(ਤੇਰੀਆਂ) ਅੱਖਾਂ ਕਮਜ਼ੋਰ ਹੋ ਚੁਕੀਆਂ ਹਨ, ਕੰਨ ਭੀ (ਹੁਣ) ਸੁਣਨੋਂ ਰਹਿ ਗਏ ਹਨ, ਸੁਹਣਾ ਸਰੀਰ (ਭੀ) ਰਹਿ ਗਿਆ ਹੈ;
ਬੁਢੇਪੇ ਨੇ ਆ ਸੱਦ ਮਾਰੀ ਹੈ ਤੇ (ਤੇਰੀ) ਸਾਰੀ ਅਕਲ ਭੀ (ਠੀਕ) ਕੰਮ ਨਹੀਂ ਕਰਦੀ, ਪਰ (ਤੇਰੀ) ਮਾਇਆ ਦੀ ਖਿੱਚ (ਅਜੇ ਤਕ) ਨਹੀਂ ਮੁੱਕੀ ॥੧॥
ਹੇ ਕਮਲੇ ਮਨੁੱਖ! ਤੂੰ (ਪਰਮਾਤਮਾ ਨਾਲ) ਜਾਣ-ਪਛਾਣ (ਕਰਨ) ਦੀ ਸੂਝ ਪ੍ਰਾਪਤ ਨਹੀਂ ਕੀਤੀ।
ਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ ॥੧॥ ਰਹਾਉ ॥
ਹੇ ਬੰਦੇ! ਜਦੋਂ ਤਕ ਸਰੀਰ ਵਿਚ ਪ੍ਰਾਣ ਚੱਲ ਰਹੇ ਹਨ, ਉਤਨਾ ਚਿਰ ਉਸ ਪ੍ਰਭੂ ਨੂੰ ਹੀ ਸਿਮਰਦੇ ਰਹੋ।
(ਉਸ ਨਾਲ ਇਤਨਾ ਪਿਆਰ ਬਣਾਓ ਕਿ) ਜੇ ਸਰੀਰ (ਭੀ) ਨਾਸ ਹੋ ਜਾਏ, ਤਾਂ ਭੀ (ਉਸ ਨਾਲ) ਪਿਆਰ ਨਾਹ ਘਟੇ, ਤੇ ਪ੍ਰਭੂ ਦੇ ਚਰਨਾਂ ਵਿਚ ਮਨ ਟਿਕਿਆ ਰਹੇ ॥੨॥
(ਪ੍ਰਭੂ ਆਪ) ਜਿਸ ਮਨੁੱਖ ਦੇ ਮਨ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਉਂਦਾ ਹੈ, ਉਸ ਦੀ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ।
ਉਹ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਰਾਜ਼ੀ ਰਹਿਣ ਦਾ) ਚੌਪੜ ਉਹ ਖੇਡਦਾ ਹੈ, ਤੇ ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਹੈ (ਭਾਵ, ਮਨ ਨੂੰ ਜਿੱਤਣਾ-ਇਹ ਉਸ ਲਈ ਚੌਪੜ ਦੀ ਖੇਡ ਵਿਚ ਪਾਸਾ ਸੁੱਟਣਾ ਹੈ) ॥੩॥
ਜੋ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਕੇ ਉਸ ਅਦ੍ਰਿਸ਼ਟ ਨੂੰ ਸਿਮਰਦੇ ਹਨ, ਉਹਨਾਂ ਦਾ ਜੀਵਨ ਅਜਾਈਂ ਨਹੀਂ ਜਾਂਦਾ।
ਕਬੀਰ ਆਖਦਾ ਹੈ- ਜੋ ਮਨੁੱਖ (ਸਿਮਰਨ-ਰੂਪ) ਪਾਸਾ ਸੁੱਟਣਾ ਜਾਣਦੇ ਹਨ, ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਜਾਂਦੇ ॥੪॥੪॥
(ਮਨੁੱਖ ਦਾ ਇਹ ਸਰੀਰ, ਮਾਨੋ,) ਇਕ ਕਿਲ੍ਹਾ ਹੈ, (ਇਸ ਵਿਚ) ਪੰਜ (ਕਾਮਾਦਿਕ) ਚੌਧਰੀ (ਵੱਸਦੇ ਹਨ), ਪੰਜੇ ਹੀ (ਇਸ ਮਨੁੱਖ ਪਾਸੋਂ) ਮਾਮਲਾ ਮੰਗਦੇ ਹਨ (ਭਾਵ, ਇਹ ਪੰਜੇ ਵਿਕਾਰ ਇਸ ਨੂੰ ਖ਼ੁਆਰ ਕਰਦੇ ਫਿਰਦੇ ਹਨ)।
(ਪਰ ਆਪਣੇ ਸਤਿਗੁਰੂ ਦੀ ਕਿਰਪਾ ਨਾਲ) ਮੈਂ (ਇਹਨਾਂ ਪੰਜਾਂ ਵਿਚੋਂ) ਕਿਸੇ ਦਾ ਭੀ ਮੁਜ਼ਾਰਿਆ ਨਹੀਂ ਬਣਿਆ (ਭਾਵ, ਮੈਂ ਕਿਸੇ ਦੇ ਭੀ ਦਬਾ ਵਿਚ ਨਹੀਂ ਆਇਆ), ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ (ਭਾਵ, ਇਹਨਾਂ ਵਿਚੋਂ ਕੋਈ ਵਿਕਾਰ ਮੈਨੂੰ ਕੁਰਾਹੇ ਨਹੀਂ ਪਾ ਸਕਿਆ) ॥੧॥
ਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਸਹਿਮ ਰਹਿੰਦਾ ਹੈ (ਭਾਵ, ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਭੀ ਕੁਕਰਮਾਂ ਦਾ ਲੇਖਾ ਨਾਹ ਬਣਨ ਲੱਗ ਪਏ)।
ਸੋ ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਗੁਰੂ ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ ॥੧॥ ਰਹਾਉ ॥
(ਮਨੁੱਖਾ-ਸਰੀਰ ਦੇ) ਨੌ (ਸੋਤਰ-) ਜਰੀਬ ਕਸ਼ ਤੇ ਦਸ (ਇੰਦ੍ਰੇ) ਨਿਆਂ ਕਰਨ ਵਾਲੇ (ਮਨੁੱਖ ਦੇ ਜੀਵਨ ਉੱਤੇ ਇਤਨੇ) ਹੱਲਾ ਕਰ ਕੇ ਪੈਂਦੇ ਹਨ ਕਿ (ਮਨੁੱਖ ਦੇ ਅੰਦਰ ਭਲੇ ਗੁਣਾਂ ਦੀ) ਪਰਜਾ ਨੂੰ ਵੱਸਣ ਨਹੀਂ ਦੇਂਦੇ।
(ਇਹ ਜਰੀਬ-ਕਸ਼) ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਹਨ (ਭਾਵ ਮਨੁੱਖ ਨੂੰ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ, ਜਾਇਜ਼ ਹੱਦ ਤੋਂ ਵਧੀਕ ਕਾਮ ਆਦਿਕ ਵਿਚ ਫਸਾ ਦੇਂਦੇ ਹਨ) ॥੨॥
(ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦਾ) ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ।
(ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ) ॥੩॥
(ਸੋ, ਹੇ ਭਾਈ! ਇਹ ਬਰਕਤਿ ਸੰਤ ਜਨਾਂ ਦੀ ਸੰਗਤ ਦੀ ਹੈ) ਤੁਸੀ ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾਹ ਕਰਿਓ, ਸੰਤ ਤੇ ਪਰਮਾਤਮਾ ਇੱਕ-ਰੂਪ ਹਨ।
ਕਬੀਰ ਆਖਦਾ ਹੈ- ਮੈਨੂੰ ਭੀ ਉਹੀ ਗੁਰੂ-ਸੰਤ ਹੀ ਮਿਲਿਆ ਹੈ ਜੋ ਪੂਰਨ ਗਿਆਨਵਾਨ ਹੈ ॥੪॥੫॥
ਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ।
ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ।
ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ।
ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥
ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥
ਉਹ ਜੀਵ-ਇਸਤ੍ਰੀ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ,
ਜਿਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ।
ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ,
(ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ॥੨॥
ਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ।
ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ।
ਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,
ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ॥੩॥੧॥
(ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ)।
(ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ।
ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ।
ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ॥੧॥