ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 614


ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥

ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਾ ਹੈ,

ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥

ਹੇ ਨਾਨਕ! (ਆਖ-) (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ॥੪॥੭॥੧੮॥

ਸੋਰਠਿ ਮਹਲਾ ੫ ॥

ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥

ਹੇ ਪਿਆਰੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ।

ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥

ਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ ॥੧॥

ਹਮ ਸੰਤਨ ਸਿਉ ਬਣਿ ਆਈ ॥

ਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ।

ਪੂਰਬਿ ਲਿਖਿਆ ਪਾਈ ॥

ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ।

ਇਹੁ ਮਨੁ ਤੇਰਾ ਭਾਈ ॥ ਰਹਾਉ ॥

ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਰਹਾਉ॥

ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥

(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ।

ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥

ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ ॥੨॥

ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥

ਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ।

ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥

(ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ ॥੩॥

ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥

ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ।

ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥

ਨਾਨਕ ਆਖਦਾ ਹੈ- ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ ॥੪॥੮॥੧੯॥

ਸੋਰਠਿ ਮਃ ੫ ॥

ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥

ਹੇ ਮਨੁੱਖ! ਇਹ ਜਿਤਨਾ ਹੀ ਸਾਜ-ਸਾਮਾਨ ਤੂੰ ਵੇਖ ਰਿਹਾ ਹੈਂ, ਇਹ ਸਾਰਾ ਹੀ (ਅੰਤ) ਛੱਡ ਕੇ ਚਲੇ ਜਾਣਾ ਹੈ।

ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥

ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ, ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥

ਪਿਆਰੇ ਤੂ ਮੇਰੋ ਸੁਖਦਾਤਾ ॥

ਹੇ ਪਿਆਰੇ ਪ੍ਰਭੂ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਤੂੰ ਹੀ ਮੇਰਾ ਸੁਖਾਂ ਦਾ ਦਾਤਾ ਹੈਂ।

ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥

(ਜਦੋਂ ਤੋਂ) ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਤੇਰੇ ਨਾਲ ਹੀ ਪ੍ਰੋਤਾ ਗਿਆ ਹਾਂ ਰਹਾਉ॥

ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥

ਹੇ ਭਾਈ! ਕਾਮ ਕ੍ਰੋਧ ਲੋਭ ਮੋਹ ਅਹੰਕਾਰ-ਇਸ ਵਿਚ ਫਸੇ ਰਿਹਾਂ ਸੁਖ ਨਹੀਂ ਮਿਲਿਆ ਕਰਦਾ।

ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥

ਹੇ ਮੇਰੇ ਮਨ! ਤੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੁ। ਤਦੋਂ ਹੀ ਆਤਮਕ ਆਨੰਦ ਖ਼ੁਸ਼ੀ ਸੁਖ ਪ੍ਰਾਪਤ ਹੁੰਦਾ ਹੈ ॥੨॥

ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥

ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰ, ਜੇਹੜਾ ਕਿਸੇ ਦੀ ਕੀਤੀ ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਤੇ ਹਰੇਕ ਦੇ ਦਿਲ ਦੀ ਜਾਣਦਾ ਹੈ।

ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥

ਹੇ ਭਾਈ! ਜੇਹੜਾ ਪ੍ਰਕਾਸ਼-ਰੂਪ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ-ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ, ਭੇਟਾ ਵਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇਹ ॥੩॥

ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥

ਗੋਬਿੰਦ ਦਾਮੋਦਰ ਦਇਆ-ਦੇ-ਘਰ, ਮਾਇਆ-ਦੇ-ਪਤੀ, ਪਾਰਬ੍ਰਹਮ ਨਿਰੰਕਾਰ ਦੇ-

ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥

ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ, ਨਾਮ ਨੂੰ ਹੀ ਹਿਰਦੇ-ਘਰ ਦਾ ਸਾਮਾਨ ਬਣਾ, ਹੇ ਨਾਨਕ! ਨਾਮ ਹੀ ਜਿੰਦ ਦਾ ਆਸਰਾ ਹੈ ॥੪॥੯॥੨੦॥

ਸੋਰਠਿ ਮਹਲਾ ੫ ॥

ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥

ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ।

ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥

ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥

ਪੂਰੇ ਗੁਰ ਕੀ ਦੇਖੁ ਵਡਾਈ ॥

ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ,

ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥

ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਰਹਾਉ॥

ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ।

ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥

ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥

ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥

ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥

ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥

ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ।

ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

ਨਾਨਕ ਆਖਦਾ ਹੈ- ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੪॥੧੦॥੨੧॥

ਸੋਰਠਿ ਮਹਲਾ ੫ ॥

ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥

(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430