ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1363


ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥

ਕੋਈ ਵਿਰਲਾ ਹੀ ਇਹੋ ਜਿਹਾ (ਸੰਤ-) ਮਿੱਤਰ ਮਿਲਦਾ ਹੈ ਜੋ (ਇਸ ਜੀਵ-ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਈ ਹੋਈ) ਪੱਕੀ ਗੰਢ ਤੋੜ ਸਕਦਾ ਹੈ।

ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥

ਹੇ ਨਾਨਕ! ਲੱਛਮੀ-ਦਾ-ਆਸਰਾ (ਸਾਰੇ ਜਗਤ ਦਾ) ਨਾਥ ਪ੍ਰਭੂ ਹੀ ਸਮਰੱਥ ਹੈ ਜੋ (ਆਪਣੇ ਨਾਲੋਂ) ਟੁੱਟੇ ਹੋਇਆਂ ਨੂੰ ਮੁੜ ਗੰਢ ਲੈਂਦਾ ਹੈ ॥੧੫॥

ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥

ਪਰਮਾਤਮਾ (ਦੇ ਚਰਨਾਂ) ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਪਾਸੀਂ ਦੌੜਦਾ ਫਿਰਦਾ ਹਾਂ,

ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥

(ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ। (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ?

ਤੀਖਣ ਬਾਣ ਚਲਾਇ ਨਾਮੁ ਪ੍ਰਭ ਧੵਾਈਐ ॥

(ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ) ਪਰਮਾਤਮਾ ਦਾ ਨਾਮ (ਸਦਾ) ਸਿਮਰਦੇ ਰਹਿਣਾ ਚਾਹੀਦਾ ਹੈ। (ਸਿਮਰਨ ਦੇ) ਤ੍ਰਿੱਖੇ ਤੀਰ ਚਲਾ ਕੇ-

ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥

ਜਦੋਂ ਪੂਰਾ ਗੁਰੂ ਮਿਲਦਾ ਹੈ (ਉਸ ਦੀ ਸਹਾਇਤਾ ਨਾਲ ਇਹਨਾਂ ਕਾਮਾਦਿਕ) ਵੱਡੇ ਝਗੜਾਲੂਆਂ ਦਾ ਨਾਸ (ਕੀਤਾ ਜਾ ਸਕਦਾ ਹੈ) ॥੧੬॥

ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥

ਗੁਰੂ ਦੀ ਬਖ਼ਸ਼ੀ ਹੋਈ ਹਰਿ-ਨਾਮ- ਦਾਤ ਕਦੇ ਭੀ ਨਹੀਂ ਮੁੱਕਦੀ,

ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥

ਬੇਸ਼ੱਕ ਤੁਸੀਂ ਸਾਰੇ ਇਸ ਦਾਤ ਨੂੰ ਵਰਤੋ। (ਸਗੋਂ) ਗੁਰੂ ਦੀ ਸਰਨ ਪੈ ਕੇ (ਇਸ ਦਾਤ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ।

ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥

ਆਤਮਕ ਜੀਵਨ ਦੇਣ ਵਾਲਾ (ਇਹ) ਨਾਮ-ਖ਼ਜ਼ਾਨਾ ਪਰਮਾਤਮਾ (ਆਪ ਹੀ) ਖ਼ੁਸ਼ ਹੋ ਕੇ ਦੇਂਦਾ ਹੈ।

ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥

ਹੇ ਨਾਨਕ! (ਆਖ-ਹੇ ਭਾਈ!) ਸਦਾ ਇਸ ਨਾਮ ਨੂੰ ਸਿਮਰਿਆ ਕਰ, ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ ॥੧੭॥

ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥

ਜਿਸ ਥਾਂ ਤੇ (ਭੀ ਕੋਈ ਪਰਮਾਤਮਾ ਦਾ) ਭਗਤ ਜਾ ਬੈਠਦਾ ਹੈ, ਉਹ ਥਾਂ (ਸਿਫ਼ਤ-ਸਾਲਾਹ ਦੇ ਵਾਯੂ-ਮੰਡਲ ਨਾਲ) ਸੁਖਦਾਈ ਬਣ ਜਾਂਦਾ ਹੈ,

ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥

ਪਰਮਾਤਮਾ ਦਾ ਨਾਮ ਸਿਮਰਦਿਆਂ (ਉਥੇ) ਸਾਰੇ ਸੁਖ ਹੋ ਜਾਂਦੇ ਹਨ।

ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥

(ਉਥੇ ਆਂਢ-ਗੁਆਂਢ ਰਹਿਣ ਵਾਲੇ ਸਾਰੇ) ਜੀਅ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ। (ਪਰ ਭਾਗਾਂ ਦੀ ਗੱਲ ਹੈ ਕਿ) ਨਿੰਦਾ ਕਰਨ ਵਾਲੇ ਮਨੁੱਖ (ਸੰਤ ਜਨਾਂ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਨਾਲ) ਸੜ ਸੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ।

ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥

ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਜਪ ਕੇ ਸੱਜਣ ਜਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ ॥੧੮॥

ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥

(ਮਾਇਆ ਦੇ ਝੂਠੇ ਰੰਗ ਵਿਚ ਟਿਕੇ ਰਹਿ ਕੇ) ਪਵਿੱਤਰ-ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾ

ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥

ਮਾਇਕ ਪਦਾਰਥਾਂ ਦੇ ਮੋਹ ਵਿਚ (ਫਸੇ ਰਹਿ ਕੇ ਜ਼ਿੰਦਗੀ ਦੀ) ਬੇੜੀ ਬਹੁਤਾ ਵਿਚ (ਸੁਖ ਨਾਲ) ਨਹੀਂ ਚਲਾਈ ਜਾ ਸਕਦੀ, (ਆਖ਼ਰ) ਖ਼ੁਆਰ ਹੀ ਹੋਈਦਾ ਹੈ।

ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥

(ਮਾਇਕ ਪਦਾਰਥਾਂ ਦੇ ਇਹਨਾਂ) ਹਵਾਈ ਕਿਲ੍ਹਿਆਂ ਨੂੰ ਵੇਖ ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈਂ? (ਨਾਹ ਇਹ ਸਦਾ ਕਾਇਮ ਰਹਿਣੇ, ਅਤੇ ਨਾਹ ਹੀ ਇਹਨਾਂ ਦੇ ਮੋਹ ਵਿਚ ਫਸਿਆਂ ਪ੍ਰਭੂ ਦਰ ਤੇ ਆਦਰ ਮਿਲਣਾ)।

ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥

ਮੈਂ (ਤਾਂ) ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ (ਪਰਮਾਤਮਾ ਦਾ ਨਾਮ ਜਪ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ ॥੧੯॥

ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥

ਮੂਰਖ ਮਨੁੱਖ ਅਨੇਕਾਂ ਹੀ ਕੁਕਰਮ ਕਰਦਾ ਰਹਿੰਦਾ ਹੈ।

ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ ॥

ਵੱਡੇ ਕੁਕਰਮਾਂ ਦੀ ਗੰਦਗੀ ਵਿਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿਚ ਰੁਲ ਜਾਂਦਾ ਹੈ (ਅਮੋਲਕ ਮਨੁੱਖਾ ਸਰੀਰ ਕੌਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ)।

ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥

(ਅਜਿਹਾ ਮਨੁੱਖ) ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ, ਇਸ ਨੂੰ ਮੌਤ (ਭੀ) ਨਹੀਂ ਸੁੱਝਦੀ।

ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥

ਇਸ ਹਵਾਈ ਕਿਲ੍ਹੇ ਨੂੰ ਵੇਖ ਵੇਖ ਕੇ ਪਤਾ ਨਹੀਂ, ਇਹ ਕਿਉਂ ਇਸ ਨੂੰ ਸਦਾ-ਕਾਇਮ ਰਹਿਣਾ ਮੰਨੀ ਬੈਠਾ ਹੈ ॥੨੦॥

ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥

ਜਿਸ (ਮਨੁੱਖ) ਦੀ (ਉਮਰ ਦੀ) ਆਖ਼ਰੀ ਹੱਦ ਪਹੁੰਚ ਜਾਂਦੀ ਹੈ, ਉਸ ਨੂੰ ਕੋਈ ਮਨੁੱਖ (ਮੌਤ ਦੇ ਮੂੰਹੋਂ) ਬਚਾ ਨਹੀਂ ਸਕਦਾ।

ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥

ਹਿਕਮਤ-ਵਿੱਦਿਆ ਦੇ ਅਨੇਕਾਂ ਹੀ ਢੰਗ (ਨੁਸਖ਼ੇ) ਕਿੱਥੋਂ ਤਕ (ਕੋਈ) ਦੱਸ ਸਕਦਾ ਹੈ?

ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥

ਹੇ ਮੂਰਖ! ਇਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ, (ਉਹ ਹੀ ਹਰ ਵੇਲੇ) ਤੇਰੇ ਕੰਮ ਆਉਂਦਾ ਹੈ।

ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥

ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ (ਸਮਾਨ) ਹੈ, ਸਾਰਾ ਵਿਅਰਥ ਚਲਾ ਜਾਂਦਾ ਹੈ ॥੨੧॥

ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥

(ਆਤਮਕ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ) ਨਾਮ (ਹੀ) ਦਵਾਈ ਹੈ, ਬਹੁਤ ਹੀ ਕੀਮਤੀ ਦਵਾਈ ਹੈ। (ਇਹ ਦਵਾਈ ਸਾਧ ਸੰਗਤ ਵਿਚ ਮਿਲ ਕੇ) ਕੀਤੀ ਜਾ ਸਕਦੀ ਹੈ।

ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥

(ਸਾਧ ਸੰਗਤ ਵਿਚ) ਸੰਤ ਜਨ ਸਦਾ ਮਿਲ ਕੇ (ਇਹ ਹਰਿ-ਨਾਮ ਦਵਾਈ) ਖਾਂਦੇ ਰਹਿੰਦੇ ਹਨ (ਜਿਹੜੇ ਭੀ ਵਡਭਾਗੀ ਸਾਧ ਸੰਗਤ ਵਿਚ ਜਾਂਦੇ ਹਨ, ਉਹਨਾਂ) ਸਾਰਿਆਂ ਨੂੰ (ਇਹ ਨਾਮ-ਦਵਾਈ) ਵੰਡੀ ਜਾਂਦੀ ਹੈ।

ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥

ਪਰ ਉਸੇ ਮਨੁੱਖ ਨੂੰ ਇਹ ਨਾਮ-ਦਵਾਈ ਮਿਲਦੀ ਹੈ, ਜਿਸ ਦੇ ਭਾਗਾਂ ਵਿਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ।

ਹਰਿਹਾਂ ਹਉ ਬਲਿਹਾਰੀ ਤਿੰਨੑ ਜਿ ਹਰਿ ਰੰਗੁ ਰਾਵਣੇ ॥੨੨॥

ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ (ਹਰਿ-ਨਾਮ ਜਪ ਕੇ) ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੨੨॥

ਵੈਦਾ ਸੰਦਾ ਸੰਗੁ ਇਕਠਾ ਹੋਇਆ ॥

(ਸਾਧ ਸੰਗਤ ਵਿਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ (ਸੰਤ-ਜਨਾਂ) ਦੀ ਸੰਗਤ ਇਕੱਠੀ ਹੁੰਦੀ ਹੈ।

ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥

(ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ-ਨਾਮ ਸਿਮਰਨ ਦੀ) ਦਵਾਈ (ਸਾਧ ਸੰਗਤ ਵਿਚ) ਆਪਣਾ ਪੂਰਾ ਅਸਰ ਕਰਦੀ ਹੈ (ਕਿਉਂਕਿ ਉਸ ਇਕੱਠ ਵਿਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ)।

ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥

(ਆਤਮਕ ਰੋਗਾਂ ਦੇ ਉਹ ਵੈਦ ਸੰਤ-ਜਨ) ਜਿਹੜੇ ਜਿਹੜੇ ਨਿੱਤ ਦੇ ਕਰਤੱਬ ਕਰਦੇ ਹਨ (ਉਹ ਸਾਧ ਸੰਗਤ ਵਿਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪਰਗਟ ਹੁੰਦੇ ਹਨ,

ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥

(ਇਸੇ ਵਾਸਤੇ ਸਾਧ ਸੰਗਤ ਵਿਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨੩॥

ਚਉਬੋਲੇ ਮਹਲਾ ੫ ॥

ਗੁਰੂ ਅਰਜਨਦੇਵ ਜੀ ਦੀ ਬਾਣੀ 'ਚਉਬੋਲੇ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੰਮਨ ਜਉ ਇਸ ਪ੍ਰੇਮ ਕੀ ਦਮ ਕੵਿਹੁ ਹੋਤੀ ਸਾਟ ॥

ਹੇ ਦਾਨੀ ਮਨੁੱਖ! (ਧਨ ਦੇ ਵੱਟੇ ਹਰਿ-ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ) ਜੇ ਇਸ ਪ੍ਰੇਮ ਦਾ ਵਟਾਂਦਰਾ ਧਨ ਤੋਂ ਹੋ ਸਕਦਾ,

ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥

ਤਾਂ ਉਹ (ਰਾਵਣ) ਜਿਸ ਨੇ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਗਿਆਰਾਂ ਵਾਰੀ ਆਪਣੇ) ਸਿਰ ਕੱਟ ਕੇ ਦਿੱਤੇ ਸਨ (ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦੇਂਦਾ, ਕਿਉਂਕਿ) ਰਾਵਣ ਵਰਗੇ ਕੰਗਾਲ ਨਹੀਂ ਸਨ ॥੧॥

ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥

(ਹੇ ਦਾਨੀ ਮਨੁੱਖ! ਵੇਖ, ਜਿਸ ਮਨੁੱਖ ਦਾ) ਹਿਰਦਾ (ਆਪਣੇ ਪ੍ਰੀਤਮ ਦੇ) ਪ੍ਰੇਮ-ਪਿਆਰ ਵਿਚ ਮਗਨ ਹੋਇਆ ਰਹਿੰਦਾ ਹੈ (ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ) ਰਤਾ ਭਰ ਭੀ ਵਿੱਥ ਨਹੀਂ ਹੁੰਦੀ,

ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥

(ਜਿਵੇਂ ਭੌਰਾ ਕੌਲ-ਫੁੱਲ ਵਿਚ ਵਿੱਝ ਜਾਂਦਾ ਹੈ, ਤਿਵੇਂ ਉਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਉਸ ਦੀ ਸਮਝਣ ਵਾਲੀ ਮਾਨਸਕ ਤਾਕਤ ਲਗਨ ਵਿਚ ਹੀ ਲੀਨ ਹੋਈ ਰਹਿੰਦੀ ਹੈ ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430