ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ,
ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ॥੨॥
ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ,
ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
ਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
(ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ।
(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ,
(ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ।
(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ),
ਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ।
ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ,
ਹੇ ਨਾਨਕ! ਵੱਡੇ ਭਾਗਾਂ ਨਾਲ ਮਿਲਦਾ ਹੈ ॥੩॥
ਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ,
ਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ।
ਗੁਰੂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ,
ਤੇ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ।
ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ,
ਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ।
ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ,
(ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ।
ਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ।
ਹੇ ਨਾਨਕ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ॥੪॥
(ਮਨੁੱਖ ਦੀ) ਜੀਭ ਇੱਕ ਹੈ, ਪਰ ਉਸ ਪ੍ਰਭੂ ਦੇ ਅਨੇਕਾਂ ਗੁਣ ਹਨ,
ਜੋ ਪੂਰਨ ਪੁਰਖ ਹੈ, ਸਦਾ-ਥਿਰ ਰਹਿਣ ਵਾਲਾ ਅਤੇ ਵਿਆਪਕ ਹੈ।
ਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ,
ਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ।
ਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ,
ਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ।
ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ,
ਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ।
ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ,
ਹੇ ਨਾਨਕ! (ਆਖ-) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ ॥੫॥
ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ,
(ਤੇ ਜੋ ਮਾਣਦਾ ਹੈ) ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ।
ਉਸ ਦਾ ਕਦੇ ਨਾਸ ਨਹੀਂ ਹੁੰਦਾ (ਭਾਵ, ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦਾ)
ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ।
(ਸਤਿਗੁਰੂ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ,
ਤੇ ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ।
ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ,
ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ।
(ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ,
ਹੇ ਨਾਨਕ! ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੬॥
ਹੇ ਭਾਈ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ,
ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ,
ਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ,
ਇਹ ਗੁਰੂ ਦੇ ਉਪਦੇਸ਼ ਦਾ ਸਦਕਾ ਹੀ ਹੋਇਆ ਹੈ।
(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ,
ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ।
ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;
ਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ,
ਤੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।
ਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਇਹ ਭਰਮੳ ਅਤੇ ਭਟਕਣਾ ਮੁੱਕੀ ਹੈ) ॥੭॥
ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ,
ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ।
ਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ,
ਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ।
ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
ਸਭ ਦੇ ਅੰਦਰ ਪ੍ਰਭੂ ਆਪ ਹੀ (ਮੌਜੂਦ) ਹੈ।
ਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ;
ਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ।