(ਪਰਮਾਤਮਾ ਦੀ ਨੌਕਰੀ ਦੀ) ਦੌੜ-ਭੱਜ ਵਾਸਤੇ ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ।
ਹੇ ਨਾਨਕ! ਇੰਜ ਕਰਨ ਨਾਲ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ ॥੪॥੨॥
ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ,
ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ,
ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ ਤੇ ਇੰਜ ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ।
ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ॥੧॥
ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ।
ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ॥ ਰਹਾਉ॥
ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ।
ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ।
ਉਹ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤ ਨਹੀਂ ਲੱਗਦੀ।
ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ। ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥
ਸਾਧ ਸੰਗਤ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ।
ਉਹ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ।
ਉਹ ਆਤਮਕ-ਸੂਝ ਤੋਂ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਪਰਮਾਤਮਾ ਦਾ ਘਰ ਤੇ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ।
ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ॥੩॥
ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਤਾਂ ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ।
ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ।
ਹੇ ਨਾਨਕ! ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਕੇਵਲ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ ॥੪॥੩॥
ਹੇ ਪ੍ਰਭੂ! ਇਹ ਸਾਰੀ ਸ੍ਰਿਸ਼ਟੀ ਤੇਰਾ ਚੁਬਾਰਾ ਹੈ, ਚਾਰੇ ਪਾਸੇ ਉਸ ਚੁਬਾਰੇ ਦੀਆਂ ਚਾਰ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ ਹੈ (ਫ਼ਰਸ਼ ਹੈ), ਆਕਾਸ਼ ਉਸ ਚੁਬਾਰੇ ਦਾ (ਉਪਰਲਾ) ਪੁੜ ਹੈ (ਛੱਤ ਹੈ)।
ਇਸ ਚੁਬਾਰੇ ਵਿਚ ਤੇਰਾ ਨਿਵਾਸ ਹੈ। ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਮੂਰਤੀਆਂ ਤੇਰੀ ਹੀ ਸ੍ਰੇਸ਼ਟ ਟਕਸਾਲ ਵਿਚ ਘੜੀਆਂ ਗਈਆਂ ਹਨ ॥੧॥
ਹੇ ਮੇਰੇ ਮਾਲਿਕ! ਤੇਰੇ ਕੌਤਕ ਅਚਰਜ ਹਨ।
ਤੂੰ ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਪਰ (ਸਾਰੇ ਪੁਲਾੜ ਵਿਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ ॥ ਰਹਾਉ॥
ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)।
ਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿਚ ਲੁਕ ਕੇ ਫਿਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ ॥੨॥
ਅੰਡੇ ਵਿਚੋਂ, ਜਿਓਰ ਵਿਚੋਂ, ਧਰਤੀ ਵਿਚੋਂ, ਮੁੜ੍ਹਕੇ ਵਿਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ।
ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ ॥੩॥
ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ!
ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ! ਸੁਣ! ਮੈਨੂੰ ਪੱਥਰ ਵਾਂਗ ਵਿਕਾਰਾਂ ਵਿਚ ਡੁੱਬ ਰਹੇ ਨੂੰ ਬਚਾ ਲੈ! ॥੪॥੪॥
(ਹੇ ਮੇਰੇ ਠਾਕੁਰ!) ਮੈਂ ਵਿਕਾਰੀ ਹਾਂ, (ਸਦਾ ਵਿਕਾਰਾਂ ਵਿਚ ਹੀ) ਡਿਗਿਆ ਰਹਿੰਦਾ ਹਾਂ, ਬੜਾ ਹੀ ਪਖੰਡੀ ਹਾਂ, ਤੂੰ ਪਵਿਤ੍ਰ ਨਿਰੰਕਾਰ ਹੈਂ।
ਜੇਹੜੇ, ਹੇ ਮੇਰੇ ਠਾਕੁਰ! ਤੇਰੀ ਸ਼ਰਨ ਆ ਕੇ ਅਟੱਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਰਸ ਚੱਖਦੇ ਹਨ, ਉਹ ਸਭ ਤੋਂ ਉੱਚੇ ਰਸ ਵਿਚ ਮਸਤ ਰਹਿੰਦੇ ਹਨ ॥੧॥
ਹੇ ਮੇਰੇ ਕਰਤਾਰ! ਮੈਂ ਨਿਮਾਣੇ ਵਾਸਤੇ ਤੂੰ ਹੀ ਮਾਣ ਹੈਂ (ਮੈਨੂੰ ਤੇਰਾ ਹੀ ਮਾਣ ਹੈ, ਆਸਰਾ ਹੈ)।
ਮਾਣ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ-ਧਨ ਹੈ ਤੇ ਜੋ ਗੁਰ-ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥ ਰਹਾਉ॥
(ਹੇ ਪ੍ਰਭੂ!) ਤੂੰ ਗੁਣਾਂ ਨਾਲ ਭਰਪੂਰ ਹੈਂ, ਅਸੀਂ ਜੀਵ ਊਣੇ ਹਾਂ ਤੇ ਥੋੜ੍ਹ-ਵਿਤੇ ਹਾਂ, ਤੂੰ ਗੰਭੀਰ ਹੈਂ ਤੇ ਅਸੀਂ ਹੌਲੇ ਹਾਂ।