ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਬ੍ਰਹਮਾ ਆਦਿਕ ਭੀ ਉਸ ਦੇ ਗੁਣ ਯਾਦ ਕਰ ਰਹੇ ਹਨ।
ਸ਼ੇਸ਼ਨਾਗ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ।
ਜਿਸ ਗੁਰੂ ਨਾਨਕ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ (ਸਾਂਝ ਪਾਈ ਹੈ,) ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ (ਭੀ) ਗਾਂਦਾ ਹੈ।
ਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦੇ ਗੁਣ ਗਾਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ' ॥੫॥
(ਗੁਰੂ ਨਾਨਕ ਦੇਵ ਜੀ ਨੇ) ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿਚ ਵੱਸ ਰਿਹਾ ਹੈ।
(ਗੁਰੂ ਨਾਨਕ ਦੇਵ) ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ।
ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿਕ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ (ਗੁਰੂ ਨਾਨਕ ਦੇਵ ਜੀ ਦੇ) ਗੁਣ ਗਾ ਰਹੇ ਹਨ।
ਧੰਨ ਹੈ ਗੁਰੂ (ਨਾਨਕ)! ਧੰਨ ਹੈ ਗੁਰੂ (ਨਾਨਕ)! ਜਗਤ ਵਿਚ (ਉਸ ਦਾ) ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ।
ਦਾਸ ਕਲ੍ਯ੍ਯ ਕਵੀ ਬੇਨਤੀ ਕਰਦਾ ਹੈ- (ਹੇ ਗੁਰੂ ਨਾਨਕ!) ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ (ਉਠ ਰਹੀ ਹੈ)।
ਹਰੀ ਦੇ ਨਾਮ ਦੇ ਰਸੀਏ ਹੇ ਗੁਰੂ ਨਾਨਕ! ਤੂੰ ਰਾਜ ਤੇ ਜੋਗ ਦੋਵੇਂ ਹੀ ਮਾਣੇ ਹਨ ॥੬॥
(ਹੇ ਗੁਰੂ ਨਾਨਕ!) ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ।
ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ)।
(ਹੇ ਗੁਰੂ ਨਾਨਕ!) ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ।
(ਤੂੰ ਹੀ) ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ)।
ਹੇ ਗੁਰੂ ਨਾਨਕ! ਕਲਜੁਗ ਵਿਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ।
(ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ ॥੭॥
(ਉਸ ਗੁਰੂ ਨਾਨਕ ਦੇ) ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ,
ਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; (ਜੋ) ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ।
(ਜੋ ਗੁਰੂ ਨਾਨਕ) ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ,
(ਜੋ ਗੁਰੂ ਨਾਨਕ) ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿਚ ਸੁਰਤੀ ਜੋੜ ਕੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ, (ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ।
ਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ) ਜਸ ਗਾਂਵਿਆ ਹੈ।
ਹੇ ਕਲ੍ਯ੍ਯ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿਚ ਆਪਣਾ ਪ੍ਰਭਾਵ ਪਾ ਰਹੀ ਹੈ ॥੮॥
ਪਾਤਾਲ ਵਿਚ ਭੀ (ਸ਼ੇਸ਼-) ਨਾਗ ਆਦਿਕ ਹੋਰ ਸਰਪ-ਭਗਤ (ਗੁਰੂ ਨਾਨਕ ਦੇ) ਗੁਣ ਗਾ ਰਹੇ ਹਨ।
???
ਜਿਸ (ਵਿਆਸ ਮੁਨੀ) ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।
ਜਿਸ (ਬ੍ਰਹਮਾ) ਨੇ ਅਕਾਲ ਪੁਰਖ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ (ਗੁਰੂ ਨਾਨਕ ਦੇ) ਗੁਣ ਉਚਾਰ ਰਿਹਾ ਹੈ।
ਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇੱਕੋ ਜਿਹਾ ਪਛਾਣਿਆ ਹੈ,
ਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਹੇ ਕਲ੍ਯ੍ਯ! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ ॥੯॥
ਨੌ ਨਾਥ (ਭੀ) ਗੁਰੂ ਨਾਨਕ ਦੇ ਗੁਣ ਗਾਂਦੇ ਹਨ (ਤੇ ਆਖਦੇ ਹਨ), "ਗੁਰੂ ਨਾਨਕ ਧੰਨ ਹੈ ਜੋ ਸੱਚੇ ਹਰੀ ਵਿਚ ਜੁੜਿਆ ਹੋਇਆ ਹੈ।"
ਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ।
ਸਤਵੇਂ ਪਾਤਾਲ ਵਿਚ ਵੱਸਦਾ ਹੋਇਆ ਰਾਜਾ ਬਲਿ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।
ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰੀ ਭੀ ਸਦਾ (ਗੁਰੂ ਨਾਨਕ ਦੇ) ਗੁਣ ਉੱਚਾਰ ਰਿਹਾ ਹੈ।
ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਂਵਿਆਂ ਹੈ।
ਹੇ ਕਲ੍ਯ੍ਯ ਕਵੀ! ਗੁਰੂ ਨਾਨਕ ਦੀ ਸੋਹਣੀ ਸੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਹਿਰਦੇ ਵਿਚ ਟਿਕੀ ਹੋਈ ਹੈ ॥੧੦॥