ਹੇ ਭਾਈ! ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ।
(ਘੰਡੇਹੇੜੇ ਦੀ) ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ ॥੨॥
(ਹੇ ਭਾਈ! ਇਸੇ ਤਰ੍ਹਾਂ) ਮਨੁੱਖ (ਆਪਣਾ) ਪਰਵਾਰ ਵੇਖ ਕੇ (ਮਾਇਆ ਦੇ) ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ।
(ਮਾਇਆ ਦੇ ਮੋਹ ਵਿਚ) ਬਹੁਤ ਮਗਨ ਰਹਿੰਦਾ ਹੈ, (ਮਾਇਆ ਨੂੰ) ਆਪਣੀ ਬਣਾ ਲੈਂਦਾ ਹੈ (ਇਹ ਨਹੀਂ ਸਮਝਦਾ ਕਿ ਆਖ਼ਰ) ਉਸ ਨੇ ਜ਼ਰੂਰ (ਸਭ ਕੁਝ) ਛੱਡ ਕੇ ਇਥੋਂ ਚਲੇ ਜਾਣਾ ਹੈ ॥੩॥
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ।
ਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਹੀ ਸਮਝ ਦਿੱਤੀ ਹੈ ਕਿ ਪਰਮਾਤਮਾ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੨॥
(ਹੇ ਭਾਈ! ਸਾਧ ਸੰਗਤਿ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ, (ਜਿਸ ਕਰਕੇ) ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਿਆ,
ਤੇ ਗੁਰੂ ਦੀ ਚਰਨੀਂ ਲਾ ਕੇ ਮਨ ਤੋਂ ਸਾਰਾ ਝਗੜਾ-ਝੰਬੇਲਾ ਲਹਿ ਗਿਆ ॥੧॥
ਹੇ ਭਾਈ! ਸਾਧ ਸੰਗਤਿ ਵਿਚ ਆ ਕੇ ਮੈਂ ਪਰਾਈ ਆਸ ਛੱਡ ਦਿੱਤੀ।
ਹਉਮੈ, ਮਾਇਆ ਦੇ ਮੋਹ, ਮਨ ਦੀ ਵਾਸਨਾ-ਇਹਨਾਂ ਸਭਨਾਂ ਨੂੰ ਟੋਆ ਪੁੱਟ ਕੇ ਨੱਪ ਦਿੱਤਾ (ਸਦਾ ਲਈ ਦੱਬ ਦਿੱਤਾ) ॥੧॥ ਰਹਾਉ ॥
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ।
ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ॥੨॥
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ।
ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ॥੩॥
(ਹੇ ਭਾਈ! ਸਾਧ ਸੰਗਤਿ ਦੀ ਕਿਰਪਾ ਨਾਲ ਮੇਰੇ ਮਨ ਦਾ) ਢੀਠ-ਪੁਣਾ ਮੁੱਕ ਗਿਆ ਹੈ, ਮੇਰੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਵੱਸਿਆ ਹੈ, ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ।
ਹੇ ਨਾਨਕ! (ਆਖ-ਹੇ ਭਾਈ!) ਹੁਣ ਮੈਂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਸਭ ਥਾਂ ਵੱਸਣ ਵਾਲੇ ਸੋਹਣੇ ਰਾਮ ਨੂੰ ਵੇਖ ਲਿਆ ਹੈ ॥੪॥੩॥
ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ,
ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ ॥੧॥
ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ,
(ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ।
ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ॥੨॥
(ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ।
(ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ॥੩॥
ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ।
ਨਾਨਕ ਆਖਦਾ ਹੈ- (ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ ॥੪॥੪॥
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ।
ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥
ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ।
(ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ਰਹਾਉ॥
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ,
ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ।