ਜਿਸਦਾ ਨਾਮ ਸਿਮਰਿਆਂ ਪੱਥਰ-ਦਿਲ ਮਨੁੱਖ (ਕਠੋਰਤਾ ਦੇ ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ, (ਤੂੰ ਭੀ ਗੁਰੂ ਦੀ ਸਰਨ ਪੈ ਕੇ ਉਸਦਾ ਨਾਮ ਸਿਮਰ) ॥੩॥
(ਹੇ ਭਾਈ!) ਸਾਧ ਸੰਗਤਿ ਅੱਗੇ ਸਦਾ ਸਿਰ ਨਿਵਾਉ,
ਕਿਉਂਕਿ ਪਰਮਾਤਮਾ ਦਾ ਨਾਮ ਸਾਧ ਜਨਾਂ (ਗੁਰਮੁਖਾਂ) ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ, (ਉਨ੍ਹਾਂ ਦੀ ਸੰਗਤਿ ਵਿਚ ਤੈਨੂੰ ਭੀ ਹਰਿ-ਨਾਮ ਦੀ ਪ੍ਰਾਪਤੀ ਹੋਵੇਗੀ)।
ਨਾਨਕ ਆਖਦਾ ਹੈ- (ਕਰਤਾਰ ਨੇ) ਮੇਰੀ ਬੇਨਤੀ ਸੁਣ ਲਈ,
ਤੇ ਉਸਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿਚ (ਟਿਕਾ ਦਿੱਤਾ ਹੈ) ॥੪॥੨੧॥੯੦॥
(ਹੇ ਭਾਈ!) ਗੁਰੂ ਦੇ ਦੀਦਾਰ ਦੀ ਬਰਕਤਿ ਨਾਲ (ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁਝਾ ਲੈਂਦਾ ਹੈ,
ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਹਉਮੈ ਮਾਰ ਲੈਂਦਾ ਹੈ।
ਗੁਰੂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਦਾ) ਮਨ (ਵਿਕਾਰਾਂ ਵਾਲੇ ਪਾਸੇ) ਡੋਲਦਾ ਨਹੀਂ,
(ਕਿਉਂਕਿ) ਗੁਰੂ ਦੀ ਸਰਨ ਪੈ ਕੇ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ ॥੧॥
(ਹੇ ਭਾਈ!) ਜਦੋਂ ਗੁਰੂ ਦੀ ਰਾਹੀਂ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਜਦੋਂ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ,
ਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਦੋਂ ਸਾਰਾ ਜਗਤ ਸਦਾ-ਥਿਰ ਪਰਮਾਤਮਾ ਦਾ ਰੂਪ ਦਿੱਸਦਾ ਹੈ ॥੧॥ ਰਹਾਉ ॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,
ਗੁਰੂ ਦੀ ਕਿਰਪਾ ਨਾਲ ਹਰਿ ਕੀਰਤਨ ਦਾ ਗਾਇਨ ਕਰਦਾ ਹੈ।
(ਇਸਦਾ ਨਤੀਜਾ ਇਹ ਨਿਕਲਦਾ ਹੈ ਕਿ) ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ,
(ਕਿਉਂਕਿ) ਗੁਰੂ ਦੀ ਮੇਹਰ ਨਾਲ ਮਨੁੱਖ (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਖ਼ਲਾਸੀ ਪਾ ਲੈਂਦਾ ਹੈ ॥੨॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖ਼ਾਤਰ ਭਟਕਣ ਦੂਰ ਹੋ ਜਾਂਦੀ ਹੈ।
ਗੁਰੂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਹੀ ਸਾਰੇ ਧਰਮਾਂ ਦਾ (ਸਾਰ) ਹੈ।
(ਜਿਸ ਮਨੁੱਖ ਉਤੇ ਗੁਰੂ ਦੇ ਸਨਮੁਖ ਰਹਿਣ ਵਾਲੇ) ਗੁਰਮੁਖ ਦਇਆਵਾਨ ਹੁੰਦੇ ਹਨ, ਉਸ ਤੇ ਪਰਮਾਤਮਾ ਭੀ ਦਇਆਵਾਨ ਹੋ ਜਾਂਦਾ ਹੈ।
(ਹੇ ਭਾਈ!) ਮੇਰੀ ਜਿੰਦ ਭੀ ਗੁਰਮੁਖਾਂ ਦੇ ਚਰਨਾਂ ਵਿਚ ਹੀ ਵਾਰਨੇ ਜਾਂਦੀ ਹੈ ॥੩॥
ਗੁਰੂ ਦੀ ਮੇਹਰ ਨਾਲ ਜਦੋਂ ਮੈਂ ਕਿਰਪਾ ਦੇ ਖ਼ਜ਼ਾਨੇ, ਕਿਰਪਾ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ,
ਸਾਧ-ਸੰਗਤਿ ਵਿਚ ਮੇਰਾ ਜੀਅ ਪਰਚਦਾ ਹੈ।
ਮੈਂ ਗੁਣ-ਹੀਨ ਉਤੇ ਪ੍ਰਭੂ ਨੇ ਦਇਆ ਕੀਤੀ,
ਹੇ ਨਾਨਕ! (ਆਖ = ਹੇ ਭਾਈ!) ਸਾਧ ਸੰਗਤਿ ਵਿਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ ॥੪॥੨੨॥੯੧॥
(ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ ਭਗਵਾਨ ਦਾ ਸਿਮਰਨ ਕੀਤਾ ਹੈ,
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,
(ਉਸ ਮੰਤਰ ਦੀ ਬਰਕਤਿ ਨਾਲ) ਉਹ ਅਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਨ,
(ਹੇ ਭਾਈ!) ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ ॥੧॥
ਹੇ ਭਾਈ! ਤਦੋਂ ਤੋਂ ਮੇਰੀ ਭੈੜੀ ਤੇ ਬੇ-ਸਮਝੀ ਵਾਲੀ ਮਤਿ ਦੂਰ ਹੋ ਗਈ ਹੈ,
ਜਦੋਂ ਤੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਮੈਂ ਕੰਨੀਂ ਸੁਣੀ ਹੈ ॥੧॥ ਰਹਾਉ ॥
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਹਰਿ-ਜਸ ਕੰਨੀਂ ਸੁਣਿਆ ਹੈ) ਆਤਮਕ ਅਡੋਲਤਾ, ਸੁਖ ਅਨੰਦ ਦੇ ਖ਼ਜ਼ਾਨੇ-
ਰੱਖਣਹਾਰ ਪਰਮਾਤਮਾ ਨੇ ਆਖ਼ਰ ਉਹਨਾਂ ਦੀ (ਸਦਾ) ਰੱਖਿਆ ਕੀਤੀ ਹੈ।
ਉਹਨਾਂ ਦੇ ਦੁੱਖ, ਦਰਦ, ਡਰ, ਵਹਿਮ ਸਾਰੇ ਨਾਸ ਹੋ ਜਾਂਦੇ ਹਨ।
ਪਰਮਾਤਮਾ ਮਿਹਰ ਕਰ ਕੇ ਉਨ੍ਹਾਂ ਦੇ ਜਨਮ ਮਰਨ ਦੇ ਗੇੜ (ਭੀ) ਮੁਕਾ ਦੇਂਦਾ ਹੈ ॥੨॥
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਹਰ ਥਾਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਵੇਖਦਾ ਹੈ ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ,
ਜਿਹੜਾ ਹਰ ਵੇਲੇ ਤੇਰੇ ਅੰਗ-ਸੰਗ ਹੈ, ਉਸਦਾ ਭਜਨ ਕਰ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ,
ਉਸਨੂੰ ਗੁਣਾਂ ਦਾ ਖ਼ਜ਼ਾਨਾ ਇਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿੱਸਦਾ ਹੈ ॥੩॥
(ਹੇ ਭਾਈ! ਉਹ ਮਨੁੱਖ) ਸਿਫ਼ਤ-ਸਾਲਾਹ ਕਰਨ ਵਾਲੇ ਤੇ ਸਿਫ਼ਤ-ਸਾਲਾਹ ਸੁਣਨ ਵਾਲੇ ਸਭੇ ਪਵਿੱਤ੍ਰ ਜੀਵਨ ਵਾਲੇ ਬਣ ਜਾਂਦੇ ਹਨ,
ਜੇਹੜੇ ਸਦਾ ਹੀ ਗੋਬਿੰਦ ਦੇ ਗੁਣ ਗਾਂਦੇ ਹਨ
ਨਾਨਕ ਆਖਦਾ ਹੈ- (ਹੇ ਪ੍ਰਭੂ!) ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ,
(ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ) ਉਸਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ ॥੪॥੨੩॥੯੨॥
(ਹੇ ਭਾਈ!) ਗੁਰੂ (ਮਨੁੱਖ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ (ਉਸ ਪਾਸੋਂ) ਪਰਮਾਤਮਾ ਦਾ ਸਿਮਰਨ ਕਰਾਂਦਾ ਹੈ।
(ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦੀ) ਅਟੱਲ ਸੁਰਤ ਬੱਝ ਜਾਂਦੀ ਹੈ।
(ਹੇ ਭਾਈ! ਗੁਰੂ ਦੀ ਸਰਨ ਪਿਆਂ ਮਨ ਦੇ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖੀ ਜੀਵਨ ਵਾਲਾ ਹੋ ਜਾਈਦਾ ਹੈ।
ਸੋ, ਗੁਰੂ ਇਹੋ ਜਿਹਾ ਉੱਚੀ ਦਾਤ ਬਖ਼ਸ਼ਣ ਵਾਲਾ ਕਿਹਾ ਜਾਂਦਾ ਹੈ ॥੧॥
(ਹੇ ਭਾਈ!) ਉਹ ਸਤਿਗੁਰੂ ਆਤਮਕ ਆਨੰਦ ਦੀ ਦਾਤ ਬਖ਼ਸ਼ਣ ਵਾਲਾ ਹੈ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਂਦਾ ਹੈ,
ਤੇ ਮਿਹਰ ਕਰ ਕੇ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ ॥੧॥ ਰਹਾਉ ॥
(ਪਰ) ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੋਵੇ ਉਸ ਨੂੰ ਆਪ (ਹੀ) ਗੁਰੂ ਮਿਲਾਂਦਾ ਹੈ,
ਉਹ ਮਨੁੱਖ (ਫਿਰ) ਗੁਰੂ ਪਾਸੋਂ (ਆਤਮਕ ਜੀਵਨ ਦੇ) ਸਾਰੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ।
ਉਹ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ ਤਿਆਗ ਦੇਂਦਾ ਹੈ, ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਗੁਰੂ ਦੀ ਸੰਗਤਿ ਵਿਚ (ਰਹਿ ਕੇ) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੨॥
(ਹੇ ਭਾਈ! ਗੁਰ-ਸਰਨ ਦੀ ਬਰਕਤਿ ਨਾਲ) ਪ੍ਰਭੂ ਜੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਹਨ,