ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ 'ਸੁਖ', ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ।
ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ ॥੭॥
(ਗੁਰੂ ਜੀ ਦਾ ਕਥਨ) ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ;
(ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।
(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ।
ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ॥੮॥
ਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ- ਹੇ ਨਾਨਕ!) ਜੋਗੀਆਂ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ।
ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ 'ਆਈ ਪੰਥ' ਨੂੰ ਧਾਰਨ ਕਰੋ।
ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ।
(ਉੱਤਰ:) ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ) ॥੯॥
ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ;
ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ।
ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ।
ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ॥੧੦॥
ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤ ਉਸ (ਮਨੁੱਖ) ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ,
ਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ,
ਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ
ਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ ॥੧੧॥
(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ?
ਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ?
(ਸਦਾ) ਜੰਮਦਾ ਮਰਦਾ ਕੌਣ ਹੈ?
ਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ? ॥੧੨॥
(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ।
ਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ।
ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।
ਹੇ ਨਾਨਕ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧੩॥
(ਪ੍ਰਸ਼ਨ:) (ਇਹ ਜੀਵ) ਕਿਵੇਂ (ਐਸਾ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ)?
(ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ?
(ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ?
ਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ ॥੧੪॥
(ਉੱਤਰ:) (ਇਹ ਜੀਵ) ਭੈੜੀ ਮੱਤ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹਨਾਂ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ);
ਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ।
(ਮਾਇਆ ਦੇ ਚਸਕਿਆਂ ਦਾ) ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ (ਭਾਵ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਲੱਗ ਪਏ)।
ਹੇ ਨਾਨਕ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ ॥੧੫॥
(ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ,
(ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ)।
ਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ (ਭਾਵ, ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ),
ਹੇ ਨਾਨਕ! ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ ॥੧੬॥
(ਪ੍ਰਸ਼ਨ:) (ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ 'ਉਦਾਸੀ' ਬਣੇ ਸੀ?
ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ?
ਤੁਸੀ ਕਿਸ ਸੌਦੇ ਦੇ ਵਪਾਰੀ ਹੋ?
(ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ 'ਦੁਤਰ ਸਾਗਰ' ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)? ॥੧੭॥
(ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ,
ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ।
ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ।
ਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ('ਦੁਤਰ ਸਾਗਰ' ਤੋਂ) ਪਾਰ ਲੰਘਦਾ ਹੈ ॥੧੮॥
(ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ?
ਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ?