ਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਔਖਾ ਸੰਸਾਰ-ਅਖਾੜਾ ਜਿੱਤ ਲਿਆ ਹੈ।
ਗੁਰੂ ਦੀ ਸਰਨ ਪੈ ਕੇ ਮੈਂ ਸੰਸਾਰ-ਅਖਾੜਾ ਜਿੱਤਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਂ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਹਾਂ (ਮੈਂ ਪਹਿਲਾਂ ਮਾਇਆ ਦੀ ਭਟਕਣਾ ਦੇ ਕਿਲ੍ਹੇ ਵਿਚ ਕੈਦ ਸਾਂ, ਹੁਣ ਉਹ) ਭਟਕਣਾ ਦੇ ਕਿਲ੍ਹੇ ਦੀ ਕੰਧ ਢਹਿ ਪਈ ਹੈ।
ਮੈਂ ਹਰਿ-ਨਾਮ ਦਾ ਖ਼ਜ਼ਾਨਾ ਲੱਭ ਲਿਆ ਹੈ, ਇਕ ਵੱਡਾ ਖ਼ਜ਼ਾਨਾ ਲੱਭ ਲਿਆ ਹੈ, ਮੇਰੀ ਸਹਾਇਤਾ ਉਤੇ ਪ੍ਰਭੂ ਆਪ (ਮੇਰੇ ਸਿਰ ਉਤੇ) ਆ ਖਲੋਤਾ ਹੈ।
ਉਹੀ ਮਨੁੱਖ ਚੰਗੀ ਸੂਝ ਵਾਲਾ ਹੈ ਉਹੀ ਮਨੁੱਖ ਹਰ ਥਾਂ ਮੰਨਿਆ-ਪ੍ਰਮੰਨਿਆ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪਣਾ (ਸੇਵਕ) ਬਣਾ ਲਿਆ ਹੈ।
ਹੇ ਨਾਨਕ! ਜਦੋਂ ਖਸਮ-ਪ੍ਰਭੂ ਪੱਖ ਤੇ ਹੋਵੇ ਤਾਂ ਸਾਰੇ ਮਿੱਤਰ ਭਰਾ ਭੀ ਖ਼ੁਸ਼ ਹੋ ਜਾਂਦੇ ਹਨ ॥੪॥੧॥
ਹੇ ਭਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹਉਮੈ ਚਤੁਰਾਈ ਦੇ ਆਧਾਰ ਤੇ) ਨਹੀਂ ਕੀਤੀ ਜਾ ਸਕਦੀ, (ਸਿਆਣਪ-ਚਤੁਰਾਈ ਦੇ ਆਸਰੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜਾਣ-ਪਛਾਣ ਨਹੀਂ ਪਾਈ ਜਾ ਸਕਦੀ।
ਦੈਵੀ ਸੁਭਾਵ ਵਾਲੇ ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਸਿਫ਼ਤਿ-ਸਾਲਾਹ ਕਰਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਉਹਨਾਂ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ,
ਉਸ ਇੱਕ ਅਦ੍ਰਿਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲਿਆ।
(ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ) ਅਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰ ਕੇ ਆਪਣੀ ਸੁਰਤਿ ਰੱਬੀ ਨੂਰ ਵਿਚ ਜੋੜ ਲਈ,
ਨਾਨਕ ਬੇਨਤੀ ਕਰਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੧॥
ਪਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ।
ਉਹਨਾਂ ਦੀ ਸੰਗਤਿ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ।
ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਖ਼ੁਸ਼-ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ।
ਜੇਹੜਾ ਬੰਦਾ ਸਤਿਗੁਰੂ ਦੀ ਚਰਨੀਂ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ-ਸਹਮ ਖ਼ਤਮ ਹੋ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਅਹੰਕਾਰ) ਦੂਰ ਕਰ ਲੈਂਦਾ ਹੈ।
ਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਚਰਨਾਂ ਵਿਚ ਜੋੜ ਲਿਆ, ਉਹ ਪ੍ਰਭੂ ਤੋਂ ਵਿਛੁੜ ਕੇ ਹੋਰ ਕਿਧਰੇ ਭੀ ਨਹੀਂ ਜਾਂਦਾ।
ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਮੈਂ ਤੇਰਾ ਦਾਸ ਹਾਂ, ਮੈਨੂੰ ਭੀ ਆਪਣੀ ਸਰਨ ਵਿਚ ਰੱਖ ॥੨॥
ਹੇ ਹਰੀ! ਤੇਰੇ ਦਰ ਤੇ, ਤੇਰੇ ਬੂਹੇ ਤੇ (ਖਲੋਤੇ) ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ।
ਮੈਂ (ਤੇਰੇ) ਉਹਨਾਂ (ਭਗਤਾਂ) ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
ਮੈਂ ਉਹਨਾਂ ਭਗਤਾਂ ਅੱਗੇ ਸਿਰ ਨਿਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ,
(ਤੇ ਇਹ ਸਮਝ ਆ ਜਾਂਦੀ ਹੈ ਕਿ) ਸਰਬ-ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿਚ ਹਰ ਥਾਂ ਮੌਜੂਦ ਹੈ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ (ਜੁਆਰੀਏ ਵਾਂਗ) ਜੂਏ ਵਿਚ (ਮਨੁੱਖਾ) ਜਨਮ (ਦੀ ਬਾਜ਼ੀ) ਨਹੀਂ ਹਾਰਦਾ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਕਿਰਪਾ ਕਰ ਕੇ (ਮੈਨੂੰ ਭੀ ਜੂਏ ਵਿਚ ਜੀਵਨ-ਬਾਜ਼ੀ ਹਾਰਨ ਤੋਂ) ਬਚਾ ਲੈ ॥੩॥
ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ?
ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ।
ਪ੍ਰਭੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ।
(ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ।
(ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦਾ।
ਨਾਨਕ ਬੇਨਤੀ ਕਰਦਾ ਹੈ-ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ ॥੪॥੨॥
ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪ੍ਰੋਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ।
ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।
(ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ।
ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ।