ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਉਸ ਦੇ ਦਰ ਤੋਂ) ਸਾਰੇ ਸੁਖ (ਮਿਲ ਜਾਂਦੇ ਹਨ),
ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ ॥੪॥
ਛੰਤੁ।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ।
(ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ।
ਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ।
ਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ) ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੨॥
ਹੇ ਭਾਈ! ਜਗਤ ਮੁਸਾਫ਼ਿਰ ਹੈ (ਫਿਰ ਭੀ,) ਅਹੰਕਾਰ ਵਿਚ ਲਿਬੜਿਆ ਰਹਿੰਦਾ ਹੈ।
ਮਾਇਆ ਦੇ ਕੌਤਕਾਂ ਵਿਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ।
(ਜੀਵ) ਲੋਭ ਵਿਚ, (ਮਾਇਆ ਦੇ) ਮੋਹ ਵਿਚ, ਅਹੰਕਾਰ ਵਿਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ।
ਪੁੱਤਰ, ਮਿੱਤਰ, ਇਸਤ੍ਰੀ (ਆਦਿਕ) ਦੇ ਮੇਲ-ਮਿਲਾਪ-ਇਹੀ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਜਾਂਦੀ ਹੈ।
ਹੇ ਮਾਂ (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁੱਕ ਜਾਂਦੇ ਹਨ, ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲੀਫ਼ ਹੁੰਦੀ ਹੈ।
ਹੇ ਨਾਨਕ! (ਮਨੁੱਖ ਇਥੇ) ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਂਦਾ, (ਹੋਰ ਹੋਰ) ਕੀਤੇ ਹੋਏ ਕਰਮਾਂ (ਦਾ ਲੇਖਾ) ਨਹੀਂ ਮਿਟਦਾ ॥੧॥
ਹੇ ਭਾਈ! ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਹੀ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ,
ਉਹ ਅਣਗਿਣਤ ਜੂਨਾਂ ਵਿਚ ਭਟਕਦੇ ਫਿਰਦੇ ਹਨ, ਆਤਮਕ ਮੌਤ ਸਹੇੜ ਕੇ (ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿਚ) ਆਉਂਦੇ ਹਨ।
(ਉਹ ਮਨੁੱਖ) ਪਸ਼ੂ ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ ਜੂਨਾਂ ਵਿਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ।
(ਹੇ ਭਾਈ! ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫਲ ਖਾਏਂਗਾ। (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ।
ਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲਗਦੇ।
ਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿਚ) ਭਟਕਦੇ ਫਿਰਦੇ ਹਨ, (ਜੂਨਾਂ ਦੇ ਗੇੜ ਵਿਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ ॥੨॥
ਹੇ ਭਾਈ! ਆਖ਼ਰ ਜਵਾਨੀ ਬੀਤ ਜਾਂਦੀ ਹੈ, (ਉਸ ਦੀ ਥਾਂ) ਬੁਢੇਪਾ ਮੱਲ ਕੇ ਬਹਿ ਜਾਂਦਾ ਹੈ।
ਹੱਥ ਕੰਬਣ ਲੱਗ ਪੈਂਦੇ ਹਨ, ਸਿਰ ਝੋਲਾ ਖਾਣ ਲੱਗ ਪੈਂਦਾ ਹੈ, ਅੱਖਾਂ ਨਾਲ ਕੁਝ ਦਿੱਸਦਾ ਨਹੀਂ।
ਅੱਖੀਂ ਕੁਝ ਦਿੱਸਦਾ ਨਹੀਂ, (ਜਿਸ ਮਾਇਆ ਦੀ ਖ਼ਾਤਰ) ਪਰਮਾਤਮਾ ਦੇ ਭਜਨ ਤੋਂ ਵਾਂਜਿਆ ਰਿਹਾ, (ਆਖ਼ਰ ਉਸ) ਮਾਇਆ ਨੂੰ (ਭੀ ਛੱਡ ਕੇ ਤੁਰ ਪੈਂਦਾ ਹੈ।
ਜਿਨ੍ਹਾਂ (ਪੁੱਤਰ ਆਦਿਕ ਸੰਬੰਧੀਆਂ ਦੇ) ਨਾਲ (ਆਪਣਾ) ਮਨ (ਆਪਣਾ) ਸਰੀਰ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਿਹਾ; (ਬੁਢੇਪੇ ਵੇਲੇ ਉਹ ਭੀ) ਆਖਾ ਨਹੀਂ ਮੰਨਦੇ, ਸਿਰ ਉਤੇ ਸੁਆਹ ਹੀ ਪਾਂਦੇ ਹਨ (ਗੱਲੇ ਗੱਲੇ ਟਕੇ ਵਰਗਾ ਕੋਰਾ ਜਵਾਬ ਦੇਂਦੇ ਹਨ)।
(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ) ਬੇਅੰਤ, ਸਰਬ-ਵਿਆਪਕ ਪਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇਕ ਛਿਨ ਵਾਸਤੇ ਭੀ ਮਨ ਵਿਚ ਨਾਹ ਵੱਸੀਆਂ।
ਨਾਨਕ ਬੇਨਤੀ ਕਰਦਾ ਹੈ-ਇਹ ਨਾਸਵੰਤ (ਸਰੀਰ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕ੍ਰੋੜਾਂ (ਮਣ) ਕਾਗ਼ਜ਼ (ਪਲ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ) ॥੩॥
ਹੇ ਭਾਈ! ਨਾਨਕ (ਤਾਂ ਪ੍ਰਭੂ ਦੇ) ਕੋਮਲ ਚਰਨਾਂ ਦੀ ਸਰਨ ਆ ਪਿਆ ਹੈ।
ਇਹ ਸੰਸਾਰ (-ਸਮੁੰਦਰ) ਅਨੇਕਾਂ ਡਰਾਂ ਨਾਲ ਭਰਪੂਰ ਹੈ, ਇਸ ਤੋਂ ਪਾਰ ਲੰਘਣਾ ਔਖਾ ਹੈ, (ਜੇਹੜੇ ਭੀ ਮਨੁੱਖ ਪ੍ਰਭੂ ਦੀ ਸਰਨ ਆ ਪਏ ਉਹਨਾਂ ਨੂੰ ਸਦਾ ਹੀ) ਪ੍ਰਭੂ ਨੇ ਆਪ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ।
ਸਾਧ ਸੰਗਤਿ ਵਿੱਚ ਮਿਲ ਕੇ ਜਿਸ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਨੇ ਉਸ ਦਾ ਪੱਖ ਕਰ ਕੇ ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
ਪ੍ਰਭੂ ਨੇ ਸਦਾ ਉਹਨਾਂ ਨੂੰ ਆਦਰ-ਮਾਣ ਦਿੱਤਾ, ਆਪਣੇ ਨਾਮ ਦੀ ਦਾਤ ਦਿੱਤੀ ਉਹਨਾਂ ਦੇ ਕਿਸੇ ਹੋਰ (ਗੁਣ ਔਗੁਣ ਦੀ) ਵਿਚਾਰ ਨਾਹ ਕੀਤੀ।
ਉਹ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਲਈ ਰੱਜ ਗਏ, ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਬੇਅੰਤ ਮਾਲਕ-ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ, ਜਿਸ ਨੂੰ ਮਿਲਣ ਦੀ ਉਹਨਾਂ ਤਾਂਘ ਰੱਖੀ ਹੋਈ ਸੀ,
ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੇ (ਆਤਮਕ ਜੀਵਨ ਜ਼ਿੰਦਾ ਰੱਖਣ ਲਈ) ਪਰਮਾਤਮਾ ਦਾ ਨਾਮ-ਭੋਜਨ ਖਾਧਾ ॥੪॥੨॥੩॥
ਰਾਗ ਜੈਤਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ', ਸਲੋਕਾਂ ਸਮੇਤ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ।
ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ॥੧॥