(ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ॥੧॥
ਹੇ ਭਾਈ! ਉਸ ਹਰੀ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,
ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ ॥੧॥ ਰਹਾਉ ॥
ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਹਰਿ ਨਾਮ ਧਨ ਦਾ ਸਤਸੰਗੀ ਵਾਪਾਰੀ ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ॥੨॥
ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ।
ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ॥੩॥
ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ।
ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ॥੪॥
ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ।
(ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ ॥੫॥
ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ।
ਹੇ ਨਾਨਕ! (ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ॥੬॥੩॥੧੦॥
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ॥੧॥
ਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ॥੧॥ ਰਹਾਉ ॥
ਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ।
ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ॥੨॥
ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ।
ਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ ॥੩॥
ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ।
ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ-(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ ॥੪॥੪॥੧੧॥