ਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ,
ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ।
ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ?
ਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ ॥੧੫॥
(ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ?
(ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੧੬॥
(ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਔਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ।
(ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ?
(ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ,
ਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ ॥੧੭॥
ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ।
ਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ)।
ਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ,
ਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ ॥੧੮॥
ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ,
ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ।
(ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ,
ਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ ॥੧੯॥
(ਹੇ ਭਾਈ! ਪਰਮਾਤਮਾ ਤਾਂ ਤੇਰੇ) ਨੇੜੇ ਹੀ ਹੈ, ਤੂੰ (ਉਸ ਨੂੰ ਬਾਹਰ) ਹੋਰ ਕਿਥੇ ਢੂੰਡਦਾ ਹੈਂ?
(ਬਾਹਰ) ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਭੀ ਥੱਕ ਗਏ ਹਨ।
ਸੁਮੇਰ ਪਰਬਤ ਉਤੇ (ਭੀ) ਚੜ੍ਹ ਕੇ ਤੇ (ਪਰਮਾਤਮਾ ਨੂੰ ਉਥੇ) ਢੂੰਡ ਢੂੰਡ ਕੇ ਜਦੋਂ ਮਨੁੱਖ (ਆਪਣੇ ਸਰੀਰ ਵਿਚ) ਆਉਂਦਾ ਹੈ (ਭਾਵ, ਆਪਣੇ ਅੰਦਰ ਹੀ ਝਾਤੀ ਮਾਰਦਾ ਹੈ),
ਤਾਂ ਉਹ ਪ੍ਰਭੂ ਇਸ (ਸਰੀਰ ਰੂਪ) ਕਿਲ੍ਹੇ ਵਿਚ ਹੀ ਮਿਲ ਪੈਂਦਾ ਹੈ ਜਿਸ ਨੇ ਇਹ ਸਰੀਰ-ਕਿਲ੍ਹਾ ਬਣਾਇਆ ਹੈ ॥੨੦॥
(ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ,
ਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ।
ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ,
ਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ॥੨੧॥
ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਜਿਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾ
(ਤਦ ਤਕ ਜਦ ਤਕ) ਅੱਖਾਂ ਕੰਨ ਨੱਕ ਆਦਿ ਗਿਆਨ-ਇੰਦਰੇ ਦੁਨੀਆ (ਦੇ ਰਸਾਂ) ਵਿਚ ਡੁੱਬੇ ਰਹਿੰਦੇ ਹਨ।
ਪਰ ਜਦੋਂ ਸੰਸਾਰ (ਦੇ ਰਸ) ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ (ਭਾਵ ਮਨੁੱਖ ਦੇ ਇੰਦ੍ਰਿਆਂ ਨੂੰ ਖਿੱਚ ਨਹੀਂ ਪਾ ਸਕਦੇ),
ਤਦੋਂ (ਜੀਵ ਦੀ) ਆਤਮਾ (ਪ੍ਰਭੂ ਦੀ) ਜੋਤ ਵਿਚ ਮਿਲ ਜਾਂਦੀ ਹੈ, ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਲੱਭ ਪੈਂਦਾ ਹੈ ॥੨੨॥
(ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ,
(ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ)।
ਇਹ ਮਨ ਥੋੜੀ ਜਿਤਨੀ (ਮਿਲੀ) ਭੁਇਂ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰ ਬੈਠਦਾ ਹੈ;
ਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ॥੨੩॥
ਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ,
(ਹੇ ਭਾਈ!) ਤੂੰ ਸਦਾ ਪ੍ਰਭੂ ਵਿਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ)।
ਪਰ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ),
ਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ ॥੨੪॥
ਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ),
ਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ। (ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ)।
ਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ,
ਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤ ਹੋ ਜਾਂਦਾ ਹੈ ॥੨੫॥
(ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ,
ਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ।
ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ,
ਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੬॥
ਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਲੱਭਾ।
ਜਿਸ ਜੀਵ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ,
ਉਹ ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਨੂੰ (ਇਉਂ) ਵੱਸ ਕਰ ਲੈਂਦਾ ਹੈ,
ਕਿ ਉਹ ਜੀਵ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦੇਂਦਾ ਹੈ (ਭਾਵ, ਪੰਜੇ ਗਿਆਨ-ਇੰਦਰਿਆਂ ਨੂੰ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਜੁ ਮੈਂ ਜਿਹੜਾ ਕੰਮ ਕਰਦਾ ਹਾਂ ਇਹ ਪਾਪ ਹੈ ਜਾਂ ਪੁੰਨ; ਸੁਤੇ ਹੀ ਉਸ ਦਾ ਹਰੇਕ ਕੰਮ ਕਾਮਾਦਿਕ ਵਿਕਾਰਾਂ ਤੋਂ ਬਰੀ ਹੁੰਦਾ ਹੈ) ॥੨੭॥
ਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ)।
ਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ।
ਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ,
(ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ ॥੨੮॥
(ਜਿਵੇਂ ਪਾਣੀ ਦੀ) ਬੂੰਦ ਵਿਚ (ਪਾਣੀ ਦੀ) ਬੂੰਦ ਮਿਲ ਜਾਂਦੀ ਹੈ, (ਤੇ, ਫਿਰ ਵੱਖ ਨਹੀਂ ਹੋ ਸਕਦੀ)
(ਤਿਵੇਂ ਪ੍ਰਭੂ ਨਾਲ) ਨਿਮਖ-ਮਾਤ੍ਰ ਭੀ ਸਾਂਝ ਪਾ ਕੇ (ਜੀਵ ਪ੍ਰਭੂ ਤੋਂ) ਵਿੱਛੁੜ ਨਹੀਂ ਸਕਦਾ।
(ਕਿਉਂਕਿ ਜੋ ਮਨੁੱਖ ਪ੍ਰਭੂ ਦਾ) ਸੇਵਕ ਬਣ ਕੇ ਪ੍ਰੇਮ ਨਾਲ (ਪ੍ਰਭੂ ਦੀ) ਭਗਤੀ ਕਰਦਾ ਹੈ,