ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1274


ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥

ਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ,

ਨਾਨੑੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾੲਂੀ ॥੪॥

ਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਹੈ ਤੇ ਮਰਦਾ ਹੈ ॥੪॥

ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥

ਜਿਵੇਂ ਕਿਸੇ ਨਦੀ ਦੇ ਕੰਢੇ ਉਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾਹ ਉਹ ਘਰ ਰਹਿ ਜਾਂਦਾ ਹੈ ਨਾਹ ਉਹ ਰੁੱਖ ਰਹਿ ਜਾਂਦਾ ਹੈ, ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ-

ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥

ਤਾਂ ਜਦੋਂ ਭੀ ਮੌਕਾ ਮਿਲਦਾ ਹੈ ਸਪਣੀ ਉਸ ਨੂੰ ਡੰਗ ਮਾਰ ਹੀ ਦੇਂਦੀ ਹੈ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ (ਉਹ ਨਦੀ ਦੇ ਉਲਟੇ ਹੋਏ ਹੜ੍ਹ ਵਾਂਗ ਹੈ, ਉਹ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ) ॥੫॥

ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥

ਗੁਰੂ ਤੋਂ ਮਿਲਿਆ ਹੋਇਆ ਗਿਆਨ, ਗੁਰੂ ਦੇ ਬਚਨਾਂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਜੁੜੀ ਸੁਰਤ, ਮਾਨੋ, ਸੱਪ ਨੂੰ ਕੀਲਣ ਵਾਲਾ ਮੰਤਰ ਹੈ। ਜਿਸ ਦੇ ਪਾਸ ਭੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਮਾਇਆ (ਸਪਣੀ ਦਾ ਜ਼ਹਰ) ਸਾੜ ਲਿਆ ਹੈ।

ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥

(ਵੇਖੋ!) ਪਰਮਾਤਮਾ ਦੀ ਭਗਤੀ (ਇਕ) ਅਨੋਖੀ (ਦਾਤਿ) ਹੈ, ਜਿਸ ਮਨੁੱਖ ਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ (ਹਿਰਦੇ ਵਿਚ) ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ (ਭਾਵ, ਇੰਦ੍ਰੇ) ਬਰਫ਼ ਵਰਗਾ ਸੀਤਲ ਹੋ ਜਾਂਦਾ ਹੈ ॥੬॥

ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥

(ਹੇ ਪ੍ਰਭੂ!) ਜਿਤਨੀ ਲੁਕਾਈ ਹੈ ਸਾਰੀ ਹੀ ਤੈਥੋਂ (ਸਭ ਪਦਾਰਥ) ਮੰਗਦੀ ਹੈ, ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ।

ਤੁਮੑਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥

ਹੇ ਗੋਪਾਲ! ਮੈਂ ਤੇਰੀ ਸਰਨ ਪਿਆ ਹਾਂ, ਮੇਰੀ ਇੱਜ਼ਤ ਰੱਖ ਲੈ, (ਮਿਹਰ ਕਰ) ਮੈਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ ॥੭॥

ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥

ਮਾਇਆ ਦੇ ਧੰਧੇ ਵਿਚ ਬੱਝੀ ਹੋਈ ਲੁਕਾਈ (ਆਤਮਕ ਜੀਵਨ ਵਲੋਂ) ਅੰਨ੍ਹੀ ਹੋਈ ਪਈ ਹੈ (ਸਹੀ ਜੀਵਨ-ਜੁਗਤਿ ਬਾਰੇ ਇਸ ਨੂੰ) ਕੁਝ ਭੀ ਨਹੀਂ ਸੁੱਝਦਾ, (ਤਾਹੀਏਂ) ਨਿਰਦਈ ਕੰਮ ਕਰਦੀ ਜਾ ਰਹੀ ਹੈ।

ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥

ਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ (ਆਤਮਕ ਜੀਵਨ ਬਾਰੇ) ਸਮਝ ਆ ਜਾਂਦੀ ਹੈ, ਇਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ-ਪਛਾਣ ਟਿੱਕ ਜਾਂਦੀ ਹੈ ॥੮॥

ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ), (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ,

ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥

ਤੇ ਹੇ ਨਾਨਕ! ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ। ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ॥੯॥੨॥

ਮਲਾਰ ਮਹਲਾ ੧ ॥

ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥

(ਹੇ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ) ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਂਦੇ ਹਨ, ਹਰਨ ਭੀ (ਘੰਡੇ ਹੇੜੇ ਦੇ) ਸ਼ਬਦ ਤੋਂ ਸੁਖ ਲੈਂਦਾ ਹੈ (ਤਾਂ ਫਿਰ ਪਤੀ-ਪ੍ਰਭੂ ਦੇ ਵਿਛੋੜੇ ਵਿਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ?) ॥੧॥

ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥

ਹੇ ਮੇਰੀ ਮਾਂ! (ਸ੍ਵਾਂਤੀ ਬੂੰਦ ਦੀ ਤਾਂਘ ਵਿਚ) ਰਾਤੀਂ ਬਬੀਹਾ (ਬੜੇ ਵੈਰਾਗ ਵਿਚ) ਬੋਲਿਆ (ਉਸ ਦੀ ਵਿਲਕਣੀ ਸੁਣ ਕੇ ਮੇਰੇ ਅੰਦਰ ਭੀ ਧ੍ਰੂਹ ਪਈ) ॥੧॥ ਰਹਾਉ ॥

ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥

(ਹੇ ਮਾਂ! ਬਬੀਹੇ ਮੱਛੀ ਹਰਨ ਆਦਿਕ ਦੀ) ਪ੍ਰੀਤ (ਆਪੋ ਆਪਣੇ) ਪਿਆਰੇ ਵਲੋਂ ਕਦੇ ਭੀ ਪਰਤਦੀ ਨਹੀਂ। (ਇਹ ਮਨੁੱਖ ਹੀ ਹੈ ਜਿਸ ਦੀ ਪ੍ਰੀਤ ਪ੍ਰਭੂ-ਚਰਨਾਂ ਵਲੋਂ ਹੱਟ ਕੇ ਦੁਨੀਆ ਨਾਲ ਬਣ ਜਾਂਦੀ ਹੈ। ਹੇ ਮਾਂ! ਮੈਂ ਅਰਦਾਸ ਕੀਤੀ ਕਿ ਹੇ ਪ੍ਰਭੂ!) ਜੋ ਤੈਨੂੰ ਭਾਵੇ ਉਹੀ ਗੱਲ ਹੁੰਦੀ ਹੈ (ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦੇਹ) ॥੨॥

ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥

(ਹੇ ਮਾਂ! ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ) ਮੇਰੇ ਹਿਰਦੇ ਵਿਚ ਉਸ ਸਦਾ-ਥਿਰ ਪ੍ਰੀਤਮ ਦਾ ਨਾਮ ਸਿਮਰਨ ਵਾਲੀ ਮੱਤ ਆ ਟਿਕੀ, ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਮੁੱਕ ਗਈ ਹੈ, ਮੇਰੇ ਸਰੀਰ ਵਿਚ ਦੀ ਹਉਮੈ ਭੀ ਦੂਰ ਹੋ ਗਈ ਹੈ ॥੩॥

ਰੂਖਂੀ ਬਿਰਖਂੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥

(ਹੇ ਮਾਂ! ਬਬੀਹੇ ਦੀ ਵਿਲਕਣੀ ਵਿਚੋਂ ਮੈਨੂੰ ਜਾਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ-) ਮੈਂ ਰੁੱਖਾਂ ਬਿਰਖਾਂ ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੂੰਦ ਤੋਂ ਬਿਨਾ) ਭੁੱਖਾ (ਪਿਆਸਾ) ਹੀ ਹਾਂ! (ਬਬੀਹੇ ਦੀ ਵਿਲਕਣੀ ਤੋਂ ਪ੍ਰੇਰਿਤ ਹੋ ਕੇ ਹੁਣ) ਮੈਂ ਬੜੇ ਪਿਆਰ ਨਾਲ ਪਰਮਾਤਮਾ-ਪਤੀ ਦਾ ਨਾਮ-ਅੰਮ੍ਰਿਤ ਪੀ ਰਹੀ ਹਾਂ ॥੪॥

ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥

(ਹੇ ਮਾਂ!) ਰਜ਼ਾ ਦੇ ਮਾਲਕ ਪ੍ਰਭੂ ਦੇ ਦੀਦਾਰ ਦੀ (ਮੇਰੇ ਅੰਦਰ) ਬੜੀ ਤਾਂਘ ਹੈ, ਮੇਰੀ ਜੀਭ (ਉਸ ਦੇ ਦਰਸਨ ਲਈ) ਤਰਲੇ ਲੈ ਰਹੀ ਹੈ, (ਉਡੀਕ ਵਿਚ) ਮੇਰੀਆਂ ਅੱਖਾਂ ਦੀ ਟਿਕਟਿਕੀ ਲੱਗੀ ਹੋਈ ਹੈ ॥੫॥

ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥

(ਹੇ ਮਾਂ! ਹੁਣ ਮੈਂ ਮਹਿਸੂਸ ਕਰਦੀ ਹਾਂ ਕਿ) ਪਿਆਰੇ ਪ੍ਰਭੂ-ਪਤੀ ਤੋਂ ਬਿਨਾ ਮੈਂ ਜਿਤਨਾ ਭੀ ਸਿੰਗਾਰ ਕਰਦੀ ਹਾਂ ਉਤਨਾ ਹੀ (ਵਧੀਕ) ਮੇਰਾ ਸਰੀਰ (ਸੁਖੀ ਹੋਣ ਦੇ ਥਾਂ) ਤਪਦਾ ਹੈ। (ਚੰਗੇ ਤੋਂ ਚੰਗਾ ਭੀ) ਕੱਪੜਾ (ਮੈਨੂੰ ਆਪਣੇ) ਸਰੀਰ ਉਤੇ ਸੁਖਾਂਦਾ ਨਹੀਂ ਹੈ ॥੬॥

ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨਂੀਦ ਨ ਪਾਈ ॥੭॥

(ਹੇ ਮਾਂ!) ਆਪਣੇ ਪਿਆਰੇ ਤੋਂ ਬਿਨਾ ਮੈਂ (ਇਕ) ਪਲ ਭਰ ਭੀ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ, ਪ੍ਰਭੂ-ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ (ਸ਼ਾਂਤੀ ਨਹੀਂ ਆਉਂਦੀ) ॥੭॥

ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥

(ਹੇ ਮਾਂ!) ਪ੍ਰਭੂ-ਪਤੀ ਤਾਂ (ਹਰੇਕ ਜੀਵ-ਇਸਤ੍ਰੀ ਦੇ) ਨੇੜੇ (ਵੱਸਦਾ) ਹੈ; ਪਰ ਭਾਗ-ਹੀਣ ਨੂੰ ਇਹ ਸਮਝ ਨਹੀਂ ਆਉਂਦੀ। (ਸੁਭਾਗਣ) ਨੂੰ (ਉਸ ਦੇ ਅੰਦਰ ਹੀ ਪਰਮਾਤਮਾ) ਵਿਖਾ ਦਿੱਤਾ ਹੈ ॥੮॥

ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥

(ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ (ਟਿੱਕ ਗਈ ਉਸਨੂੰ ਪ੍ਰਭੂ-ਪਤੀ) ਮਿਲ ਪਿਆ (ਉਸ ਦੇ ਦੀਦਾਰ ਹੋਇਆਂ ਉਸ ਨੂੰ) ਉਸ ਵੇਲੇ ਆਤਮਕ ਆਨੰਦ ਪ੍ਰਾਪਤ ਹੋ ਗਿਆ, ਗੁਰੂ ਦੇ ਸ਼ਬਦ ਨੇ ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁਝਾ ਦਿੱਤੀ ॥੯॥

ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਕੇ ਆਖ-ਹੇ ਪ੍ਰਭੂ!) ਤੇਰੀ ਮਿਹਰ ਨਾਲ ਮੇਰਾ ਮਨ (ਤੇਰੀ ਯਾਦ ਵਿਚ) ਗਿੱਝ ਗਿਆ ਹੈ (ਤੇ ਮੇਰੇ ਅੰਦਰ ਅਜੇਹਾ ਆਤਮਕ ਆਨੰਦ ਬਣ ਗਿਆ ਹੈ ਜਿਸ ਦਾ) ਮੁੱਲ ਨਹੀਂ ਪਾਇਆ ਜਾ ਸਕਦਾ ॥੧੦॥੩॥

ਮਲਾਰ ਮਹਲਾ ੧ ਅਸਟਪਦੀਆ ਘਰੁ ੨ ॥

ਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਖਲੀ ਊਂਡੀ ਜਲੁ ਭਰ ਨਾਲਿ ॥

ਜੇ ਲਮਢੀਂਗ (ਆਦਿਕ ਪੰਛੀ) ਉੱਚੇ ਆਕਾਸ਼ ਵਿਚ ਉੱਡ ਰਿਹਾ ਹੈ (ਤਾਂ ਉਥੇ ਉੱਡਦੇ ਨੂੰ ਪਾਣੀ ਨਹੀਂ ਮਿਲ ਸਕਦਾ ਕਿਉਂਕਿ) ਪਾਣੀ ਸਮੁੰਦਰ ਵਿਚ ਹੈ (ਆਤਮਕ ਸ਼ਾਂਤੀ ਸੀਤਲਤਾ ਨਿਮ੍ਰਤਾ ਵਿਚ ਹੈ। ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ਼ ਮਾਇਆ ਆਦਿਕ ਦੇ ਅਹੰਕਾਰ ਵਿਚ ਅਸਮਾਨੀਂ ਚੜ੍ਹਿਆ ਹੋਇਆ ਹੋਵੇ)।

ਡੂਗਰੁ ਊਚਉ ਗੜੁ ਪਾਤਾਲਿ ॥

ਕਿਲ੍ਹਾ ਪਾਤਾਲ ਵਿਚ ਹੈ, ਪਰ ਪਹਾੜ (ਦਾ ਪੈਂਡਾ) ਉੱਚਾ ਹੈ (ਜੇ ਕੋਈ ਮਨੁੱਖ ਕਾਮਾਦਿਕ ਵੈਰੀਆਂ ਤੋਂ ਬਚਣ ਲਈ ਕੋਈ ਸਤਸੰਗ ਆਦਿਕ ਆਸਰਾ ਲੋੜਦਾ ਹੈ, ਪਰ ਚੜ੍ਹਿਆ ਜਾ ਰਿਹਾ ਹੈ ਹਉਮੈ ਅਹੰਕਾਰ ਦੇ ਪਹਾੜ ਉਤੇ, ਤਾਂ ਉਸ ਰਾਹੇ ਪੈ ਕੇ ਉਹ ਵੈਰੀਆਂ ਦੀ ਚੋਟ ਤੋਂ ਬਚ ਨਹੀਂ ਸਕਦਾ)।

ਸਾਗਰੁ ਸੀਤਲੁ ਗੁਰਸਬਦ ਵੀਚਾਰਿ ॥

ਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਸੰਸਾਰ-ਸਮੁੰਦਰ (ਜੋ ਵਿਕਾਰਾਂ ਦੀ ਅੱਗ ਨਾਲ ਤਪ ਰਿਹਾ ਹੈ) ਠੰਢਾ-ਠਾਰ ਹੋ ਜਾਂਦਾ ਹੈ।

ਮਾਰਗੁ ਮੁਕਤਾ ਹਉਮੈ ਮਾਰਿ ॥੧॥

(ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ) ਹਉਮੈ ਮਾਰਿਆਂ ਜੀਵਨ ਦਾ ਰਸਤਾ ਖੁਲ੍ਹਾ ਹੋ ਜਾਂਦਾ ਹੈ (ਵਿਕਾਰਾਂ ਦੀ ਰੁਕਾਵਟ ਨਹੀਂ ਰਹਿੰਦੀ) ॥੧॥

ਮੈ ਅੰਧੁਲੇ ਨਾਵੈ ਕੀ ਜੋਤਿ ॥

ਮੈਨੂੰ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਨੂੰ ਪਰਮਾਤਮਾ ਦੇ ਨਾਮ ਦਾ ਚਾਨਣ ਮਿਲ ਗਿਆ ਹੈ।

ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥

ਹੁਣ ਮੈਂ (ਜੀਵਨ-ਪੰਧ ਵਿਚ) ਪ੍ਰਭੂ ਦੇ ਨਾਮ ਦੇ ਆਸਰੇ ਤੁਰਦਾ ਹਾਂ, ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਤੁਰਦਾ ਹਾਂ, (ਜੀਵਨ-ਔਕੜਾਂ ਬਾਰੇ) ਗੁਰੂ ਦੇ ਸਮਝਾਏ ਹੋਏ ਭੇਦ ਦੀ ਸਹਾਇਤਾ ਨਾਲ ਤੁਰਦਾ ਹਾਂ ॥੧॥ ਰਹਾਉ ॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430