ਸਾਧ ਸੰਗਤ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ ॥੧॥
ਮੈਨੂੰ (ਇਸ ਮਾਇਆ-ਸਮੁੰਦਰ ਤੋਂ ਪਾਰ ਲੰਘਣ ਦਾ) ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ (ਐਸਾ) ਗੁਣ (ਭੀ) ਨਹੀਂ, ਇਹ ਮਾਇਆ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ।
ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ ॥੨॥੨॥੨੮॥
ਹੇ ਪਿਆਰੇ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ;
ਹੇ ਬੇਅੰਤ ਸੁੰਦਰ! ਹੇ ਪਿਆਰੇ ਮਨ ਮੋਹਣ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ! ॥੧॥ ਰਹਾਉ ॥
ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ।
(ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ ॥੧॥
ਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ।
ਹੇ ਨਾਨਕ, ਆਖ! (ਜਿਸ ਮਨੁੱਖ ਨੂੰ) ਮਨ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਖਿੜ ਪੈਂਦਾ ਹੈ ॥੨॥੩॥੨੯॥
ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਸੇਵਕ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਜਾਂਦਾ ਹੈ।
ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਉਸ ਸੇਵਕ ਦੇ ਆਪਣੇ ਬਣ ਜਾਂਦੇ ਹਨ, ਪ੍ਰਭੂ ਉਸ ਨੂੰ ਮੁੜ ਮੁੜ ਜਨਮ ਮਰਨ ਵਿਚ ਨਹੀਂ ਪਾਂਦਾ ॥੧॥ ਰਹਾਉ ॥
ਆਓ ਅਸੀਂ ਗੁਰੂ ਦੀ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਵੀਏ। ਪ੍ਰਭੂ ਦਾ ਸੇਵਕ (ਗੁਣ ਗਾ ਕੇ) ਆਪਣਾ ਸ੍ਰੇਸ਼ਟ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ।
ਪ੍ਰਭੂ ਦੇ ਗੁਣ ਗਾ ਕੇ ਸੇਵਕ ਵਿਸ਼ਿਆਂ ਦੇ ਜਲ ਨਾਲ ਭਰੇ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ (ਉਸ ਵਿਚ ਡੁੱਬਣੋਂ) ਬਚਾ ਲੈਂਦਾ ਹੈ ॥੧॥
ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਸਦਾ ਵੱਸਦੇ ਰਹਿੰਦੇ ਹਨ, ਸੇਵਕ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।
ਹੇ ਨਾਨਕ! ਸੇਵਕ ਨੇ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲਿਆ ਹੁੰਦਾ ਹੈ, ਮੈਂ ਉਸ ਸੇਵਕ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ ॥੨॥੪॥੩੦॥
ਰਾਗ ਦੇਵਗੰਧਾਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜੇਹੜੇ ਮਨੁੱਖ ਤਿਆਗੀ ਸਾਧੂਆਂ ਵਾਲੇ) ਭੇਖ ਕਰ ਕੇ ਜੰਗਲ ਵਿਚ ਤੁਰੇ ਫਿਰਦੇ ਹਨ, ਸੋਹਣਾ ਪ੍ਰਭੂ ਉਹਨਾਂ ਤੋਂ ਵੱਖਰਾ ਹੀ ਰਹਿੰਦਾ ਹੈ ॥੧॥ ਰਹਾਉ ॥
ਜੇਹੜੇ ਮਨੁੱਖ ਹੋਰਨਾਂ ਨੂੰ ਉਪਦੇਸ਼ ਕਹਿਣ ਸੁਣਾਣ ਵਾਲੇ ਹਨ, ਜੇਹੜੇ ਸੋਹਣੇ ਸੋਹਣੇ ਗੀਤ ਭੀ ਗਾਣ ਵਾਲੇ ਹਨ ਉਹ (ਆਪਣੇ ਇਸ ਗੁਣ ਦਾ) ਮਨ ਵਿਚ ਅਹੰਕਾਰ ਬਣਾਈ ਰੱਖਦੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਰਹਿੰਦਾ ਹੈ) ॥੧॥
ਵਿੱਦਿਆ ਦੀ ਬਰਕਤਿ ਨਾਲ ਜਿਨ੍ਹਾਂ ਦੀ ਜੀਭ ਸੋਹਣੀ (ਬੋਲਣ ਵਾਲੀ ਬਣ ਜਾਂਦੀ) ਹੈ, ਜੋ ਵੇਖਣ ਨੂੰ ਬੜੇ ਸੋਹਣੇ ਹਨ, ਚਤੁਰ ਹਨ, ਸਿਆਣੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਹੀ ਰਹਿੰਦਾ ਹੈ) ॥੨॥
ਅਹੰਕਾਰ ਤੋਂ, ਮੋਹ ਤੋਂ, ਮੇਰ-ਤੇਰ ਤੋਂ, ਬਚੇ ਰਹਿਣਾ-ਇਹ ਰਸਤਾ ਖੰਡੇ ਦੀ ਧਾਰ ਵਰਗਾ ਬਰੀਕ ਹੈ (ਭਾਵ, ਇਸ ਰਸਤੇ ਉਤੇ ਤੁਰਨਾ ਸੌਖੀ ਖੇਡ ਨਹੀਂ) ॥੩॥
ਹੇ ਨਾਨਕ! ਉਸ ਮਨੁੱਖ ਨੇ ਸੰਸਾਰ-ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤ ਵਿਚ ਨਿਵਾਸ ਰੱਖਦਾ ਹੈ ॥੪॥੧॥੩੧॥
ਰਾਗ ਦੇਵਗੰਧਾਰੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭੈਣ! ਮੈਂ ਵੇਖ ਲਿਆ ਹੈ ਕਿ ਉਹ ਸੋਹਣਾ ਪ੍ਰਭੂ ਬਹੁਤ ਉੱਚਾ ਹੈ ਸਭ ਨਾਲੋਂ ਉੱਚਾ ਹੈ।
ਮੈਂ ਬਹੁਤ ਭਾਲ ਕਰ ਕੇ ਥੱਕ ਗਿਆ ਹਾਂ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥
ਉਹ ਪਰਮਾਤਮਾ ਬਹੁਤ ਬੇਅੰਤ ਹੈ, ਉਹ ਬਹੁਤ ਹੀ ਗੰਭੀਰ ਹੈ ਉਸ ਦੀ ਡੂੰਘਾਈ ਨਹੀਂ ਲੱਭ ਸਕਦੀ, ਉਹ ਇਤਨਾ ਉੱਚਾ ਹੈ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ।
ਕਿਸੇ ਵੱਟੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਕੀਮਤਿ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਪਤਾ ਨਹੀਂ ਲੱਗਦਾ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ ॥੧॥
ਅਨੇਕਾਂ ਭਾਲਾਂ ਕਰੀਏ, ਅਨੇਕਾਂ ਰਸਤੇ ਵੇਖੀਏ (ਕੁਝ ਨਹੀਂ ਬਣ ਸਕਦਾ), ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕੀਦਾ।
ਨਾਨਕ ਆਖਦਾ ਹੈ- ਪ੍ਰਭੂ ਨੇ ਜਿਸ ਮਨੁੱਖ ਉੱਤੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਉਸ ਦੇ ਨਾਮ ਦਾ ਰਸ ਮਾਣਦਾ ਹੈ ॥੨॥੧॥੩੨॥