ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।
(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।
ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।
ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।
ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;
ਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ।
ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ।
ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ।
ਪਰ, ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ।
ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ।
ਨਾਨਕ ਆਖਦਾ ਹੈ- ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ॥੧॥
ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!
ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!
ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!
ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ।
ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ।
ਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ॥੨॥
(ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,
ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ।
ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।
ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ।
ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ। ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ।
ਨਾਨਕ ਆਖਦਾ ਹੈ- ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ॥੩॥
ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ।
ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ।
ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।
ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ।
(ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ। (ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ।
ਨਾਨਕ ਆਖਦਾ ਹੈ- (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ॥੪॥੧॥