ਹੇ ਪ੍ਰਭੂ! (ਸਭ ਜੀਵਾਂ ਨੂੰ) ਜਿੰਦ, ਪ੍ਰਾਣ, ਸਰੀਰ ਤੂੰ ਹੀ ਦਿੱਤੇ ਹਨ।
ਆਪਣੀ ਜੋਤਿ ਤੂੰ (ਸਰੀਰਾਂ ਵਿਚ) ਟਿਕਾ ਕੇ ਮੂਰਖਾਂ ਨੂੰ ਸੋਹਣੇ ਬਣਾ ਦੇਂਦਾ ਹੈਂ।
ਹੇ ਪ੍ਰਭੂ! ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਉੱਤੇ ਦਇਆ ਕਰਨ ਵਾਲਾ ਹੈਂ।
ਤੇਰਾ ਨਾਮ ਜਪਦਿਆਂ ਜੀਵ ਪ੍ਰਸੰਨ-ਚਿੱਤ ਹੋ ਜਾਂਦੇ ਹਨ ॥੧॥
ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਮੇਰੇ ਪ੍ਰੀਤਮ!
ਮੈਂ ਤੇਰੇ ਪਾਸੋਂ ਹੀ ਸਾਰੇ ਪਦਾਰਥ ਹਾਸਲ ਕਰਦਾ ਹਾਂ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਜਪਦਿਆਂ (ਜਗਤ ਤੋਂ) ਪਾਰ-ਉਤਾਰਾ ਹੁੰਦਾ ਹੈ,
ਆਤਮਕ ਅਡੋਲਤਾ ਦੇ ਸ੍ਰੇਸ਼ਟ ਸੁਖ ਪ੍ਰਾਪਤ ਹੋ ਜਾਂਦੇ ਹਨ,
(ਲੋਕ ਪਰਲੋਕ ਵਿਚ) ਇੱਜ਼ਤ ਸੋਭਾ ਮਿਲਦੀ ਹੈ,
(ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੁਕਵਾਟ ਨਹੀਂ ਪੈਂਦੀ ॥੨॥
ਹੇ ਮੇਰੇ ਪ੍ਰਭੂ! ਜਿਸ ਹਰਿ-ਨਾਮ ਦੇ ਜਪਣ ਵਾਸਤੇ (ਤੇਰੀ ਮਿਹਰ ਨਾਲ) ਇਹ ਦੁਰਲੱਭ ਮਨੁੱਖਾ ਸਰੀਰ ਮਿਲਿਆ ਹੈ,
ਉਹ ਹਰਿ-ਨਾਮ ਮੈਨੂੰ ਬਖ਼ਸ਼।
(ਮੇਰਾ) ਇਹ (ਮਨ) ਸਾਧ ਸੰਗਤ ਵਿਚ ਟਿਕਾਣਾ ਪ੍ਰਾਪਤ ਕਰੀ ਰੱਖੇ।
ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰਾ ਨਾਮ ਜਪਦਾ ਰਹਾਂ ॥੩॥
ਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰਾ) ਨਹੀਂ ਹੈ।
ਇਹ ਸਾਰਾ ਜਗਤ-ਤਮਾਸ਼ਾ ਤੇਰਾ ਹੀ ਬਣਾਇਆ ਹੋਇਆ ਹੈ। ਸਾਰੇ ਜੀਵ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।
ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੇਰੀ) ਰੱਖਿਆ ਕਰ।
ਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੪॥
ਪ੍ਰੀਤਮ ਪ੍ਰਭੂ, ਪ੍ਰਭੂ ਪਾਤਿਸ਼ਾਹ (ਜੋ ਉਂਞ ਤਾਂ ਹਰ ਵੇਲੇ) ਮੇਰੇ ਨਾਲ ਵੱਸਦਾ ਹੈ (ਪਰ ਮੈਨੂੰ ਦਿੱਸਦਾ ਨਹੀਂ)।
ਹੇ ਮਾਂ! ਜਿਸ ਨੂੰ ਵੇਖ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ,
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਦੁੱਖ ਪੋਹ ਨਹੀਂ ਸਕਦਾ,
ਮਿਹਰ ਕਰ ਕੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦੇ ॥੧॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਤੇ ਮਨ ਦੇ ਆਸਰੇ ਪ੍ਰਭੂ!
ਮੇਰੀ ਇਹ ਜਿੰਦ ਮੇਰੇ ਇਹ ਪ੍ਰਾਣ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥ ਰਹਾਉ ॥
ਹੇ ਮਾਂ! ਜਿਸ ਪਰਮਾਤਮਾ ਨੂੰ ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ,
ਜਿਸ ਦਾ ਭੇਤ ਮੁਨੀ ਲੋਕ ਅਤੇ ਸ਼ੇਸ਼-ਨਾਗ ਭੀ ਨਹੀਂ ਪਾ ਸਕਦੇ,
ਜਿਸ ਦੀ ਉੱਚੀ ਆਤਮਕ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਕੀਤੇ ਜਾ ਸਕਦੇ,
ਹੇ ਮਾਂ! ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ ॥੨॥
ਹੇ ਮਾਂ! ਜਿਸ ਪਰਮਾਤਮਾ ਦੇ ਭਗਤ ਸਦਾ ਆਨੰਦ-ਭਰਪੂਰ ਰਹਿੰਦੇ ਹਨ,
ਜਿਸ ਪਰਮਾਤਮਾ ਦੇ ਭਗਤਾਂ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ,
ਜਿਸ ਪਰਮਾਤਮਾ ਦੇ ਭਗਤਾਂ ਨੂੰ (ਦੁਨੀਆ ਦੇ ਕੋਈ) ਡਰ ਪੋਹ ਨਹੀਂ ਸਕਦੇ,
ਜਿਸ ਪਰਮਾਤਮਾ ਦੇ ਭਗਤਾਂ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਦਾ ਜਿੱਤ ਹੁੰਦੀ ਹੈ (ਉਹ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ) ॥੩॥
ਹੇ ਪ੍ਰਭੂ! ਤੇਰੀ ਕੋਈ ਉਪਮਾ ਦੱਸੀ ਨਹੀਂ ਜਾ ਸਕਦੀ (ਤੇਰੇ ਵਰਗਾ ਕੋਈ ਦੱਸਿਆ ਨਹੀਂ ਜਾ ਸਕਦਾ)।
ਤੂੰ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਮਾਲਕ ਹੈਂ, ਤੂੰ ਹਰ ਥਾਂ ਮੌਜੂਦ ਹੈਂ।
ਹੇ ਪ੍ਰਭੂ! (ਤੇਰੇ ਪਾਸੋਂ) ਨਾਨਕ ਇਕ ਖ਼ੈਰ ਮੰਗਦਾ ਹੈ-
ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੪॥੫॥
ਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ (ਤੇ, ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ)
ਤਿਵੇਂ ਸਾਧ ਸੰਗਤ ਵਿਚ ਮਿਲ ਕੇ (ਮਨੁੱਖ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ।
ਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਹੈ,
ਤਿਵੇਂ ਗੁਰੂ-ਪੀਰ (ਜੀਵਾਂ ਨੂੰ) ਪਾਰ ਉਤਾਰਨ ਲਈ ਆਸਰਾ ਹੁੰਦਾ ਹੈ ॥੧॥
ਹੇ ਪ੍ਰਭੂ! ਤੂੰ (ਜੀਵਾਂ ਨੂੰ) ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈਂ।
ਮੈਂ ਪਲ ਪਲ ਉਸ (ਦਾਤਾਰ ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ ॥੧॥ ਰਹਾਉ ॥
ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,
ਉਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।
(ਜਿਨ੍ਹਾਂ ਮਨੁੱਖਾਂ ਨੂੰ ਨਾਮ-ਰੰਗ ਚੜ੍ਹ ਜਾਂਦਾ ਹੈ) ਉਹ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦੇ ਹਨ।
ਪਰਮਾਤਮਾ ਦੇ ਭਗਤ ਪਰਮਾਤਮਾ ਦਾ ਨਾਮ ਸਿਮਰਦੇ ਹਨ-ਇਹੀ ਉਸ ਨਾਲ ਮਿਲਾਪ ਦਾ ਸਹੀ ਤਰੀਕਾ ਹੈ ॥੨॥
ਪਰਮਾਤਮਾ ਦਾ ਦਰਸਨ ਕਰ ਕੇ (ਮਨੁੱਖ ਦੀਆਂ) ਅੱਖਾਂ ਨੂੰ (ਪਰਾਇਆ ਰੂਪ ਤੱਕਣ ਵੱਲੋਂ) ਸੰਤੋਖ ਆ ਜਾਂਦਾ ਹੈ।
(ਜਿਉਂ ਜਿਉਂ ਮਨੁੱਖ ਦੀ) ਜੀਭ ਪਰਮਾਤਮਾ ਦੇ ਅਨੇਕਾਂ ਗੁਣ ਗਾਂਦੀ ਹੈ,
ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ,
ਉਸ ਦਾ ਮਨ ਹਰਿ-ਨਾਮ-ਰਸ ਦੇ ਸੁਆਦ ਨਾਲ (ਮਾਇਆ ਵੱਲੋਂ) ਰੱਜ ਜਾਂਦਾ ਹੈ ॥੩॥
(ਹੇ ਪ੍ਰਭੂ! ਜਿਹੜਾ ਤੇਰਾ) ਸੇਵਕ (ਤੇਰੇ) ਚਰਨਾਂ ਦੀ ਸੇਵਾ ਵਿਚ ਲੱਗਦਾ ਹੈ।
ਹੇ ਸਭ ਦੇ ਮੁੰਢ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਹੇ ਪਰੇ ਤੋਂ ਪਰੇ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ!
ਤੇਰਾ ਨਾਮ ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
ਨਾਨਕ ਨੂੰ (ਤੇਰਾ) ਇਹ ਨਾਮ-ਖ਼ਜ਼ਾਨਾ ਮਿਲ ਗਿਆ ਹੈ ॥੪॥੬॥
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ, (ਸਭ ਜੀਵਾਂ ਨੂੰ ਤੂੰ ਸਭ ਪਦਾਰਥ) ਦੇ ਰਿਹਾ ਹੈਂ,
ਤੂੰ ਸਭਨਾਂ ਦੀ ਜਿੰਦ ਵਿਚ ਸਭਨਾਂ ਦੇ ਪ੍ਰਾਣਾਂ ਵਿਚ ਵਿਆਪਕ ਹੈਂ।
ਤੂੰ ਖਾਣ ਲਈ ਸਾਰੇ ਪਦਾਰਥ ਦੇ ਰਿਹਾ ਹੈਂ,
ਪਰ ਮੈਂ ਗੁਣ-ਹੀਨ ਨੇ ਤੇਰਾ ਇਕ ਭੀ ਉਪਕਾਰ ਨਹੀਂ ਸਮਝਿਆ ॥੧॥
ਹੇ ਦਇਆਲ ਪ੍ਰਭੂ! ਮੈਂ ਤੇਰੀ ਰਤਾ ਭਰ ਭੀ ਕਦਰ ਨਹੀਂ ਜਾਣਦਾ,