ਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ।
(ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ।
ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ ॥੫੩॥
ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ,
ਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ।
ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ-ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ)। (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ।
ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) ॥੫੪॥੧॥
ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸਿਧ ਗੋਸਟਿ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;
ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।
ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,
(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥
(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;
(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥
(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?
(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।
(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?
ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥
(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।
ਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।
(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥
(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?
ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।
ਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।
(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ 'ਦੁਤਰੁ ਸਾਗਰੁ' ਤੋਂ) ਪਾਰ ਲੰਘ ਜਾਉਗੇ ॥੪॥
ਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ)
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।
(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।
(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥
(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ;
ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)?
(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ।
(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥
(ਲੋਹਾਰੀਪਾ ਦਾ ਕਥਨ) ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ,
ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ- ਜੋਗੀ (ਲੋਹਾਰੀਪਾ) ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ।