ਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ।
ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ ॥੧॥
ਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ)।
ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ॥੧॥ ਰਹਾਉ ॥
ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ।
ਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ ॥੨॥
ਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ।
ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ॥੩॥
ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।
ਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ ॥੪॥੭॥੫੪॥
ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ।
(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ।
ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ।
ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥
(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ।
ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥
ਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ।
ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥
ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ।
ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥
ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ।
(ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ ॥੨॥
ਹੇ ਭਾਈ! ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।
ਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਉਹੀ ਤੇਰਾ (ਅਸਲ) ਭਗਤ ਹੈ ॥੩॥
ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ। ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ।
(ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ॥੪॥੯॥੫੬॥
ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ।
ਉਹ ਮਨੁੱਖ, ਜੋ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ ॥੧॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)।