ਼ੁਆਰ ਨਹੀਂ ਕਰਦਾ ॥੨॥
(ਹੇ ਕਾਇਆਂ!) ਤੂੰ ਪੁੱਤਰ ਤੇ ਵਹੁਟੀ ਦਾ ਮਾਣ ਕਰਦੀ ਹੈਂ,
(ਤੇ ਪ੍ਰਭੂ ਨੂੰ ਭੁਲਾ ਬੈਠੀ ਹੈਂ, ਚੇਤਾ ਰੱਖ) ਮਾਲਕ-ਪ੍ਰਭੂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ,
(ਭਾਵ), ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ।
(ਹੇ ਕਾਇਆਂ! ਜਿੰਦ ਦੇ ਨਿਕਲ ਜਾਣ ਪਿੱਛੋਂ) ਤੂੰ ਕਿਸ ਨੂੰ 'ਪਿਆਰਾ, ਪਿਆਰਾ' ਆਖ ਕੇ ਵਾਜਾਂ ਮਾਰੇਂਗੀ? ॥੩॥
(ਹੇ ਕਾਇਆਂ!) ਜੇ ਤੂੰ ਗੁਰੂ ਦਾ ਆਸਰਾ ਲਏਂ,
ਤੇਰੇ ਕ੍ਰੋੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ।
ਰਵਿਦਾਸ ਆਖਦਾ ਹੈ ਕਿ ਜੋ ਮਨੁੱਖ ਨਾਮ ਜਪਦਾ ਹੈ,
ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ॥੪॥੧॥
ਰਾਗ ਬਸੰਤੁ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਕੁੱਤੇ!) ਗਾਂ ਵਰਗੀ ਤੇਰੀ ਤੋਰ ਹੈ,
ਤੇਰੀ ਪੂਛਲ ਉੱਤੇ ਵਾਲ ਭੀ ਸੁਹਣੇ ਚਮਕਦੇ ਹਨ (ਹੇ ਕੁੱਤਾ-ਸੁਭਾਉ ਜੀਵ! ਸ਼ਰੀਫ਼ਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਹੈ) ॥੧॥
(ਹੇ ਕੁੱਤੇ ਦੇ ਸੁਭਾਉ ਵਾਲੇ ਜੀਵ!) ਜੋ ਕੁਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ।
ਕਿਸੇ ਬਿਗਾਨੇ ਮਾਲ ਦੀ ਲਾਲਸਾ ਨਾਹ ਕਰਨੀ। {ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥} ॥੧॥ ਰਹਾਉ ॥
(ਹੇ ਕੁੱਤੇ!) ਤੂੰ ਚੱਕੀ ਚੱਟਦਾ ਹੈਂ, ਤੇ ਆਟਾ ਖਾਂਦਾ ਹੈਂ,
ਪਰ (ਜਾਂਦਾ ਹੋਇਆ) ਪਰੋਲਾ ਕਿੱਥੇ ਲੈ ਜਾਇਂਗਾ? (ਹੇ ਜੀਵ! ਜਿਹੜੀ ਮਾਇਆ ਰੋਜ਼ ਵਰਤਦਾ ਹੈਂ ਇਹ ਤਾਂ ਭਲਾ ਵਰਤੀ; ਪਰ ਜੋੜ ਜੋੜ ਕੇ ਆਖ਼ਰ ਨਾਲ ਕੀਹ ਲੈ ਜਾਇਂਗਾ?) ॥੨॥
(ਹੇ ਸੁਆਨ!) ਤੂੰ ਛਿੱਕੇ ਵਲ ਬੜਾ ਤੱਕ ਰਿਹਾ ਹੈਂ,
ਵੇਖੀਂ, ਕਿਤੇ ਲੱਕ ਉੱਤੇ ਕਿਤੋਂ ਸੋਟਾ ਨਾਹ ਵੱਜੇ। (ਜੇ ਜੀਵ! ਬਿਗਾਨੇ ਘਰਾਂ ਵਲ ਤੱਕਦਾ ਹੈਂ; ਇਸ ਵਿਚੋਂ ਉਪਾਧੀ ਹੀ ਨਿਕਲੇਗੀ) ॥੩॥
ਕਬੀਰ ਆਖਦਾ ਹੈ ਕਿ (ਹੇ ਸੁਆਨ!) ਤੂੰ ਬਥੇਰਾ ਕੁਝ ਖਾਧਾ ਉਜਾੜਿਆ ਹੈ,
ਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾਹ ਮਾਰ ਦੇਵੇ। (ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿਚ ਹੀ ਰੁੱਝਾ ਪਿਆ ਹੈਂ, ਇਹਨਾਂ ਦਾ ਅੰਤ ਖ਼ੁਆਰੀ ਹੀ ਹੁੰਦਾ ਹੈ) ॥੪॥੧॥