ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ॥੧॥ ਰਹਾਉ ॥
ਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ,
ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।
ਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ।
ਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ ॥੨॥
ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ,
ਜੋ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਮਨ ਵਿਚ) ਵਿਚਾਰਦੀ ਹੈ।
ਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ,
ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹੈ ॥੩॥
(ਦੁਨੀਆ ਵਿਚ ਕਿਸੇ ਨੂੰ ਉੱਚੀ ਜਾਤਿ ਦਾ ਮਾਣ ਹੈ ਕਿਸੇ ਨੂੰ ਉੱਚੀ ਕੁਲ ਦਾ ਧਰਵਾਸ ਹੈ। ਹੇ ਪ੍ਰਭੂ! ਮੇਹਰ ਕਰ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੋਵੇ,
ਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੋਵੇ।
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ (ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ) ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ,
ਉਸ ਨੂੰ (ਹਰ ਪਾਸੇ) ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ ॥੪॥੧੪॥
ਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ।
ਪਰ ਇਕ (ਸੁਭਾਗੇ ਐਸੇ) ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ।
(ਪਰ) ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ,
ਜੇਹੜੇ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਹਨ ਉਹ ਅਭਾਗੇ ਹਨ (ਉਹਨਾਂ ਦੇ ਮਨ ਸਦਾ ਭਟਕਦੇ ਰਹਿੰਦੇ ਹਨ) ॥੧॥
ਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ।
ਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਇਸ ਵਿਚੋਂ ਪਾਰ ਲੰਘਾਂਦਾ ਹੈ ॥੧॥ ਰਹਾਉ ॥
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ,
ਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ।
ਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ,
ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ ॥੨॥
ਪਰ ਨਾਹ ਕਿਸੇ ਨੂੰ ਮਾੜਾ ਤੇ ਨਾਹ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ,
ਕਿਉਂਕਿ ਹਰੇਕ ਵਿਚ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ। ਹਾਂ, ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ਗੁਰੂ ਦੇ ਸਨਮੁਖ ਹੋਇਆਂ ਹੀ।
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ।
ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ ॥੩॥
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਨੰਦ ਹਿਰਦੇ ਵਿਚ ਮਾਣੋ-
ਇਹੀ ਹੈ ਵੇਦਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਵਖ ਵਖ ਵਿਚਾਰ ਵਿਚਾਰਨੇ, ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ।
ਗੁਰੂ ਦੇ ਸਨਮੁਖ ਰਹਿ ਕੇ (ਨਾਮ ਦਾ ਆਨੰਦ ਲਿਆਂ) ਜੀਵਨ ਪਵਿਤ੍ਰ ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ।
ਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ ॥੪॥੧੫॥
ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ।
(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ॥੧॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ॥੧॥ ਰਹਾਉ ॥
(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।
ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ॥੨॥
ਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,
ਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥
ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ।
ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੪॥੧੬॥
('ਗਹਿਰ ਗੰਭੀਰ' ਪ੍ਰਭੂ ਨੂੰ ਸਿਮਰਿਆਂ ਸਿਮਰਨ ਕਰਨ ਵਾਲਾ ਭੀ ਗੰਭੀਰ ਸੁਭਾਵ ਵਾਲਾ ਹੋ ਜਾਂਦਾ ਹੈ, ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ), ਜੋ ਮਨੁੱਖ ('ਗਹਿਰ ਗੰਭੀਰ' ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ।
ਜੋ ਮਨੁੱਖ ('ਗਹਿਰ ਗੰਭੀਰ' ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ॥੧॥