ਜੇ ਗੁਰੂ ਮਿਲ ਪਏ ਤਾਂ (ਚੌਰਾਸੀ ਲੱਖ ਜੂਨਾਂ ਵਾਲਾ) ਫੇਰਾ ਨਹੀਂ ਪੈਂਦਾ, ਜਨਮ ਮਰਨ ਵਿਚ ਪਾਣ ਵਾਲਾ ਦੁਖ ਦੂਰ ਹੋ ਜਾਂਦਾ ਹੈ।
ਪੂਰੇ (ਅਭੁੱਲ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਪਰਮਾਤਮਾ ਦੇ ਨਾਮ ਵਿਚ ਲੀਨ ਟਿਕਿਆ ਰਹਿੰਦਾ ਹੈ ॥੧॥
ਹੇ ਮੇਰੇ ਮਨ! ਗੁਰੂ ਨਾਲ ਚਿੱਤ ਜੋੜ।
(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦਾ ਪਵਿੱਤ੍ਰ ਨਾਮ ਸਦਾ ਨਵੇਂ ਆਨੰਦ ਵਾਲਾ ਲੱਗਦਾ ਹੈ, ਤੇ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥
ਹੇ ਪ੍ਰਭੂ ਜੀ! ਤੂੰ (ਜੀਵਾਂ ਨੂੰ) ਆਪਣੀ ਸਰਨ ਵਿਚ ਰੱਖ, ਜਿਸ ਆਤਮਕ ਅਵਸਥਾ ਵਿਚ ਤੂੰ (ਜੀਵਾਂ ਨੂੰ) ਰੱਖਦਾ ਹੈਂ ਉਸੇ ਵਿਚ ਉਹ ਰਹਿੰਦੇ ਹਨ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਮਨੁੱਖ ਦੁਨੀਆ ਵਿਚ ਵਿਚਰਦਾ ਹੋਇਆ ਹੀ ਵਿਕਾਰਾਂ ਵਲੋਂ ਹਟਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥
(ਹੇ ਭਾਈ!) ਪਰਮਾਤਮਾ ਦਾ ਨਾਮ ਵੱਡੀ ਕਿਸਮਤ ਨਾਲ ਮਿਲਦਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਗੁਰੂ ਦੇ ਸ਼ਬਦ ਵਿਚ ਜੁੜਿਆਂ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ।
ਕਰਤਾਰ ਪ੍ਰਭੂ ਆਪ ਹੀ ਮਨ ਵਿਚ ਆ ਵੱਸਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੩॥
ਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲੱਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ) ਬੰਧਨ ਵਿਚ ਬੰਨ੍ਹ ਕੇ (ਜਨਮ ਮਰਨ ਦੇ ਗੇੜ ਵਿਚ) ਭਵਾਇਆ ਜਾਂਦਾ ਹੈ।
ਉਹ ਚੌਰਾਸੀ ਲੱਖ ਜੂਨਾਂ ਵਿਚ ਮੁੜ ਮੁੜ ਜੰਮਦਾ ਹੈ, ਤੇ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ ॥੪॥
ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
ਉਹ ਸਦਾ ਹਰ ਵੇਲੇ ਪਰਮਾਤਮਾ ਦੇ ਪਵਿਤ੍ਰ ਗੁਣ ਗਾਂਦੇ ਰਹਿੰਦੇ ਹਨ, (ਜਿਸ ਦੀ ਬਰਕਤਿ ਨਾਲ ਉਹ) ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ।
ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਇਕ ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ। ਪਰਮਾਤਮਾ ਦਾ ਹੀ ਆਰਾਧਨ ਕਰਦੇ ਹਨ, ਤੇ ਉਸ ਪਰਮਾਤਮਾ ਦੀਆਂ ਹੀ ਕਥਾ-ਕਹਾਣੀਆਂ ਕਰਦੇ ਹਨ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੬॥
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।
(ਉਹ ਵਡ-ਭਾਗੀ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਨਾਲ ਜੁੜੇ ਰਹਿੰਦੇ ਹਨ, ਪ੍ਰਭੂ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੭॥
(ਪਰ ਇਹ ਸਾਰੀ ਖੋਜ ਪਰਮਾਤਮਾ ਦੇ ਆਪਣੇ ਹੀ ਹੱਥ ਵਿਚ ਹੈ) ਪ੍ਰਭੂ ਆਪ ਹੀ (ਸਭ ਜੀਵਾਂ ਵਿਚ ਪ੍ਰੇਰਕ ਹੋ ਕੇ ਸਭ ਕੁਝ) ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਕਈ ਜੀਵਾਂ ਨੂੰ ਭੀ ਪ੍ਰਭੂ ਆਪ ਹੀ ਜਗਾ ਦੇਂਦਾ ਹੈ।
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੋੜ ਕੇ ਪ੍ਰਭੂ ਆਪ ਹੀ (ਉਹਨਾਂ ਨੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥੭॥੨੪॥
ਜੇ ਗੁਰੂ ਦਾ ਪੱਲਾ ਫੜੀ ਰੱਖੀਏ, ਤਾਂ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ)।
(ਜੇਹੜਾ ਮਨੁੱਖ ਗੁਰੂ ਦੇ ਦਰ ਤੇ ਆ ਜਾਂਦਾ ਹੈ ਉਸ ਦੇ) ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਉਹ ਸਦਾ ਲਈ ਆਤਮਕ ਸੁਖ ਮਾਣਦਾ ਹੈ, ਉਸ ਨੂੰ ਡੂੰਘਾ ਤੇ ਵੱਡੇ ਜਿਗਰੇ ਵਾਲਾ ਪਰਮਾਤਮਾ ਮਿਲ ਪੈਂਦਾ ਹੈ।
ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ ਟਿਕੇ ਰਿਹਾਂ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਾਉ ਹਾਸਲ ਕਰ ਲੈਂਦਾ ਹੈ ॥੧॥
ਹੇ ਮੇਰੇ ਮਨ! ਝਾਕਾ ਲਾਹ ਕੇ ਗੁਰੂ ਦੀ ਸਰਨ ਪਉ।
(ਹੇ ਭਾਈ!) ਗੁਰੂ ਦੀ ਸਰਨ ਪਿਆਂ ਪਰਮਾਤਮਾ ਮਨ ਵਿਚ ਵੱਸਦਾ ਹੈ, ਤੇ (ਮਨ ਨੂੰ ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ ॥੧॥ ਰਹਾਉ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ; ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ ਮਿਲ ਜਾਂਦਾ ਹੈ।
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਨਾਲ ਜਾਣ-ਪਛਾਣ ਨਹੀਂ ਪਾ ਸਕਦੇ (ਇਸ ਵਾਸਤੇ ਆਤਮਕ ਸ਼ਾਂਤੀ ਵਾਸਤੇ) ਉਹਨਾਂ ਨੂੰ ਹੋਰ ਕੋਈ ਥਾਂ-ਥਿੱਤਾ ਨਹੀਂ ਮਿਲਦਾ ॥੨॥
ਸਦਾ-ਥਿਰ ਪ੍ਰਭੂ ਦਾ ਨਾਮ ਜਿਨ੍ਹਾਂ ਮਨੁੱਖਾਂ ਦੀ ਆਤਮਕ ਖ਼ੁਰਾਕ ਬਣ ਗਿਆ ਹੈ, ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ (ਆਦਰ-ਸਤਕਾਰ ਹਾਸਲ ਕਰਨ ਦਾ ਵਸੀਲਾ ਹੈ), ਜਿਨ੍ਹਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਹੀ ਜੁੜੀ ਰਹਿੰਦੀ ਹੈ,
ਜੋ ਮਨੁੱਖ ਸਦਾ-ਥਿਰ ਪ੍ਰਭੂ ਦੀ ਸਦਾ ਸਿਫਤਿ-ਸਾਲਾਹ ਕਰਦੇ ਰਹਿੰਦੇ ਹਨ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਸ਼ਬਦ ਵਿਚ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ ਹੈ,
ਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣ ਲਿਆ ਹੈ, ਗੁਰੂ ਦੀ ਮਤਿ ਤੇ ਤੁਰ ਕੇ ਉਹਨਾਂ ਦੀ ਸੁਰਤ ਅੰਤਰ ਆਤਮੇ ਟਿਕੀ ਰਹਿੰਦੀ ਹੈ ॥੩॥
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਪ੍ਰਭੂ ਹੀ ਜਿਸ ਨੂੰ ਹਰ ਥਾਂ ਬੋਲਦਾ ਦਿੱਸਦਾ ਹੈ ਉਸ ਦਾ ਸਰੀਰ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ ਉਸ ਦਾ ਮਨ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ।
ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਹ ਸਿੱਖਿਆ ਤੇ ਉਪਦੇਸ਼ ਗ੍ਰਹਿਣ ਕਰਦਾ ਹੈ। ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਉਸ (ਵਡਭਾਗੀ ਮਨੁੱਖ) ਦੀ ਸੋਭਾ ਅਟੱਲ ਹੋ ਜਾਂਦੀ ਹੈ।
ਪਰ ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨੂੰ (ਇਥੇ) ਭੁਲਾਈ ਰੱਖਿਆ, ਉਹ (ਇਥੇ ਭੀ) ਦੁਖੀ ਰਹੇ, ਤੇ ਇਥੋਂ ਤੁਰੇ ਭੀ ਦੁਖੀ ਹੋ ਹੋ ਕੇ ॥੪॥
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਨਾਹ ਫੜਿਆ ਉਹਨਾਂ ਦਾ ਸੰਸਾਰ ਵਿਚ ਆਉਣਾ ਵਿਅਰਥ ਗਿਆ।
ਉਹ ਜਮ ਦੇ ਦਰਵਾਜ਼ੇ ਤੇ ਬੱਧੇ ਮਾਰੀ ਕੁੱਟੀਦੇ ਹਨ, ਕੋਈ ਉਹਨਾਂ ਦੀ ਕੂਕ ਪੁਕਾਰ ਵਲ ਧਿਆਨ ਨਹੀਂ ਦੇਂਦਾ।
ਉਹਨਾਂ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੫॥