(ਖਸਮ-ਪ੍ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸੁਣ ਕੇ ਮੈਨੂੰ ਸੋਚਾਂ ਫੁਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ)।
ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ ਮਾਲਕ-ਪ੍ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ ਤੇ ਅਹੰਕਾਰ ਤਿਆਗ ਦਿਆਂ ॥੧॥ ਰਹਾਉ ॥
ਪ੍ਰਭੂ-ਪਤੀ ਜੇਹੜਾ ਜੇਹੜਾ ਹੁਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ ਤੇ ਮੈਂ ਉਸ ਦੀ ਰਜ਼ਾ ਦੇ ਉਲਟ ਬੋਲ ਨਹੀਂ ਬੋਲਦੀ।
(ਮੇਰੀ ਸਦਾ ਇਹ ਅਰਦਾਸ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੍ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭੁਲਾਇਆਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੧॥
ਉਹ ਸਰਬ-ਵਿਆਪਕ ਕਰਤਾਰ ਪ੍ਰਭੂ (ਮੈਨੂੰ) ਸਾਰੇ ਸੁਖ ਦੇਣ ਵਾਲਾ ਹੈ, ਮੇਰੇ ਅੰਞਾਣਪੁਣੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਹੈ।
ਹੇ ਨਾਨਕ! ਮੈਂ ਤਾਂ ਗੁਣ-ਹੀਨ ਹਾਂ, ਕੋਝੀ ਸ਼ਕਲ ਵਾਲੀ ਹਾਂ, ਮੇਰੀ ਕੁਲ ਭੀ ਉੱਚੀ ਨਹੀਂ ਹੈ; ਪਰ, ਮੇਰਾ ਖਸਮ-ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ ॥੨॥੩॥
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ।
(ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ ਭਾਵੇਂ ਉਹ ਉੱਚੀ ਜਾਤ ਵਾਲੇ ਹੋਣ ਜਾਂ ਨੀਵੀਂ ਜਾਤਿ ਵਾਲੇ ॥੧॥ ਰਹਾਉ ॥
(ਜਦੋਂ ਸਿਫ਼ਤ-ਸਾਲਾਹ ਕਰਦੇ ਰਹੀਏ) ਤਦੋਂ ਹੀ ਇਹ ਵਿਧੀ ਸਮਝ ਵਿਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ ਤੇ ਉਸੇ ਵਿਚ ਲੀਨ ਹੋ ਜਾਂਦਾ ਹੈ।
(ਹੇ ਮਨ!) ਜਿੱਥੇ ਜਿੱਥੇ ਭੀ ਪਰਮਾਤਮਾ ਨੇ ਸਰੀਰ-ਰਚਨਾ ਕੀਤੀ ਹੈ, ਕਦੇ ਭੀ ਕੋਈ ਸਦਾ ਇਥੇ ਟਿਕਿਆ ਨਹੀਂ ਰਹਿ ਸਕਦਾ ॥੧॥
ਜਦੋਂ ਪ੍ਰਭੂ ਦਇਆਵਾਨ ਹੁੰਦਾ ਹੈ (ਤਾਂ ਉਸ ਦੀ ਮੇਹਰ ਨਾਲ) ਆਨੰਦ (ਹਿਰਦੇ ਵਿਚ) ਆ ਵੱਸਦਾ ਹੈ ਤੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ।
ਨਾਨਕ ਆਖਦਾ ਹੈ- ਸਾਧ ਸੰਗਤ ਵਿਚ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ ॥੨॥੪॥
ਹੇ ਮੇਰੇ ਮਨ! ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵਾਂ!
ਭਾਵੇਂ ਮੈਂਨੂੰ ਨੀਵਿਆਂ ਤੋਂ ਨੀਵਾਂ ਹੋ ਕੇ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਉਸ ਪ੍ਰਭੂ ਅੱਗੇ ਅਰਜ਼ ਕਰਨੀ ਪਵੇ ॥੧॥ ਰਹਾਉ ॥
ਮਾਇਆ ਦੇ ਇਹ ਅਨੇਕਾਂ ਖਿਲਾਰੇ ਵਿਅਰਥ ਹਨ ਜਿਨ੍ਹਾਂ ਕਾਰਨ ਮੈਂ ਪ੍ਰਭੂ ਨਾਲੋਂ ਆਪਣਾ ਪਿਆਰ ਘਟਾਈ ਜਾ ਰਿਹਾ ਹਾਂ।
ਜਿਵੇਂ ਮੇਰਾ ਆਪਣਾ-ਮਾਲਕ ਪ੍ਰਭੂ ਸੁਖ ਮੰਨਦਾ ਹੈ, ਮੈਂ ਭੀ ਉਸੇ ਵਿਚ (ਸੁਖ ਮੰਨ ਕੇ) ਇੱਜ਼ਤ ਪ੍ਰਾਪਤ ਕਰਦਾ ਹਾਂ ॥੧॥
ਮੈਂ ਆਪਣੇ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ।
ਹੇ ਨਾਨਕ! ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂੰਹ ਨਾਲ ਬੁਲਾਂਦਾ ਹਾਂ ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ ॥੨॥੫॥
ਹੇ ਪ੍ਰਭੂ ਜੀ! ਤੇਰੀ ਮੇਹਰ ਨਾਲ ਮੈਂ ਆਪਣੇ ਮਨ ਦੀ ਭਟਕਣਾ ਦੂਰ ਕਰ ਲਈ ਹੈ।
ਤੇਰੀ ਹੀ ਕਿਰਪਾ ਨਾਲ ਮੈਂ ਆਪਣੇ ਮਨ ਵਿਚ ਇਹ ਨਿਸ਼ਚਾ ਬਣਾ ਲਿਆ ਹੈ ਕਿ (ਤੇਰਾ ਪੈਦਾ ਕੀਤਾ ਹੋਇਆ) ਹਰੇਕ ਪ੍ਰਾਣੀ ਮੇਰਾ ਆਪਣਾ ਹੀ ਹੈ ॥੧॥ ਰਹਾਉ ॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਕਰਨ ਨਾਲ ਮੇਰੇ ਕ੍ਰੋੜਾਂ ਹੀ ਪਾਪ ਮਿੱਟ ਗਏ ਹਨ ਤੇ ਤੇਰੇ ਦਰਸਨ ਨਾਲ ਮੈਂ ਦੁੱਖ ਲਾਹ ਲਿਆ ਹੈ।
ਤੇਰਾ ਨਾਮ ਜਪਦਿਆਂ ਮੈਂ ਬੜਾ ਆਨੰਦ ਮਾਣਿਆ ਹੈ, ਤੇ, ਚਿੰਤਾ ਰੋਗ (ਆਪਣੇ ਮਨ ਵਿਚੋਂ) ਦੂਰ ਕਰ ਲਿਆ ਹੈ ॥੧॥
ਹੇ ਪ੍ਰਭੂ! ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਨੂੰ (ਆਪਣੇ ਮਨ ਵਿਚੋਂ) ਭੁਲਾ ਹੀ ਲਿਆ ਹੈ।
ਹੇ ਨਾਨਕ! ਕਿਰਪਾ ਦੇ ਖ਼ਜ਼ਾਨੇ ਪ੍ਰਭੂ ਨੇ ਮੇਰੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ ਤੇ ਆਪ ਹੀ ਉਸ ਨੇ ਮੈਨੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ ਹੈ ॥੨॥੬॥
ਹੇ ਮੇਰੇ ਮਨ! ਉਸ ਦੀ (ਆਪਣੀ) ਸਾਰੀ ਚਤੁਰਾਈ ਮੁੱਕ ਜਾਂਦੀ ਹੈ,
ਜੋ ਮਨੁੱਖ ਸਭ ਕੁਝ ਕਰ ਸਕਣ ਤੇ ਸਭ ਕੁਝ (ਜੀਵਾਂ ਪਾਸੋਂ) ਕਰਾ ਸਕਣ ਵਾਲੇ ਪਰਮਾਤਮਾ ਮਾਲਕ ਦਾ ਆਸਰਾ ਲੈ ਲੈਂਦਾ ਹੈ, ਹੇ ਨਾਨਕ!॥੧॥ ਰਹਾਉ॥
ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਇਹ (ਆਪਣੀ ਸਿਆਣਪ-ਚਤੁਰਾਈ ਛੱਡ ਦੇਣ ਵਾਲੀ) ਸਿੱਖਿਆ ਗ੍ਰਹਣ ਕੀਤੀ ਤੇ ਜੋ ਆਪਾ-ਭਾਵ ਮਿਟਾ ਕੇ ਪ੍ਰਭੂ ਦੀ ਸਰਨ ਆ ਪਏ,
ਉਹਨਾਂ ਨੇ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਆਨੰਦ ਮਾਣਿਆ ਤੇ ਉਹਨਾਂ ਦੇ ਅੰਦਰੋਂ ਭਰਮ (-ਰੂਪ) ਹਨੇਰਾ ਦੂਰ ਹੋ ਗਿਆ ॥੧॥
ਹੇ ਸੁਜਾਨ ਤੇ ਸਿਆਣੇ ਮਾਲਕ! ਹੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
ਹੇ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ! (ਕਿਸੇ ਪਾਸੋਂ) ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ ॥੨॥੭॥
ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ!
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੧॥ ਰਹਾਉ ॥
ਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੁੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ।
ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ ॥੧॥