ਮਾਂ ਪਿਉ ਦਾ ਮੋਹ ਤਿਆਗਣ-ਜੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ।
ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ,
ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ (ਕਿਉਂਕਿ ਇਹ ਸਾਰੇ ਨਾਸਵੰਤ ਹਨ, ਤੇ ਇਹਨਾਂ ਦਾ ਮੋਹ ਪਿਆਰ ਭੀ ਸਦਾ ਕਾਇਮ ਨਹੀਂ ਰਹਿ ਸਕਦਾ)।
ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ॥੨॥
(ਇਹ) ਸਰੀਰ ਤਾਂ ਨਾਸਵੰਤ ਹੈ, (ਇਸ ਦਾ) ਬਲ ਭੀ ਘਟਦਾ ਰਹਿੰਦਾ ਹੈ।
(ਪਰ ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦਾ ਮੋਹ ਭੀ (ਵਧਦਾ ਜਾਂਦਾ ਹੈ)
(ਪਦਾਰਥਾਂ ਦੀ) ਆਸਾ ਤੀਬਰ ਹੁੰਦੀ ਜਾਂਦੀ ਹੈ (ਉਂਞ ਜੀਵ ਇਥੇ) ਘਰ ਦੇ ਪਰਾਹੁਣੇ (ਵਾਂਗ) ਹੈ।
ਡਰਾਉਣਾ ਧਰਮ ਰਾਜ (ਇਸ ਦੀ ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ।
ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਹੇ ਨਾਨਕ! (ਇਸ ਮੋਹ ਜਾਲ ਤੋਂ ਬਚਣ ਵਾਸਤੇ) ਉਸ (ਪਰਮਾਤਮਾ) ਦਾ ਆਸਰਾ (ਲੈਣਾ ਚਾਹੀਦਾ ਹੈ)
(ਕਿਉਂਕਿ) ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ) ॥੩॥
(ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ।
(ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ।
ਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।
ਹੇ ਨਾਨਕ! ਸਾਧ ਸੰਗਤ ਵਿਚ ਆ ਕੇ ਉਹ ਬੰਦੇ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ,
(ਜੋ) ਪਰਮਾਤਮਾ ਦਾ ਨਾਮ ਜਪਦੇ ਹਨ ॥੪॥
ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ।
ਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ।
ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ।
ਹੇ ਅਨਾਥਾਂ ਦੇ ਨਾਥ! (ਮੈਂ) ਨਾਨਕ ਤੇਰੀ ਸਰਨ ਹਾਂ ॥੫॥
(ਇਕ) ਹਰਨੀ ਨੂੰ ਵੇਖ ਕੇ (ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ੍ਰਾਂ ਨਾਲ ਚੋਟ ਮਾਰਦਾ ਹੈ।
ਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ, ਉਸ ਦਾ ਵਾਲ (ਭੀ) ਵਿੰਗਾ ਨਹੀਂ ਹੁੰਦਾ ॥੬॥
(ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ,
ਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ।
ਹੇ ਨਾਨਕ! ਇਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ) ॥੭॥
ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤ-ਸਾਲਾਹ-ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ),
ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ।
ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ।
ਤੂੰ ਸੰਤਾਂ ਦੀ ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ
ਨਾਨਕ (ਆਖਦਾ ਹੈ) ਹੇ ਹਰੀ! (ਉਨ੍ਹਾਂ ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ ॥੮॥
ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ,
ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ,
ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ,
ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ।
ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ,
ਅਤੇ ਹੇ ਨਾਨਕ! ਉਸ ਦੀ ਸਾਧ ਸੰਗਤ ਭੀ ਸਦਾ-ਥਿਰ ਹੈ ॥੯॥
ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ,
ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ,
ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ- ਧਰਮ ਦੇ ਇਹ ਲੱਛਣ-
ਹੇ ਨਾਨਕ! ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ ॥੧੦॥
ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ।
ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ),
ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ-ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)।
ਨਾਨਕ (ਆਖਦਾ ਹੈ) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ) ॥੧੧॥
(ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ।
ਜਿਥੇ ਉੱਚਾ-ਪਨ ਹੈ, ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜਿਥੇ ਗ਼ਰੀਬੀ ਹੈ, ਉਥੇ ਵਡੱਪਣ ਭੀ ਆ ਸਕਦਾ ਹੈ।