ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 834


ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥

ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ॥੧॥

ਜਪਿ ਜਗੰਨਾਥ ਜਗਦੀਸ ਗੁਸਈਆ ॥

ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ।

ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥

ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ ॥੧॥ ਰਹਾਉ ॥

ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥

ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ।

ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥

ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ॥੨॥

ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥

ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ)।

ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥

ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ ॥੩॥

ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲੑਈਆ ॥

ਹੇ ਭਾਈ! (ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ।

ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥

(ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ ॥੪॥

ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥

ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ।

ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥

ਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ ॥੫॥

ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥

ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ।

ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ ॥੬॥

ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥

ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ।

ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥

(ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੭॥

ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥

(ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ।

ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥

ਹੇ ਨਾਨਕ! (ਆਖ-) ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ ॥੮॥੨॥੫॥

ਬਿਲਾਵਲੁ ਮਹਲਾ ੪ ॥

ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ ॥

ਹੇ ਭਾਈ! ਮੈਂ ਗੁਰੂ ਮਹਾ ਪੁਰਖ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗੁਰੂ ਦੀ ਸਰਨ ਪੈ ਕੇ ਮੈਂ ਉਸ ਅਪਹੁੰਚ ਪ੍ਰਭੂ ਦਾ ਨਾਮ ਸਿਮਰ ਰਿਹਾ ਹਾਂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥੧॥

ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਰੇਕ ਸੁਆਸ ਵਿਚ ਵਸਾ ਦਿੱਤਾ ਹੈ। ਗੁਰੂ (ਦੇ ਚਰਨਾਂ) ਨੂੰ ਛੁਹ ਕੇ ਪਰਮਾਤਮਾ ਦੇ ਨਾਮ ਵਿਚ ਮੈਂ ਲੀਨ ਰਹਿੰਦਾ ਹਾਂ ॥੧॥

ਜਨ ਕੀ ਟੇਕ ਹਰਿ ਨਾਮੁ ਟਿਕਈਆ ॥

ਹੇ ਭਾਈ! (ਗੁਰੂ ਨੇ) ਪਰਮਾਤਮਾ ਦਾ ਨਾਮ (ਮੈਂ) ਦਾਸ (ਦੀ ਜ਼ਿੰਦਗੀ) ਦਾ ਸਹਾਰਾ ਬਣਾ ਦਿੱਤਾ ਹੈ।

ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥੧॥ ਰਹਾਉ ॥

ਮੈਂ ਗੁਰੂ ਦਾ ਪੱਲਾ ਫੜ ਕੇ (ਜੀਵਨ-ਪੰਧ ਤੇ) ਤੁਰਿਆ ਜਾ ਰਿਹਾ ਹਾਂ, ਗੁਰੂ ਦੀ ਮਿਹਰ ਨਾਲ ਮੈਂ ਪਰਮਾਤਮਾ (ਦੇ ਮਹਲ) ਦਾ ਦਰਵਾਜ਼ਾ ਲੱਭ ਲਿਆ ਹੈ ॥੧॥ ਰਹਾਉ ॥

ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ ॥

ਹੇ ਭਾਈ! ਇਹ (ਮਨੁੱਖਾ) ਸਰੀਰ (ਇਕ ਅਜਿਹੀ) ਧਰਤੀ ਹੈ ਜਿਸ ਵਿਚ (ਰੋਜ਼ਾਨਾ ਕੀਤੇ ਜਾ ਰਹੇ) ਕਰਮ (-ਬੀਜ) ਬੀਜੇ ਜਾ ਰਹੇ ਹਨ। (ਜਿਵੇਂ) ਦੁੱਧ ਨੂੰ ਰਿੜਕ ਰਿੜਕ ਕੇ ਮੱਖਣ ਕੱਢ ਲਈਦਾ ਹੈ (ਤਿਵੇਂ,) ਗੁਰੂ ਦੀ ਸਰਨ ਪੈ ਕੇ (ਇਹਨਾਂ ਰੋਜ਼ਾਨਾ ਕੀਤੇ ਜਾ ਰਹੇ ਕਰਮਾਂ ਨੂੰ ਸੋਧ ਸੋਧ ਕੇ ਉੱਚਾ ਆਤਮਕ ਜੀਵਨ ਪ੍ਰਾਪਤ ਕਰ ਲਈਦਾ ਹੈ)।

ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ ॥੨॥

(ਜਿਸ ਹਿਰਦੇ-ਰੂਪ ਭਾਂਡੇ ਵਿਚ ਗੁਰੂ ਪਰਮਾਤਮਾ ਦਾ) ਮਹਾਨ ਕੀਮਤੀ ਨਾਮ ਪਰਗਟ ਕਰ ਦੇਂਦਾ ਹੈ, ਉਸ (ਹਿਰਦਾ-) ਭਾਂਡੇ ਵਿਚ ਪ੍ਰੇਮ ਆ ਵੱਸਦਾ ਹੈ ॥੨॥

ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥

ਹੇ ਭਾਈ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਖ਼ਾਸ ਭਗਤ ਬਣ ਜਾਂਦੇ ਹਨ, ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ।

ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰਪਰਸਾਦੀ ਮੈ ਅਕਥੁ ਕਥਈਆ ॥੩॥

ਮੈਂ (ਆਪਣੇ) ਗੁਰੂ ਦੇ ਅੱਗੇ (ਆਪਣਾ) ਮਨ ਭੇਟਾ ਕਰ ਦਿੱਤਾ ਹੈ, ਆਪਣੀ ਅਕਲ ਭੇਟਾ ਕਰ ਦਿੱਤੀ ਹੈ। ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੩॥

ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ।

ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ ॥੪॥

(ਜਿਸ ਮਨੁੱਖ ਨੇ) ਗੁਰੂ ਦੀ ਸਿੱਖਿਆ ਲੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭ ਲਿਆ, (ਉਸ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ, ਗੁਰੂ ਦੇ ਸ਼ਬਦ ਨੇ ਬੁਝਾ ਦਿੱਤੀ ॥੪॥

ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ ॥

ਹੇ ਭਾਈ! (ਜਿਸ ਮਨੁੱਖ ਦਾ) ਇਹ ਮਨ ਜਿਧਰ ਗੁਰੂ ਤੋਰਦਾ ਹੈ ਉਧਰ ਤੁਰਦਾ ਰਹਿੰਦਾ ਹੈ, (ਉਸ ਦੇ ਅੰਦਰ) ਸਿਫ਼ਤਿ-ਸਾਲਾਹ ਦੀ ਬਾਣੀ ਦੀ ਰੌ ਦੇ ਇਕ-ਰਸ (ਮਾਨੋ) ਵਾਜੇ ਵੱਜਦੇ ਰਹਿੰਦੇ ਹਨ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430