ਪਰਮਾਤਮਾ ਅਟੱਲ ਹੈ, ਬੇ-ਮੁਥਾਜ, ਉਸ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ, ਨਾਹ ਹੀ (ਉਸ ਦੇ ਹੁਕਮ ਅੱਗੇ) ਕੋਈ ਦਲੀਲ ਪੇਸ਼ ਕੀਤੀ ਜਾ ਸਕਦੀ ਹੈ;
ਗੁਰਮੁਖ ਮਨੁੱਖ ਆਪਾ-ਭਾਵ ਛੱਡ ਕੇ ਉਸ ਦੀ ਸਰਨੀਂ ਪੈਂਦਾ ਹੈ, ਉਸ ਦੇ ਭਾਣੇ ਅੱਗੇ ਸਿਰ ਨਿਵਾਂਦਾ ਹੈ,
(ਤਾਹੀਏਂ) ਗੁਰਮੁਖ ਨੂੰ ਜਮਰਾਜ ਕੋਈ ਤਾੜਨਾ ਨਹੀਂ ਕਰ ਸਕਦਾ, ਉਸ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।
ਹੇ ਨਾਨਕ! ਪ੍ਰਭੂ ਦਾ ਸੇਵਕ ਉਸ ਨੂੰ ਕਿਹਾ ਜਾ ਸਕਦਾ ਹੈ ਜੋ (ਆਪਾ-ਭਾਵ ਛੱਡ ਕੇ) ਸੱਚੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥
(ਹੇ ਪ੍ਰਭੂ!) ਇਹ ਜਿੰਦ ਤੇ ਇਹ ਸਰੀਰ ਸਭ ਤੇਰੀ ਬਖ਼ਸ਼ੀ ਹੋਈ ਦਾਤ ਹੈ,
(ਤੇਰਾ ਸ਼ੁਕਰ ਕਰਨ ਦੇ ਥਾਂ) ਬੜੀਆਂ ਚਲਾਕੀਆਂ (ਕਰਨੀਆਂ) ਹਉਮੈ ਤੇ ਮਮਤਾ ਦੇ ਕਾਰਨ ਹੀ ਹੈ।
ਜੇ ਮਨੁੱਖ (ਤੇਰੀ ਯਾਦ ਭੁਲਾ ਕੇ) ਲੋਭ ਤੇ ਮੋਹ ਵਿਚ ਫਸੇ ਹੋਏ ਹੋਰ ਕੰਮ ਕਰਦੇ ਹਨ, ਹਉਮੈ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ;
(ਪਰ) ਹੇ ਨਾਨਕ! (ਕਿਸੇ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ), ਕਰਤਾਰ ਸਭ ਕੁਝ ਆਪ ਕਰਾ ਰਿਹਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ ਉਸਨੂੰ ਚੰਗੀ ਗੱਲ ਸਮਝਣਾ (-ਇਹੀ ਹੈ ਜੀਵਨ ਦਾ ਸਹੀ ਰਸਤਾ) ॥੨॥
ਉਸ ਮਨੁੱਖ ਦੀ (ਜਿੰਦ ਦੀ) ਖ਼ੁਰਾਕ ਤੇ ਪੁਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ, ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ,
ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ) ਸਭ ਦਾਤਾਂ ਦੇਣ ਵਾਲਾ ਪ੍ਰਭੂ ਮਿਲਾ ਦਿੱਤਾ ਹੈ।
ਉਹਨਾਂ ਬੰਦਿਆਂ ਦੀ ਕਿਸਮਤ ਪੂਰੀ ਖੁਲ੍ਹ ਜਾਂਦੀ ਹੈ ਜੋ ਨਿਰੰਕਾਰ ਨੂੰ ਸਿਮਰਦੇ ਹਨ।
ਉਹ ਸਤਸੰਗ ਦਾ ਆਸਰਾ ਲੈ ਕੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦੀ ਵਡਿਆਈ ਕਰ ॥੩੫॥
ਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ;
ਅੰਨ ਪਾਣੀ ਬਹੁਤਾ ਪੈਦਾ ਕਰ, ਜੀਵਾਂ ਦੇ ਦੁੱਖ-ਦਲਿੱਦਰ ਦੂਰ ਕਰ ਕੇ ਬਚਾ ਲੈ-
(ਸ੍ਰਿਸ਼ਟੀ ਦੀ ਇਹ) ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ।
(ਇਸੇ ਤਰ੍ਹਾਂ) ਹੇ ਪ੍ਰਭੂ! ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ (ਇਹਨਾਂ ਦੀ) ਸਾਰੀ ਬਿਪਤਾ ਦੂਰ ਕਰ ਦੇਹ।
ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਦਾ ਨਾਮ ਸਿਮਰ, ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥
ਜਦੋਂ ਕਰਤਾਰ ਨੇ ਹੁਕਮ ਦਿੱਤਾ, ਸੋਹਣੇ ਬੱਦਲ ਆ ਕੇ ਵਰ੍ਹ ਪਏ,
ਤੇ ਉਸ ਪ੍ਰਭੂ ਨੇ ਬੇਅੰਤ ਰਿਜ਼ਕ (ਜੀਵਾਂ ਲਈ) ਪੈਦਾ ਕੀਤਾ, ਸਾਰੇ ਜਗਤ ਵਿਚ ਠੰਢ ਪੈ ਗਈ, (ਇਸੇ ਤਰ੍ਹਾਂ ਕਰਤਾਰ ਦੀ ਮਿਹਰ ਨਾਲ ਗੁਰੂ-ਬੱਦਲ ਦੇ ਉਪਦੇਸ਼ ਦੀ ਵਰਖਾ ਨਾਲ ਬੇਅੰਤ ਨਾਮ-ਧਨ ਪੈਦਾ ਹੋਇਆ ਤੇ ਗੁਰੂ ਦੇ ਸਰਨ ਆਉਣ ਵਾਲੇ ਵਡ-ਭਾਗੀਆਂ ਦੇ ਅੰਦਰ ਠੰਢ ਪਈ)
ਅਪਹੁੰਚ ਤੇ ਬੇਅੰਤ ਪ੍ਰਭੂ ਦਾ ਸਿਮਰਨ ਕਰਨ ਨਾਲ ਉਹਨਾਂ ਦਾ ਤਨ ਮਨ ਖਿੜ ਪਿਆ।
ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ! ਆਪਣੀ ਮਿਹਰ ਕਰ (ਮੈਨੂੰ ਭੀ ਇਹੀ ਨਾਮ-ਧਨ ਦੇਹ),
ਜੋ ਤੂੰ ਕਰਨਾ ਚਾਹੁੰਦਾ ਹੈਂ ਉਹੀ ਤੂੰ ਕਰਦਾ ਹੈਂ, ਮੈਂ ਨਾਨਕ ਤੈਥੋਂ ਸਦਕੇ ਹਾਂ ॥੨॥
ਪ੍ਰਭੂ (ਇਤਨਾ) ਵੱਡਾ ਹੈ (ਕਿ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੀ ਵਡਿਆਈ ਭੀ ਵੱਡੀ ਹੈ (ਭਾਵ, ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਭੀ ਬੇਅੰਤ ਹੈ);
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੀ ਵਡਿਆਈ) ਵੇਖੀ ਹੈ ਉਸ ਦੇ ਅੰਦਰ ਖਿੜਾਉ ਪੈਦਾ ਹੋ ਗਿਆ ਹੈ, ਸ਼ਾਂਤੀ ਆ ਵੱਸੀ ਹੈ।
ਹੇ ਭਾਈ! (ਆਪਣੀ ਰਚੀ ਹੋਈ ਰਚਨਾ ਵਿਚ) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ;
ਪ੍ਰਭੂ ਆਪ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਉਸ ਨੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ, ਆਪਣੇ ਹੁਕਮ ਵਿਚ ਚਲਾ ਰਿਹਾ ਹੈ।
ਹੇ ਨਾਨਕ! ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਸਾਰੀ ਸ੍ਰਿਸ਼ਟੀ ਉਸੇ ਦੀ ਰਜ਼ਾ ਵਿਚ ਤੁਰ ਰਹੀ ਹੈ ॥੩੬॥੧॥ਸੁਧੁ ॥
ਰਾਗ ਸਾਰੰਗ ਵਿੱਚ ਭਗਤਾਂ ਦੀ ਬਾਣੀ। ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ?
ਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ? ॥੧॥ ਰਹਾਉ ॥
ਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ,
ਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ॥੧॥
(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ।
ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ॥੨॥