ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।
ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।
ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,
ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?
(ਹੇ ਭਾਈ!) ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।
ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥
(ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ।
ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ॥੨॥
ਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ,
ਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ।
ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।
ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ।
(ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ॥੪॥
ਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।
(ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ
(ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ।
ਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ॥੧॥
ਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ।
(ਇਸੇ ਕਰਕੇ) ਸਤਿਗੁਰੂ ਨੇ ਨਿਸ਼ਚਾ ਕਰਾਇਆ ਹੈ (ਕਿ) ਸੱਚਾ ਪ੍ਰਭੂ (ਨਾਲ ਨਿਭਣ-ਜੋਗ ਹੈ), (ਤਾਂ ਤੇ) ਪ੍ਰਭੂ ਵਿਚ ਬਿਰਤੀ ਜੋੜੀ ਰੱਖੋ।
ਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ ॥੨॥
ਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।
ਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ।
ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ।
ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।
(ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ) ॥੫॥
ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ,
ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ,
(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥
ਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ), (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ ॥੨॥
ਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।
ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।
ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।
ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ।
ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥
ਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।
ਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)।