ਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ।
(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥
ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ।
ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥
(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ।
ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥
ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ।
ਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥
ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ।
ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥
ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਜੀਵ-ਇਸਤ੍ਰੀ!) ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ-ਇਹਨਾਂ ਦਾ ਉਚਾਰਨ ਕਰਿਆ ਕਰ।
ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ)!
ਹੋਸ਼ ਕਰ (ਵਿਚਾਰ ਕੇ ਵੇਖ)।
ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ।
(ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ॥੧॥ ਰਹਾਉ ॥
(ਹੇ ਸਖੀ!) ਇਹ ਜਗਤ ਸੁਪਨੇ ਵਰਗਾ ਹੈ,
(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ।
ਹੇ ਸਖੀ! ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥
ਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ।
ਹੇ ਸਖੀ! ਉਹ ਸਦਾ ਹੀ ਦਇਆ ਦਾ ਘਰ ਹੈ।
(ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ।
ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ।
ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤ ਦਾ ਮਿਲਾਪ ਹਾਸਲ ਕਰਦਾ ਹੈ
ਅਤੇ ਨਾਨਕ ਆਖਦਾ ਹੈ- ਜਦੋਂ ਪਰਮਾਤਮਾ ਦਾ ਧਿਆਨ ਧਰਦਾ ਹੈ,
ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ॥੨॥੧॥੧੩੦॥
ਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ,
ਭੁਇਂ ਮਣਸ ਕੇ ਦਾਨ ਕਰਦਾ ਹੈ,
ਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ,
(ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ। ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ ॥੧॥ ਰਹਾਉ ॥
ਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ,
ਅਠਾਰਾਂ ਪੁਰਾਣ ਅਤੇ ਛੇ ਸਾਸਤ੍ਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ,
(ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ।
ਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ ॥੧॥
ਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ੍ਰਤਾ,
(ਤੀਰਥ-ਜਾਤ੍ਰਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ,
ਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ,
(ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ,
(ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ-ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।
ਹੇ ਦਾਸ ਨਾਨਕ! ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ!
ਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ॥੨॥੨॥੧੩੧॥
ਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥