ਸਤਿਗੁਰੂ ਨੂੰ ਮਿਲ ਕੇ (ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ।
ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ।
ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ। (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ।
ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥
ਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ।
ਜੇਹੜਾ ਭੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ (ਭਾਵ, ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ) ਉਹ (ਗੁਰੂ ਦੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥
(ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦਾ ਮਨ ਦੁਨੀਆਵੀ ਵਾਸਨਾਂ ਪਿੱਛੇ ਦੌੜਨੋਂ ਹੱਟ ਜਾਂਦਾ ਹੈ)।
ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿੱਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ।
ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ।
ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ। ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ ॥੨॥
ਉਸ ਨੇ (ਜਦੋਂ) ਪਰਮਾਤਮਾ ਦਾ ਨਾਮ (ਜੀਵਨ ਦੇ ਵਣਜ ਵਿਚ) ਲਾਭ (ਵਜੋਂ) ਹਾਸਲ ਕਰ ਲਿਆ, ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ (ਤ੍ਰਿਸ਼ਨਾ-ਅਧੀਨ ਹੋ ਰਹੀ ਦੌੜ-ਭੱਜ ਖ਼ਤਮ ਹੋ ਗਈ)।
(ਉਸ ਮਨੁੱਖ ਨੂੰ) ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਤੇ ਆਪਣਾ ਨਾਮ ਬਖ਼ਸ਼ਿਆ।
ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਗੁਰੂ ਦਾ ਸ਼ਬਦ ਉਸ ਮਨੁੱਖ ਦਾ (ਜੀਵਨ-) ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ (ਆਤਮਕ) ਘਰ ਬਣਾ ਲੈਂਦਾ ਹੈ ॥੩॥
ਆਪਣੀ ਕਿਰਪਾ ਕਰ ਕੇ ਪਰਮਾਤਮਾ ਆਪਣੇ ਭਗਤਾਂ ਨੂੰ (ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ) ਬਚਾ ਕੇ ਰੱਖਦਾ ਹੈ।
ਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ।
ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ।
ਹੇ ਨਾਨਕ! ਪਾਰਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿੱਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ॥੪॥੧੧॥੮੧॥
(ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ।
ਹੇ ਪ੍ਰਭੂ! ਆਪਣੀ ਮਿਹਰ ਕਰ (ਗੁਰੂ ਮਿਲਾ, ਤਾ ਕਿ) ਆਤਮਕ ਜੀਵਨ ਦੇਣ ਵਾਲਾ (ਤੇਰਾ) ਨਾਮ (ਅਸੀ) ਜਪ ਸਕੀਏ,
ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ॥੧॥
ਹੇ ਮੇਰੇ ਮਨ! ਪ੍ਰਭੂ ਦੀ ਸਰਨ ਪਉ।
ਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ ॥
ਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ। ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ)।
ਹੇ (ਮੇਰੇ) ਭਾਗਾਂ ਵਾਲੇ (ਮਨ!) ਸਾਧ ਸੰਗਤਿ ਵਿਚ ਮਿਲ ਬੈਠ, (ਤੇ ਉਥੋਂ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ (ਦਾ ਸੌਦਾ) ਖ਼ਰੀਦ।
(ਸਾਧ ਸੰਗਤਿ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥
(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ।
ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ।
ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ। (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥
(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ।
ਪਰਮਾਤਮਾ (ਸਰਨ ਆਏ) ਜੀਵਾਂ ਦੇ ਪ੍ਰਾਣਾਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਉਹਨਾਂ ਦੇ ਨਾਮ-ਧਨ ਦੀ ਰਾਖੀ ਕਰਦਾ ਹੈ। (ਸਰਨ ਆਏ ਜੀਵ ਦੀ) ਜਿੰਦ ਨੂੰ ਮਿਹਰ ਕਰ ਕੇ (ਵਿਕਾਰਾਂ ਤੋਂ) ਬਚਾਂਦਾ ਹੈ।
ਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ ॥੪॥੧੨॥੮੨॥
ਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ।
ਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ। (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ।
(ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ।
ਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ ॥੧॥
ਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ।