ਹੇ ਭਾਈ! ਹੇ ਭਰਾਵੋ! ਆਓ, ਅਸੀਂ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ।
ਹੇ ਭਾਈ! ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ। ਆਓ ਪਰਮਾਤਮਾ ਵਲੋਂ ਅਸੀਸਾਂ ਮੰਗੀਏ (ਅਰਦਾਸਾਂ ਕਰੀਏ ਉਸ ਨਾਲ ਮੇਲ ਲਈ)।
(ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ। ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ।
ਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਨਾਮ ਸਿਮਰਨ ਦੀ ਖੇਡ ਖੇਡੋ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ ਸਦਾ ਲਈ ਅਟੱਲ ਹੈ।
ਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ। ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ ॥੨॥
ਹੇ ਭਾਈ! ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ (ਪੂਰਬਲੇ ਕੀਤੇ ਕਰਮਾਂ ਅਨੁਸਾਰ) ਦੁੱਖ ਅਤੇ ਸੁਖ-ਰੂਪ ਲੇਖ ਲਿਖੇ ਹੋਏ ਉਸ ਦੇ ਨਾਲ ਹੀ ਆਉਂਦੇ ਹਨ।
ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ।
(ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। ਇੰਜ ਜੀਵ ਨੂੰ ਜਿਧਰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ।
(ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ)।
(ਮਾਇਆ ਦੇ ਮੋਹ ਵਿਚ) ਜੀਵ ਦੀ ਮੱਤ ਥੋੜ੍ਹ-ਵਿਤੀ ਹੋ ਜਾਂਦੀ ਹੈ ਤੇ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ, ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ)।
ਜੀਵ ਜਗਤ ਵਿਚ ਮਰਜਾਦਾ-ਰਹਿਤ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ ॥੩॥
ਜੇ ਕਿਸੇ ਨੇ (ਇਸ ਮੌਤ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ, ਪਰ ਜਿਸ ਪਿਆਰੇ ਸੰਭੰਧੀ ਦਾ ਸੱਦਾ ਆਇਆ ਹੈ ਉਸ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਉਸ ਨੇ ਚਲੇ ਹੀ ਜਾਣਾ ਹੈ)।
(ਪ੍ਰਭੂ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਜੋ ਉਸ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ)।
ਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ।
ਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ।
(ਮਰੇ ਹੋਏ ਦੇ ਸੰਭੰਧੀ) ਸਹਮ ਵਿਚ ਰੋਂਦੇ ਹਨ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦੇ ਹਨ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ।
ਹੇ ਨਾਨਕ! ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ ॥੪॥੫॥
ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ।
ਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ।
ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।
ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੋ ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਹ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ।
ਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ।
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ।
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ।
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗਵਾਂਦੀ ਹੈ, ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ ਤੇ ਉਹ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ ਜਾਣਦੀ ਹੈ।
ਉਸ ਜੀਵ-ਇਸਤ੍ਰੀ ਦੀ (ਪ੍ਰਭੂ-ਮਿਲਾਪ ਦੀ) ਇੱਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ।
ਜੇਹੜੀ (ਜੀਵ-ਇਸਤ੍ਰੀ) ਗੁਰ-ਸ਼ਬਦ ਦੇ ਰੰਗ ਵਿਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿਚ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ ਵਿਚ ਲੀਨ ਰਹਿੰਦੀ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ।