ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 974


ਦੇਵ ਸੰਸੈ ਗਾਂਠਿ ਨ ਛੂਟੈ ॥

ਹੇ ਪ੍ਰਭੂ! (ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ।

ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥

(ਕਿਉਂਕਿ) ਕਾਮ, ਕ੍ਰੋਧ, ਮਾਇਆ (ਦਾ ਮੋਹ), ਅਹੰਕਾਰ ਤੇ ਈਰਖਾ-ਸਾੜਾ-ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ ॥੧॥ ਰਹਾਉ ॥

ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥

(ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ ਇਹ ਹੰਕਾਰ ਨਹੀਂ ਜਾਂਦਾ) ਕਿ ਅਸੀਂ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ,

ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥

ਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ; ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ (ਜਿਹੜੇ ਭੀ ਪਾਸੇ ਪਏ ਉਸੇ ਦਾ ਹੀ ਮਾਣ ਹੋ ਗਿਆ) ॥੨॥

ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥

ਰਵਿਦਾਸ ਆਖਦਾ ਹੈ- (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ);

ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

ਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ ॥੩॥੧॥

ਰਾਮਕਲੀ ਬਾਣੀ ਬੇਣੀ ਜੀਉ ਕੀ ॥

ਰਾਗ ਰਾਮਕਲੀ ਵਿੱਚ ਭਗਤ ਬੇਣੀ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥

(ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਮੇਲ-ਅਵਸਥਾ ਵਿਚ ਅੱਪੜਿਆ ਹੈ, ਉਸ ਦੇ ਵਾਸਤੇ) ਇੜਾ, ਪਿੰਗੁਲਾ ਤੇ ਸੁਖਮਨਾ ਤਿੰਨੇ ਹੀ ਇੱਕੋ ਥਾਂ ਵੱਸਦੀਆਂ ਹਨ,

ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥

ਤ੍ਰਿਬੇਣੀ ਸੰਗਮ ਪ੍ਰ੍ਯਾਗ ਤੀਰਥ ਭੀ (ਉਸ ਮਨੁੱਖ ਲਈ) ਉੱਥੇ ਵੱਸਦਾ ਹੈ। ਭਾਵ, ਉਸ ਮਨੁੱਖ ਨੂੰ ਇੜਾ ਪਿੰਗਲਾ ਸੁਖਮਨਾ ਦੇ ਅਭਿਆਸ ਦੀ ਲੋੜ ਨਹੀਂ ਰਹਿ ਜਾਂਦੀ; ਉਸ ਨੂੰ ਤ੍ਰਿਬੇਣੀ ਤੇ ਪ੍ਰਯਾਗ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। (ਉਸ ਮਨੁੱਖ ਦਾ) ਮਨ ਪ੍ਰਭੂ ਦੇ (ਮਿਲਾਪ-ਰੂਪ ਤ੍ਰਿਬੇਣੀ ਵਿਚ) ਇਸ਼ਨਾਨ ਕਰਦਾ ਹੈ ॥੧॥

ਸੰਤਹੁ ਤਹਾ ਨਿਰੰਜਨ ਰਾਮੁ ਹੈ ॥

ਹੇ ਸੰਤ ਜਨੋ! ਮਾਇਆ-ਰਹਿਤ ਰਾਮ ਉਸ ਅਵਸਥਾ ਵਿਚ (ਮਨੁੱਖ ਦੇ ਮਨ ਵਿਚ) ਵੱਸਦਾ ਹੈ,

ਗੁਰ ਗਮਿ ਚੀਨੈ ਬਿਰਲਾ ਕੋਇ ॥

ਜਿਸ ਅਵਸਥਾ ਨਾਲ ਸਾਂਝ ਕੋਈ ਵਿਰਲਾ ਮਨੁੱਖ ਸਤਿਗੁਰੂ ਦੀ ਸਰਨ ਪੈ ਕੇ ਬਣਾਂਦਾ ਹੈ।

ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥

ਉੱਥੇ (ਉਸ ਅਵੱਸਥਾ ਵਿੱਚ) ਨਿਰੰਜਨ ਸੋਹਣਾ ਰਾਮ ਪਰਗਟ ਹੁੰਦਾ ਹੈ ॥੧॥ ਰਹਾਉ ॥

ਦੇਵ ਸਥਾਨੈ ਕਿਆ ਨੀਸਾਣੀ ॥

(ਜੇ ਕੋਈ ਪੁੱਛੇ ਕਿ) ਜਿਸ ਅਵਸਥਾ ਵਿਚ ਪ੍ਰਭੂ (ਮਨ ਦੇ ਅੰਦਰ) ਆ ਟਿਕਦਾ ਹੈ, ਉਸ ਦੀਆਂ ਨਿਸ਼ਾਨੀਆਂ ਕੀਹ ਹਨ (ਤਾਂ ਉੱਤਰ ਇਹ ਹੈ ਕਿ)

ਤਹ ਬਾਜੇ ਸਬਦ ਅਨਾਹਦ ਬਾਣੀ ॥

ਉਸ ਅਵਸਥਾ ਵਿਚ ਸਤਿਗੁਰੂ ਦਾ ਸ਼ਬਦ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਮਨੁੱਖ ਦੇ ਹਿਰਦੇ ਵਿਚ) ਹੁਲਾਰਾ ਪੈਦਾ ਕਰਦੇ ਹਨ;

ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥

(ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ) ਚੰਦ ਤੇ ਸੂਰਜ (ਉਤਨੇ ਸਮਰੱਥ) ਨਹੀਂ (ਜਿਤਨਾ ਉਹ ਹੁਲਾਰਾ ਮਨ ਦੇ ਹਨੇਰੇ ਨੂੰ ਦੂਰ ਕਰਨ ਲਈ ਹੁੰਦਾ ਹੈ), ਪਉਣ ਪਾਣੀ (ਆਦਿਕ ਤੱਤ ਜਗਤ ਨੂੰ ਉਤਨਾ ਸੁਖ) ਨਹੀਂ (ਦੇ ਸਕਦੇ, ਜਿਤਨਾ ਸੁਖ ਇਹ ਹੁਲਾਰਾ ਮਨੁੱਖ ਦੇ ਮਨ ਨੂੰ ਦੇਂਦਾ ਹੈ);

ਸਾਖੀ ਜਾਗੀ ਗੁਰਮੁਖਿ ਜਾਣੀ ॥੨॥

ਮਨੁੱਖ ਦੀ ਸੁਰਤ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਗੁਰੂ ਦੀ ਰਾਹੀਂ ਸੂਝ ਪੈ ਜਾਂਦੀ ਹੈ ॥੨॥

ਉਪਜੈ ਗਿਆਨੁ ਦੁਰਮਤਿ ਛੀਜੈ ॥

(ਪ੍ਰਭੂ-ਮਿਲਾਪ ਵਾਲੀ ਅਵਸਥਾ ਵਿਚ ਮਨੁੱਖ ਦੀ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਹੋ ਜਾਂਦੀ ਹੈ। ਮੰਦੀ ਮੱਤ ਨਾਸ ਹੋ ਜਾਂਦੀ ਹੈ;

ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥

ਉੱਚੀ ਉਡਾਰੀ ਵਿਚ (ਅੱਪੜਿਆ ਹੋਇਆ ਮਨ) ਨਾਮ-ਅੰਮ੍ਰਿਤ ਦੇ ਰਸ ਨਾਲ ਰਸ ਜਾਂਦਾ ਹੈ;

ਏਸੁ ਕਲਾ ਜੋ ਜਾਣੈ ਭੇਉ ॥

ਜੋ ਮਨੁੱਖ ਇਸ (ਅਵਸਥਾ ਵਿਚ ਅੱਪੜ ਸਕਣ ਵਾਲੇ) ਹੁਨਰ ਦਾ ਭੇਦ ਜਾਣ ਲੈਂਦਾ ਹੈ,

ਭੇਟੈ ਤਾਸੁ ਪਰਮ ਗੁਰਦੇਉ ॥੩॥

ਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ ॥੩॥

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥

ਅਪਹੁੰਚ, ਬੇਅੰਤ ਤੇ ਪਰਮ ਪੁਰਖ ਪ੍ਰਭੂ ਦੇ ਪਰਗਟ ਹੋਣ ਦਾ ਟਿਕਾਣਾ (ਮਨੁੱਖਾ ਸਰੀਰ ਦਾ ਦਿਮਾਗ਼-ਰੂਪ) ਦਸਵਾਂ ਬੂਹਾ ਹੈ;

ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥

ਸਰੀਰ ਦੇ ਉਤਲੇ ਹਿੱਸੇ ਵਿਚ (ਸਿਰ, ਮਾਨੋ) ਇਕ ਹੱਟ ਹੈ, ਉਸ ਹੱਟ ਵਿਚ (ਦਿਮਾਗ਼, ਮਾਨੋ) ਇਕ ਆਲਾ ਹੈ, ਇਸ ਆਲੇ ਦੀ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ॥੪॥

ਜਾਗਤੁ ਰਹੈ ਸੁ ਕਬਹੁ ਨ ਸੋਵੈ ॥

(ਜਿਸ ਦੇ ਅੰਦਰ ਪਰਮਾਤਮਾ ਪਰਗਟ ਹੋ ਪਿਆ) ਉਹ ਸਦਾ ਜਾਗਦਾ ਰਹਿੰਦਾ ਹੈ (ਸੁਚੇਤ ਰਹਿੰਦਾ ਹੈ), (ਮਾਇਆ ਦੀ ਨੀਂਦ ਵਿਚ) ਕਦੇ ਸਉਂਦਾ ਨਹੀਂ;

ਤੀਨਿ ਤਿਲੋਕ ਸਮਾਧਿ ਪਲੋਵੈ ॥

ਉਹ ਇਕ ਐਸੀ ਸਮਾਧੀ ਵਿਚ ਟਿਕਿਆ ਰਹਿੰਦਾ ਹੈ ਜਿਥੋਂ ਮਾਇਆ ਦੇ ਤਿੰਨੇ ਗੁਣ ਤੇ ਤਿੰਨਾਂ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਹਨ;

ਬੀਜ ਮੰਤ੍ਰੁ ਲੈ ਹਿਰਦੈ ਰਹੈ ॥

ਉਹ ਮਨੁੱਖ ਪ੍ਰਭੂ ਦਾ ਨਾਮ ਮੰਤ੍ਰ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ,

ਮਨੂਆ ਉਲਟਿ ਸੁੰਨ ਮਹਿ ਗਹੈ ॥੫॥

(ਜਿਸ ਦੀ ਬਰਕਤਿ ਨਾਲ) ਉਸ ਦਾ ਮਨ ਮਾਇਆ ਵਲੋਂ ਪਰਤ ਕੇ (ਸੁਚੇਤ ਰਹਿੰਦਾ ਹੈ), ਉਸ ਅਵਸਥਾ ਵਿਚ ਟਿਕਾਣਾ ਪਕੜਦਾ ਹੈ ਜਿਥੇ ਕੋਈ ਫੁਰਨਾ ਨਹੀਂ ਉਠਦਾ ॥੫॥

ਜਾਗਤੁ ਰਹੈ ਨ ਅਲੀਆ ਭਾਖੈ ॥

ਉਹ ਮਨੁੱਖ ਸਦਾ ਜਾਗਦਾ ਹੈ, (ਸੁਚੇਤ ਰਹਿੰਦਾ ਹੈ), ਕਦੇ ਝੂਠ ਨਹੀਂ ਬੋਲਦਾ;

ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥

ਪੰਜਾਂ ਹੀ ਇੰਦ੍ਰਿਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ,

ਗੁਰ ਕੀ ਸਾਖੀ ਰਾਖੈ ਚੀਤਿ ॥

ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,

ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥

ਆਪਣਾ ਮਨ, ਆਪਣਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰਦਾ ਹੈ ॥੬॥

ਕਰ ਪਲਵ ਸਾਖਾ ਬੀਚਾਰੇ ॥

ਉਹ ਮਨੁੱਖ (ਜਗਤ ਨੂੰ) ਹੱਥ (ਦੀਆਂ ਉੱਗਲਾਂ, ਰੁੱਖ ਦੀਆਂ) ਟਹਿਣੀਆਂ ਤੇ ਪੱਤਰ ਸਮਝਦਾ ਹੈ।

ਅਪਨਾ ਜਨਮੁ ਨ ਜੂਐ ਹਾਰੇ ॥

(ਇਸ ਵਾਸਤੇ ਮੂਲ ਪ੍ਰਭੂ ਨੂੰ ਛੱਡ ਕੇ ਇਸ ਖਿਲਾਰੇ ਵਿਚ ਰੁੱਝ ਕੇ) ਆਪਣੀ ਜ਼ਿੰਦਗੀ ਜੂਏ ਦੀ ਖੇਡ ਵਿਚ ਨਹੀਂ ਗਵਾਉਂਦਾ;

ਅਸੁਰ ਨਦੀ ਕਾ ਬੰਧੈ ਮੂਲੁ ॥

ਵਿਕਾਰਾਂ ਦੀ ਨੀਂਦ ਦਾ ਸੋਮਾ ਹੀ ਬੰਦ ਕਰ ਦੇਂਦਾ ਹੈ,

ਪਛਿਮ ਫੇਰਿ ਚੜਾਵੈ ਸੂਰੁ ॥

ਮਨ ਨੂੰ ਅਗਿਆਨਤਾ ਦੇ ਹਨੇਰੇ ਵਲੋਂ ਪਰਤਾ ਕੇ (ਇਸ ਵਿਚ ਗਿਆਨ ਦਾ) ਸੂਰਜ ਚੜ੍ਹਾਉਂਦਾ ਹੈ;

ਅਜਰੁ ਜਰੈ ਸੁ ਨਿਝਰੁ ਝਰੈ ॥

(ਉਸ ਦੇ ਅੰਦਰ ਮਿਲਾਪ ਦਾ) ਇਕ ਚਸ਼ਮਾ ਫੁੱਟ ਪੈਂਦਾ ਹੈ। (ਉਹ ਇਕ ਐਸੀ ਮੌਜ) ਮਾਣਦਾ ਹੈ, ਜਿਸ ਨੂੰ ਕਦੇ ਬੁਢੇਪਾ ਨਹੀਂ (ਭਾਵ, ਜੋ ਕਦੇ ਮੁੱਕਦੀ ਨਹੀਂ)।

ਜਗੰਨਾਥ ਸਿਉ ਗੋਸਟਿ ਕਰੈ ॥੭॥

(ਉਹ ਸਦਾ ਲਈ) ਪਰਮਾਤਮਾ ਨਾਲ ਮੇਲ ਕਰ ਲੈਂਦਾ ਹੈ ॥੭॥

ਚਉਮੁਖ ਦੀਵਾ ਜੋਤਿ ਦੁਆਰ ॥

ਪ੍ਰਭੂ ਦੀ ਜੋਤਿ ਦੁਆਰਾ ਉਸ ਦੇ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ);

ਪਲੂ ਅਨਤ ਮੂਲੁ ਬਿਚਕਾਰਿ ॥

(ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ।

ਸਰਬ ਕਲਾ ਲੇ ਆਪੇ ਰਹੈ ॥

(ਅਨੰਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਪੈਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ।

ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥

ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ ॥੮॥

ਮਸਤਕਿ ਪਦਮੁ ਦੁਆਲੈ ਮਣੀ ॥

(ਉਸ ਦੀ ਬਰਕਤਿ ਨਾਲ) ਉਸ ਦੇ ਮੱਥੇ ਉੱਤੇ (ਮਾਨੋ) ਕਉਲ ਫੁੱਲ (ਖਿੜ ਪੈਂਦਾ ਹੈ, ਤੇ) ਉਸ ਫੁੱਲ ਦੇ ਚਾਰ ਚੁਫੇਰੇ ਹੀਰੇ (ਪਰੋਤੇ ਜਾਂਦੇ ਹਨ);

ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥

ਉਸ ਬੰਦੇ ਦੇ ਧੁਰ ਅੰਦਰ ਤ੍ਰਿਲੋਕੀ ਦਾ ਮਾਲਕ ਪ੍ਰਭੂ ਆ ਟਿਕਦਾ ਹੈ।

ਪੰਚ ਸਬਦ ਨਿਰਮਾਇਲ ਬਾਜੇ ॥

(ਉਸ ਦੇ ਅੰਦਰ ਮਾਨੋ ਇਕ ਐਸਾ ਸੁੰਦਰ ਰਾਗ ਹੁੰਦਾ ਹੈ ਕਿ (ਪੰਜੇ ਹੀ ਕਿਸਮਾਂ ਦੇ ਸੋਹਣੇ ਸਾਜ ਵੱਜ ਪੈਂਦੇ ਹਨ,

ਢੁਲਕੇ ਚਵਰ ਸੰਖ ਘਨ ਗਾਜੇ ॥

ਬੜੇ ਸੰਖ ਵੱਜਣ ਲੱਗ ਪੈਂਦੇ ਹਨ, ਉਸ ਉਤੇ ਚੌਰ ਝੁੱਲ ਪੈਂਦਾ ਹੈ (ਭਾਵ, ਉਸ ਦਾ ਮਨ ਸ਼ਾਹਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ)।

ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥

ਸਤਿਗੁਰੂ ਤੋਂ ਮਿਲਿਆ ਹੋਇਆ ਪ੍ਰਭੂ ਦੇ ਨਾਮ ਦਾ ਇਹ ਚਾਨਣ ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।

ਬੇਣੀ ਜਾਚੈ ਤੇਰਾ ਨਾਮੁ ॥੯॥੧॥

ਹੇ ਪ੍ਰਭੂ! (ਤੇਰਾ ਦਾਸ) ਬੇਣੀ (ਭੀ ਤੇਰੇ ਦਰ ਤੋਂ) (ਇਹ) ਨਾਮ ਹੀ ਮੰਗਦਾ ਹੈ ॥੯॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430