ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1131


ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥੨॥

ਜਿਸ ਮਨੁੱਖ ਨੂੰ (ਸ਼ਬਦ ਦੀ ਲਗਨ ਲਾ ਕੇ ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ, ਸਦਾ ਹਰਿ-ਨਾਮ ਵਿਚ ਟਿਕੇ ਰਹਿਣ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੨॥

ਸਤਿਗੁਰੁ ਭੇਟੈ ਤਾ ਫਲੁ ਪਾਏ ਸਚੁ ਕਰਣੀ ਸੁਖ ਸਾਰੁ ॥

ਸਦਾ-ਥਿਰ ਹਰਿ-ਨਾਮ ਦਾ ਸਿਮਰਨ ਹੀ (ਅਸਲ) ਕਰਤੱਬ ਹੈ, (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਸੁਖ ਹੈ, ਪਰ ਇਹ (ਹਰਿ-ਨਾਮ-ਸਿਮਰਨ) ਫਲ ਮਨੁੱਖ ਨੂੰ ਤਦੋਂ ਹੀ ਮਿਲਦਾ ਹੈ ਜਦੋਂ ਇਸ ਨੂੰ ਗੁਰੂ ਮਿਲਦਾ ਹੈ।

ਸੇ ਜਨ ਨਿਰਮਲ ਜੋ ਹਰਿ ਲਾਗੇ ਹਰਿ ਨਾਮੇ ਧਰਹਿ ਪਿਆਰੁ ॥੩॥

ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦੇ ਹਨ, ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੇ ਹਨ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੩॥

ਤਿਨ ਕੀ ਰੇਣੁ ਮਿਲੈ ਤਾਂ ਮਸਤਕਿ ਲਾਈ ਜਿਨ ਸਤਿਗੁਰੁ ਪੂਰਾ ਧਿਆਇਆ ॥

ਜਿਹੜੇ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਂਦੇ ਹਨ, ਜੇ ਮੈਨੂੰ ਉਹਨਾਂ ਦੀ ਚਰਨ-ਧੂੜ ਮਿਲ ਜਾਏ, ਤਾਂ ਉਹ ਧੂੜ ਮੈਂ ਆਪਣੇ ਮੱਥੇ ਉਤੇ ਲਾਵਾਂ।

ਨਾਨਕ ਤਿਨ ਕੀ ਰੇਣੁ ਪੂਰੈ ਭਾਗਿ ਪਾਈਐ ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥

ਹੇ ਨਾਨਕ! ਜਿਹੜੇ ਮਨੁੱਖ ਸਦਾ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੪॥੩॥੧੩॥

ਭੈਰਉ ਮਹਲਾ ੩ ॥

ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ, ਉਹ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਅਡੋਲ-ਚਿੱਤ ਹੋ ਜਾਂਦਾ ਹੈ।

ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥੧॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਜਿਹੜੇ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹਨਾਂ ਦੇ ਸਰੀਰ ਵਿਚ ਕੋਈ (ਵਿਕਾਰ-) ਦੁੱਖ ਪੈਦਾ ਨਹੀਂ ਹੁੰਦਾ ॥੧॥

ਭਗਤੁ ਭਗਤੁ ਕਹੈ ਸਭੁ ਕੋਈ ॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।

ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥

ਪੂਰੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ) ਉਹ ਪਰਮਾਤਮਾ ਮਿਲਦਾ ਹੈ, (ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਸ ਬਾਰੇ) ਹਰ ਕੋਈ ਆਖਦਾ ਹੈ ਕਿ ਇਹ ਭਗਤ ਹੈ ਭਗਤ ਹੈ ॥੧॥ ਰਹਾਉ ॥

ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਪਣਾ) ਸਰਮਾਇਆ (ਹੀ) ਗਵਾ ਲੈਂਦੇ ਹਨ, ਪਰ ਮੰਗਦੇ ਹਨ (ਆਤਮਕ) ਲਾਭ। (ਦੱਸੋ, ਉਹਨਾਂ ਨੂੰ) ਖੱਟੀ ਕਿਵੇਂ ਹੋ ਸਕਦੀ ਹੈ? ਲਾਭ ਕਿਥੋਂ ਮਿਲੇ?

ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ ॥੨॥

ਆਤਮਕ ਮੌਤ ਸਦਾ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ। ਮਾਇਆ ਦੇ ਪਿਆਰ ਵਿਚ (ਫਸ ਕੇ ਉਹਨਾਂ ਨੇ ਲੋਕ ਪਰਲੋਕ ਦੀ) ਇੱਜ਼ਤ ਗਵਾ ਲਈ ਹੁੰਦੀ ਹੈ ॥੨॥

ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ॥

ਜਿਹੜੇ ਮਨੁੱਖ ਕਈ (ਧਾਰਮਿਕ) ਭੇਖ ਕਰ ਕੇ ਦਿਨ ਰਾਤ (ਥਾਂ ਥਾਂ) ਭੌਂਦੇ ਫਿਰਦੇ ਹਨ (ਉਹਨਾਂ ਨੂੰ ਆਪਣੇ ਇਸ ਤਿਆਗ ਦੀ ਹਉਮੈ ਹੋ ਜਾਂਦੀ ਹੈ, ਉਹਨਾਂ ਦਾ ਇਹ) ਹਉਮੈ ਦਾ ਰੋਗ ਦੂਰ ਨਹੀਂ ਹੁੰਦਾ।

ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥੩॥

(ਤੇ, ਜਿਹੜੇ ਪੰਡਿਤ ਆਦਿਕ ਲੋਕ ਵੇਦ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਫਿਰ ਆਪੋ ਵਿਚ) ਮਿਲ ਕੇ ਬਹਸ ਕਰਦੇ ਹਨ ਚਰਚਾ ਕਰਦੇ ਹਨ ਉਹਨਾਂ ਨੇ ਭੀ ਮਾਇਆ ਦੇ ਮੋਹ ਦੇ ਕਾਰਨ (ਆਤਮਕ ਜੀਵਨ ਵਲੋਂ ਆਪਣੀ) ਹੋਸ਼ ਗਵਾ ਲਈ ਹੁੰਦੀ ਹੈ ॥੩॥

ਸਤਿਗੁਰੁ ਸੇਵਹਿ ਪਰਮ ਗਤਿ ਪਾਵਹਿ ਨਾਮਿ ਮਿਲੈ ਵਡਿਆਈ ॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, (ਪਰਮਾਤਮਾ ਦੇ) ਨਾਮ ਵਿਚ ਜੁੜੇ ਰਹਿਣ ਕਰਕੇ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।

ਨਾਨਕ ਨਾਮੁ ਜਿਨਾ ਮਨਿ ਵਸਿਆ ਦਰਿ ਸਾਚੈ ਪਤਿ ਪਾਈ ॥੪॥੪॥੧੪॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਿਆ, ਉਹਨਾਂ ਨੇ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਖੱਟ ਲਈ ॥੪॥੪॥੧੪॥

ਭੈਰਉ ਮਹਲਾ ੩ ॥

ਮਨਮੁਖ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰੋਂ (ਹੋਰ ਹੋਰ ਮਾਇਆ ਜੋੜਨ ਦੀ) ਲਾਲਸਾ ਦੂਰ ਨਹੀਂ ਹੁੰਦੀ। ਮਾਇਆ ਦੇ ਪਿਆਰ ਵਿਚ ਉਹ ਸਹੀ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ।

ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥੧॥

ਨਦੀ ਵਾਂਗ ਉਹਨਾਂ ਦਾ ਪੇਟ (ਮਾਇਆ ਨਾਲ) ਕਦੇ ਰੱਜਦਾ ਨਹੀਂ। ਤ੍ਰਿਸ਼ਨਾ ਦੀ ਅੱਗ ਉਹਨਾਂ ਨੂੰ ਸਾੜਦੀ ਰਹਿੰਦੀ ਹੈ ॥੧॥

ਸਦਾ ਅਨੰਦੁ ਰਾਮ ਰਸਿ ਰਾਤੇ ॥

ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ।

ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥

(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ) ਮਨ ਵਿਚ ਮੇਰ-ਤੇਰ ਟਿਕੀ ਰਹਿੰਦੀ ਹੈ, ਪਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹਨਾਂ ਦੀ ਮੇਰ-ਤੇਰ ਦੂਰ ਹੋ ਜਾਂਦੀ ਹੈ। ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ ਉਹ (ਮਾਇਆ ਵਲੋਂ ਸਦਾ) ਰੱਜੇ ਰਹਿੰਦੇ ਹਨ ॥੧॥ ਰਹਾਉ ॥

ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ ਸਿਰਿ ਸਿਰਿ ਧੰਧੈ ਲਾਏ ॥

ਪਰ, (ਜੀਵਾਂ ਦੇ ਕੀਹ ਵੱਸ?) ਜਿਸ (ਪਰਮਾਤਮਾ) ਨੇ ਜਗਤ ਰਚਿਆ ਹੈ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ-ਭੱਜ ਵਿਚ ਲਾਈ ਰੱਖਦਾ ਹੈ।

ਮਾਇਆ ਮੋਹੁ ਕੀਆ ਜਿਨਿ ਆਪੇ ਆਪੇ ਦੂਜੈ ਲਾਏ ॥੨॥

ਜਿਸ ਪ੍ਰਭੂ ਨੇ ਮਾਇਆ ਦਾ ਮੋਹ ਬਣਾਇਆ ਹੈ, ਉਹ ਆਪ ਹੀ (ਜੀਵਾਂ ਨੂੰ) ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ ॥੨॥

ਤਿਸ ਨੋ ਕਿਹੁ ਕਹੀਐ ਜੇ ਦੂਜਾ ਹੋਵੈ ਸਭਿ ਤੁਧੈ ਮਾਹਿ ਸਮਾਏ ॥

(ਮਾਇਆ ਦੇ ਮੋਹ ਬਾਰੇ) ਉਸ ਪਰਮਾਤਮਾ ਨੂੰ ਕੁਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਓਪਰਾ ਹੋਵੇ। ਹੇ ਪ੍ਰਭੂ! ਸਾਰੇ ਜੀਵ ਤੇਰੇ ਵਿਚ ਹੀ ਲੀਨ ਹਨ (ਜਿਵੇਂ ਦਰੀਆ ਦੀਆਂ ਲਹਿਰਾਂ ਦਰੀਆ ਵਿਚ)।

ਗੁਰਮੁਖਿ ਗਿਆਨੁ ਤਤੁ ਬੀਚਾਰਾ ਜੋਤੀ ਜੋਤਿ ਮਿਲਾਏ ॥੩॥

ਜਿਸ ਮਨੁੱਖ ਨੇ ਆਤਮਕ ਜੀਵਨ ਦੀ ਅਸਲ ਸੂਝ ਨੂੰ ਵਿਚਾਰਿਆ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਜੁੜੀ ਰਹਿੰਦੀ ਹੈ ॥੩॥

ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ ॥

ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਹੋਂਦ ਵਾਲਾ ਹੈ। ਇਹ ਸਾਰਾ ਜਗਤ ਭੀ ਸਦਾ ਹੋਂਦ ਵਾਲਾ ਹੈ (ਕਿਉਂਕਿ ਇਸ ਵਿਚ ਪਰਮਾਤਮਾ ਹੀ ਸਭ ਥਾਂ ਵਿਆਪਕ ਹੈ)।

ਨਾਨਕ ਸਤਿਗੁਰਿ ਸੋਝੀ ਪਾਈ ਸਚਿ ਨਾਮਿ ਨਿਸਤਾਰਾ ॥੪॥੫॥੧੫॥

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ, ਉਸ ਨੂੰ ਉਸ ਨੇ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ ॥੪॥੫॥੧੫॥

ਭੈਰਉ ਮਹਲਾ ੩ ॥

ਕਲਿ ਮਹਿ ਪ੍ਰੇਤ ਜਿਨੑੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥

ਕਲਜੁਗ ਵਿਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ। ਸਤਜੁਗ ਵਿਚ ਸਭ ਤੋਂ ਉੱਚੇ ਜੀਵਨ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿਚ ਭੀ ਪਰਮ ਹੰਸ ਨਹੀਂ)।

ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥

ਦੁਆਪੁਰ ਵਿਚ ਤ੍ਰੇਤੇ ਵਿਚ ਭੀ (ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਹਨ। (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ ਅੰਦਰੋਂ) ਹਉਮੈ ਦੂਰ ਕੀਤੀ ॥੧॥

ਕਲਿ ਮਹਿ ਰਾਮ ਨਾਮਿ ਵਡਿਆਈ ॥

ਕਲਜੁਗ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।

ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥

(ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ। (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ ॥੧॥ ਰਹਾਉ ॥

ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ ॥

ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣੇ ਅੰਦਰ ਵੱਸਦਾ) ਸਹੀ ਕਰ ਲੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਨੂੰ ਆਪਣੇ) ਮਨ ਵਿਚ ਵਸਾ ਲੈਂਦਾ ਹੈ, (ਉਹ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥

ਜਿਨ੍ਹਾਂ ਭੀ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਲਗਨ ਬਣਾਈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਆਪਣੀਆਂ ਸਾਰੀਆਂ ਕੁਲਾਂ ਭੀ ਪਾਰ ਲੰਘਾ ਲਈਆਂ ॥੨॥

ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ ॥

ਮੇਰਾ ਪਰਮਾਤਮਾ ਗੁਣ ਬਖ਼ਸ਼ਣ ਵਾਲਾ ਹੈ, ਉਹ (ਜੀਵ ਨੂੰ ਗੁਰੂ ਦੇ) ਸ਼ਬਦ ਵਿਚ (ਜੋੜ ਕੇ ਉਸ ਦੇ ਸਾਰੇ) ਔਗੁਣ ਸਾੜ ਦੇਂਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430