ਸਰੀਰ ਤਾਂ ਗ੍ਯਾਨਹੀਣ ਮਿੱਟੀ ਹੈ, ਆਖ਼ਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ।
ਮੈਂ ਮਾਇਆ ਦੇ ਮੋਹ ਵਿਚ ਫਸਿਆ ਮੁੜ ਮੁੜ ਜਨਮ ਮਰਨ ਵਿਚ ਪਿਆ ਰਿਹਾ;
ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ ॥੧॥
ਪਰਮਾਤਮਾ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ, ਹੋਰ ਧਨ ਕਦੇ ਮਿਲਿਆ ਤੇ ਕਦੇ ਨਾਸ ਹੋ ਗਿਆ;
ਇਸ ਧਨ ਵਲ ਕੋਈ ਚੋਰ ਅੱਖ ਚੁੱਕ ਕੇ ਨਹੀਂ ਵੇਖ ਸਕਦਾ, ਕੋਈ ਗੰਢ-ਕੱਪ ਇਸ ਨੂੰ ਖੋਹ ਨਹੀਂ ਸਕਦਾ।
ਪਰਮਾਤਮਾ ਦਾ ਨਾਮ-ਰੂਪ ਇਹ ਧਨ ਜਿੰਦ ਦੇ ਨਾਲ ਹੀ ਰਹਿੰਦਾ ਹੈ ਜਿੰਦ ਦੇ ਨਾਲ ਹੀ ਜਾਂਦਾ ਹੈ,
ਇਹ ਧਨ ਪੂਰੇ ਗੁਰੂ ਤੋਂ ਮਿਲਦਾ ਹੈ, ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਨਹੀਂ ਲੱਭਦਾ।
ਹੇ ਨਾਨਕ! ਭਾਗਾਂ ਵਾਲੇ ਹਨ ਉਹ ਵਣਜਾਰੇ, ਜਿਨ੍ਹਾਂ ਜਗਤ ਵਿਚ ਆ ਕੇ ਪਰਮਾਤਮਾ ਦਾ ਨਾਮ ਰੂਪ ਧਨ ਖੱਟਿਆ ਹੈ ॥੨॥
ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ,
ਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ।
ਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ,
ਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ ॥੭॥
ਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ,
ਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ।
ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।
ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
ਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ ॥੧॥
ਆਪ-ਹੁਦਰਾ ਮਨੁੱਖ (ਮਾਨੋ) ਉਲਟਾ ਕਉਲ-ਫੁੱਲ ਹੈ, ਇਸ ਵਿਚ ਨਾ ਭਗਤੀ ਹੈ ਤੇ ਨਾ ਸਿਮਰਨ,
ਇਹ ਮਾਇਆ ਦੇ ਅਸਰ ਹੇਠ ਹੀ ਕਾਰ ਵਿਹਾਰ ਕਰਦਾ ਹੈ, ਕੂੜ (ਮਾਇਆ) ਹੀ ਇਸ ਦਾ ਪ੍ਰਯੋਜਨ (ਜ਼ਿੰਦਗੀ ਦਾ ਨਿਸ਼ਾਨਾ) ਹੈ,
ਆਪ-ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ, ਚਿੱਤ ਰੱਜਦਾ ਨਹੀਂ, ਮੂੰਹੋਂ ਭੀ ਫਿੱਕਾ ਬੋਲ ਹੀ ਬੋਲਦਾ ਹੈ।
ਐਸੇ ਬੰਦੇ ਧਰਮ ਵਿਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖ਼ੁਦਗ਼ਰਜ਼ੀ ਹੈ।
ਹੇ ਨਾਨਕ! ਕਰਤਾਰ ਨੇ ਐਸੀ ਖੇਡ ਰਚੀ ਹੈ ਕਿ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ ਬੋਲ ਕੇ ਗ਼ਰਕ ਹੁੰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਮ ਜਪ ਕੇ (ਸ਼ਕਤੀ ਦੇ ਹੜ੍ਹ ਵਿਚੋਂ) ਤਰ ਜਾਂਦੇ ਹਨ ॥੨॥
(ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ', ਮਨੁੱਖ ਨੂੰ) ਜਨਮ ਮਰਨ ਦਾ ਲੰਮਾ ਚੱਕਰ ਲਾਣਾ ਪੈਂਦਾ ਹੈ,
ਮਨੁੱਖ ਮੁੜ ਮੁੜ ਜੰਮਦਾ ਮਰਦਾ ਹੈ, ਗੁਰੂ ਦੀ ਸੇਵਾ (ਸਾਰੀ ਉਮਰ ਹੀ) ਨਹੀਂ ਕਰਦਾ (ਭਾਵ, ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ) ਆਖ਼ਰ (ਮਰਨ ਵੇਲੇ) ਹੱਥ ਮਲਦਾ ਜਾਂਦਾ ਹੈ।
ਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਅੰਦਰੋਂ ਆਪਾ-ਭਾਵ ਦੂਰ ਹੁੰਦਾ ਹੈ,
ਮਾਇਆ ਦੀ ਤ੍ਰਿਸਨਾ ਭੁੱਖ ਵਿਚੋਂ ਉਤਰਦੀ ਹੈ, ਮਨ ਵਿਚ ਸੁਖ ਆ ਵੱਸਦਾ ਹੈ,
ਤੇ ਸੁਰਤਿ ਜੋੜ ਕੇ ਸਦਾ ਹਿਰਦੇ ਵਿਚ ਪ੍ਰਭੂ ਸਿਮਰਿਆ ਜਾ ਸਕਦਾ ਹੈ ॥੮॥
ਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ,
ਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ,
'ਨਾਮ' ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ,
ਤਦ 'ਨਾਮ' ਹੀ ਖ਼ੁਰਾਕ ਤੇ ਪੁਸ਼ਾਕ ਬਣ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ ॥੧॥
ਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ;