ਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ?
ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ॥੧॥ ਰਹਾਉ ॥
(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ।
ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ।
ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)-ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ।
ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ॥੨॥
ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ।
ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ।
ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ!
ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ॥੩॥੨॥
(ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?)
ਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ॥੧॥
(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ।
ਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ॥੧॥ ਰਹਾਉ ॥
(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ-
ਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ ॥੨॥
ਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ,
ਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ ॥੩॥
ਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ,
ਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ॥੪॥੩॥
ਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ,
ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ।
ਹੇ ਖਸਮ-ਪ੍ਰਭੂ! ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।
ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥
ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ।
ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥
(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ?
(ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ।
(ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ?
(ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥
(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ)
ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ।
ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ,
(ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥
ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ,
ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ।
ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ।
ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥
(ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ ਨਾਮ-ਰੂਪ ਬੇੜਾ ਤਿਆਰ ਨਾਹ ਕਰ ਸਕਿਆ,
ਤੇ, ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ ਵਿਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ॥੧॥
ਹੇ ਮਿੱਤਰ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਇਗਾ, ਭਾਵ, ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ ॥੧॥ ਰਹਾਉ ॥
ਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਣ ਕਰਕੇ) ਆਪਣੇ ਆਪ ਵਿਚ ਕਮਜ਼ੋਰ ਆਤਮਕ ਜੀਵਨ ਵਾਲੀਆਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ।
ਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾ ਖੁੰਝਣ ਤੇ (ਜਦੋਂ ਨਾਮ-ਸਿਮਰਨ ਦਾ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ ॥੨॥
ਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ,
ਤਾਂ (ਮਾਇਆ ਵਿਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ ॥੩॥੨॥