ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ,
ਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ॥੧॥
ਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ-
ਭੰਡਾਰੇ ਭਰੇ ਹੋਏ (ਮੈਂ ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ ॥੨॥
ਹੇ ਭਾਈ! ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ,
ਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ॥੩॥
(ਪਰ) ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ,
ਉਹੀ ਇਸ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ ਵਿਚ ਆ ਕੇ ਸਿਫ਼ਤ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ॥੪॥੩੧॥੧੦੦॥
ਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ।
ਜਦੋਂ ਉਸ ਨੂੰ (ਸਾਰੇ ਸੰਸਾਰ ਵਿਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ ॥੧॥
ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,
ਉਹ (ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਡੁਬਦਿਆਂ ਨੂੰ) ਛੱਡ ਕੇ ਨਹੀਂ ਜਾਂਦਾ, ਉਹ (ਇਸ ਸਮੁੰਦਰ ਵਿਚੋਂ) ਜ਼ਰੂਰ ਪਾਰ ਲੰਘਾਂਦਾ ਹੈ ॥੧॥ ਰਹਾਉ ॥
(ਹੇ ਭਾਈ! ਦੁਨੀਆ ਦਾ) ਦੁੱਖ ਰੋਗ ਫ਼ਿਕਰ (ਤਦੋਂ ਹੀ ਵਿਆਪਦਾ) ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ।
ਜਦੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵੀਏ ਤਦੋਂ (ਮਨ ਵਿਚ) ਸਦਾ ਆਨੰਦ ਬਣਿਆ ਰਹਿੰਦਾ ਹੈ ॥੨॥
(ਹੇ ਭਾਈ!) ਨਾਹ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ ਨਾਹ ਕਿਸੇ ਦੀ ਖ਼ੁਸ਼ਾਮਦ।
(ਦੁਨੀਆ ਦਾ) ਮਾਣ ਤਿਆਗ ਕੇ ਪਰਮਾਤਮਾ ਦੇ ਚਰਨ (ਹਿਰਦੇ ਵਿਚ) ਟਿਕਾ ਲੈਣੇ ਚਾਹੀਦੇ ਹਨ ॥੩॥
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿਚ ਪ੍ਰੋ ਰੱਖ,
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਨੰਦ ਮਾਣੇਂਗਾ ॥੪॥੩੨॥੧੦੧॥
ਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ,
(ਹੇ ਭਾਈ!) ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ? ॥੧॥
(ਹੇ ਭਾਈ!) ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ,
ਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ,
ਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ ॥੨॥
ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ,
ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥
ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਜੇਹੜਾ ਮਨੁੱਖ ਉਸ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ,
ਹੇ ਨਾਨਕ! ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ॥੪॥੩੩॥੧੦੨॥
(ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ,
ਉਸ ਨੂੰ ਕੋਈ ਚਿੰਤਾ-ਫ਼ਿਕਰ ਕਦੇ ਦਬਾ ਨਹੀਂ ਸਕਦਾ ॥੧॥
(ਹੇ ਭਾਈ!) ਪਰਮਾਤਮਾ ਦੇ ਭਗਤ ਦੇ ਹਿਰਦੇ ਵਿਚ (ਸਦਾ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, (ਸਦਾ) ਆਨੰਦ ਬਣਿਆ ਰਹਿੰਦਾ ਹੈ,
(ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ ॥੧॥ ਰਹਾਉ ॥
(ਹੇ ਭਾਈ!) ਚਿੰਤਾ-ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ ॥੨॥
ਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ,
ਉਸ ਦੇ ਮਨ ਵਿਚ ਮੌਤ ਦਾ ਡਰ ਭੀ ਨਹੀਂ ਰਹਿ ਜਾਂਦਾ ॥੩॥
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ,
ਉਸ ਦੇ ਅੰਦਰ ਮਾਨੋ, ਸਾਰੇ ਖ਼ਜ਼ਾਨੇ ਆ ਜਾਂਦੇ ਹਨ ॥੪॥੩੪॥੧੦੩॥
(ਜਿਸ ਮਨ ਵਿਚ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।
(ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ ॥੧॥
ਆਤਮਕ ਅਡੋਲਤਾ ਤੇ ਸਿਫ਼ਤ-ਸਾਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ -
(ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਮਾਣਦਾ ਹੈ, ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
(ਜਿਥੇ ਸਿਫ਼ਤ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ।
ਉਸ ਦੀ ਜੁੜੀ ਸੁਰਤ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ ॥੨॥
(ਜਿਥੇ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ-
(ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਰਚੀ ਰੱਖਦੇ ਹਨ ॥੩॥
(ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ।
(ਹੇ ਭਾਈ!) ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ ॥੪॥੩੫॥੧੦੪॥
(ਹੇ ਪ੍ਰਭੂ! ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਭੀ ਖ਼ਾਸ ਰੂਪ ਨਹੀਂ। ਮੈਂ ਨਹੀਂ ਜਾਣਦਾ ਕਿ) ਤੇਰਾ ਉਹ ਕੇਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ।
(ਹੇ ਪ੍ਰਭੂ! ਮੈਨੂੰ ਸਮਝ ਨਹੀਂ ਕਿ) ਜੋਗ ਦਾ ਉਹ ਕੇਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵੱਸ ਵਿਚ ਲਿਆਵਾਂ (ਤੇ ਤੈਨੂੰ ਪ੍ਰਸੰਨ ਕਰਾਂ ॥੧॥