ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ।
ਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ॥੧॥ ਰਹਾਉ ॥
ਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ।
ਹੇ ਨਾਨਕ! ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ॥੨॥੮॥
ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ (ਸਦਾ ਆਪਣੇ) ਚਿੱਤ ਵਿਚ ਵਸਾਏ ਹੁੰਦੇ ਹਨ,
ਉਹ ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ (ਜੋ ਸਦਾ ਕਾਇਮ ਰਹਿ ਸਕੇ।
ਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ ॥੧॥
ਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ ॥੧॥ ਰਹਾਉ ॥
ਜਿਸ ਦੇ ਵਿਚ ਸਾਰਾ ਜਗਤ ਹੈ,
ਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ,
ਹੇ ਨਾਨਕ! (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।
ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ॥੨॥੯॥
ਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਅਗਿਆਨੀ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ।
ਛੇਤੀ ਮੁੱਕ ਜਾਣ ਵਾਲਾ (ਮਾਇਆ ਦੇ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ, ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ॥੧॥
ਹੇ ਮਨੁੱਖ! ਤੂੰ ਬੜੀ ਮਾੜੀ ਬੇ-ਅਕਲੀ ਕਰ ਰਿਹਾ ਹੈਂ,
ਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ, ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ-ਦਾਸੀ ਨਾਲ ਸਾਥ ਬਣਾ ਰਿਹਾ ਹੈਂ ॥੧॥ ਰਹਾਉ ॥
ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁਲ ਵਾਲੀ ਮਾਇਆ-ਦਾਸੀ ਦੀ ਸੇਵਾ ਕਰ ਰਿਹਾ ਹੈਂ, (ਇਸ ਮਾਇਆ ਦੇ ਕਾਰਨ) 'ਮੈਂ ਮੈਂ' ਕਰਦਿਆਂ ਤੇਰੀ ਉਮਰ ਬੀਤ ਰਹੀ ਹੈ।
ਹੇ ਮਨ ਦੇ ਮੁਰੀਦ ਮੂਰਖ! ਤੂੰ ਫੋਕੇ ਕੰਮ ਕਰ ਰਿਹਾ ਹੈਂ, (ਅੱਖਾਂ ਹੁੰਦਿਆਂ ਭੀ) ਤੂੰ (ਆਤਮਕ ਜੀਵਨ ਵੱਲੋਂ) ਅੰਨ੍ਹਾ ਅਖਵਾ ਰਿਹਾ ਹੈਂ ॥੨॥
ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ, ਜਿਹੜਾ ਇਹ ਨਾਸਵੰਤ ਜਗਤ ਹੈ ਇਸ ਨੂੰ ਤੂੰ ਅਟੱਲ ਸਮਝਦਾ ਹੈਂ।
ਜਿਸ ਮਾਇਆ ਨੇ ਜ਼ਰੂਰ ਪਰਾਈ ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜੱਫਾ ਮਾਰੀ ਬੈਠਾ ਹੈਂ। ਕੈਸੀ ਅਚਰਜ ਭੁੱਲ ਵਿਚ ਭੁੱਲਾ ਪਿਆ ਹੈਂ! ॥੩॥
ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ।
ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧॥੧੦॥
(ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ।
ਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿੰਦਾ ਹੈਂ ॥੧॥
ਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)?
ਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ? ॥੧॥ ਰਹਾਉ ॥
ਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ।
ਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੨॥
(ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ।
(ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੩॥
ਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ।
ਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ॥੪॥
ਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ।