ਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ, ਮੇਰੀ ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ ॥੨॥
ਜਦੋਂ ਤੋਂ ਸੰਤ-ਜਨਾਂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ਹੈ, ਮੈਂ ਆਪਣੀਆਂ ਅੱਖਾਂ ਨਾਲ ਉਸ ਸਾਰੀਆਂ ਖ਼ੁਸ਼ੀਆਂ ਦੇ ਮਾਲਕ-ਹਰੀ ਨੂੰ ਵੇਖ ਲਿਆ ਹੈ।
ਮੈਂ ਪਰਮਾਤਮਾ ਦਾ ਕੀਮਤੀ ਅਮੋਲਕ ਨਾਮ ਲੱਭ ਲਿਆ ਹੈ, ਉਸ ਨੂੰ ਛੱਡ ਕੇ (ਮੇਰਾ ਮਨ ਹੁਣ) ਹੋਰ ਕਿਸੇ ਭੀ ਪਾਸੇ ਨਹੀਂ ਜਾਂਦਾ ॥੩॥
ਮੈਂ ਉਸ ਪਰਮਾਤਮਾ ਦੀ ਕਿਹੜੀ ਸਿਫ਼ਤ ਕਰਾਂ? ਕਿਹੜੀ ਵਡਿਆਈ ਦੱਸਾਂ? ਕਿਹੜੇ ਗੁਣ ਬਿਆਨ ਕਰਾਂ? ਜਿਸ ਕਰਕੇ ਉਹ ਮੇਰੇ ਉੱਤੇ ਪਸੰਨ ਹੋ ਜਾਏ।
ਹੇ ਦਾਸ ਨਾਨਕ! ਦੀਨਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਆਪ ਹੀ ਜਿਸ ਉੱਤੇ ਦਇਆਵਾਨ ਹੁੰਦਾ ਹੈ, ਉਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਂਦਾ ਹੈ ॥੪॥੮॥
ਉਹਨਾਂ ਸੁਖਾਂ ਦਾ ਬਿਆਨ ਕਿਸੇ ਪਾਸੋਂ ਭੀ ਨਹੀਂ ਕੀਤਾ ਜਾ ਸਕਦਾ,
ਜਿਹੜੇ ਆਨੰਦ ਕੌਤਕ ਪ੍ਰਭੂ ਦਾ ਦਰਸਨ ਕਰਦਿਆਂ ਪੈਦਾ ਹੁੰਦੇ ਹਨ, ਪ੍ਰਭੂ ਦੇ ਗੁਣ ਗਾਂਦਿਆਂ ਮਨ ਦੀਆਂ ਜਿਹੜੀਆਂ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ (ਉਹ ਬਿਆਨ ਨਹੀਂ ਹੋ ਸਕਦੀਆਂ) ॥੧॥ ਰਹਾਉ ॥
ਉਸ ਅਚਰਜ-ਰੂਪ ਅਤੇ ਕਿਰਪਾ ਦੇ ਸੋਮੇ ਸਰਬ-ਵਿਆਪਕ ਪ੍ਰਭੂ ਦਾ ਦਰਸ਼ਨ ਕਰ ਕੇ ਮੈਂ ਹੈਰਾਨ ਹੋ ਗਈ ਹਾਂ।
ਜਦੋਂ ਮੈਂ ਉਸ ਦਾ ਆਤਮਕ ਜੀਵਨ ਦੇਣ ਵਾਲਾ ਅਮੋਲਕ ਨਾਮ-ਜਲ ਪੀਤਾ (ਤਾਂ ਮੇਰੀ ਹਾਲਤ ਇਉਂ ਹੋ ਗਈ) ਜਿਵੇਂ ਕੋਈ ਗੁੰਗਾ ਮਨੁੱਖ (ਗੁੜ ਆਦਿਕ) ਚੱਖ ਕੇ (ਸਿਰਫ਼) ਮੁਸਕ੍ਰਾਉਂਦਾ ਹੀ ਹੈ। (ਸੁਆਦ ਦੱਸ ਨਹੀਂ ਸਕਦਾ) ॥੧॥
ਜਿਵੇਂ (ਕੋਈ ਜੋਗੀ) ਆਪਣੇ ਪ੍ਰਾਣ ਰੋਕ ਲੈਂਦਾ ਹੈ, ਉਹਨਾਂ ਦੇ ਆਉਣ ਜਾਣ ਦੀ (ਕਿਸੇ ਹੋਰ ਨੂੰ) ਸਮਝ ਨਹੀਂ ਪੈ ਸਕਦੀ,
(ਇਸੇ ਤਰ੍ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਮਨੁੱਖ ਦੀ ਆਤਮਕ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ ॥੨॥
(ਦੁਨੀਆ ਵਾਲੇ ਗੁਣ ਸਿੱਖਣ ਵਾਸਤੇ) ਹੋਰ ਜਿਤਨੇ ਭੀ ਜਤਨ ਦੱਸੇ ਜਾਂਦੇ ਹਨ, ਉਹ (ਹੋਰਨਾਂ ਪਾਸੋਂ) ਸਿੱਖਿਆਂ ਹੀ ਸਿੱਖੇ ਜਾ ਸਕਦੇ ਹਨ।
ਪਰ ਚਿੰਤਾ ਦੂਰ ਕਰਨ ਵਾਲਾ ਸੋਹਣਾ ਪ੍ਰਭੂ ਮਨੁੱਖ ਦੇ ਹਿਰਦੇ-ਘਰ ਦੇ ਅੰਦਰ ਹੀ ਪਰਗਟ ਹੋ ਜਾਂਦਾ ਹੈ (ਜਿਸ ਦੇ ਹਿਰਦੇ ਵਿਚ ਪਰਗਟਦਾ ਹੈ, ਉਸ ਦੀ) ਪਰਖ ਕਰਨੀ ਕਠਨ ਜਿਹਾ ਕੰਮ ਹੈ ॥੩॥
ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰਮਾਤਮਾ ਨਾਸ-ਰਹਿਤ ਹੈ, ਉਹ ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ।
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਉਸ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲਿਆ, ਉਸ ਦੀ ਆਤਮਕ ਦਸ਼ਾ ਉਹ ਆਪ ਹੀ ਜਾਣਦਾ ਹੈ (ਬਿਆਨ ਨਹੀਂ ਕੀਤੀ ਜਾ ਸਕਦੀ) ॥੪॥੯॥
ਵਿਸ਼ਈ ਮਨੁੱਖ ਇਸੇ ਤਰ੍ਹਾਂ (ਵਿਕਾਰਾਂ ਵਿਚ) ਹੀ ਦਿਨ ਰਾਤ (ਆਪਣੀ ਉਮਰ) ਗੁਜ਼ਾਰਦਾ ਹੈ।
(ਵਿਸ਼ਈ ਮਨੁੱਖ) ਪਰਮਾਤਮਾ ਦਾ ਭਜਨ ਨਹੀਂ ਕਰਦਾ, ਅਹੰਕਾਰ ਵਿਚ ਮੱਤਾ ਹੋਇਆ (ਆਪਣਾ ਮਨੁੱਖਾ) ਜਨਮ (ਇਉਂ) ਹਾਰ ਜਾਂਦਾ ਹੈ ਜਿਵੇਂ (ਜੁਆਰੀਆ) ਜੂਏ ਵਿਚ (ਬਾਜ਼ੀ ਹਾਰਦਾ ਹੈ) ॥੧॥ ਰਹਾਉ ॥
ਪਰਮਾਤਮਾ ਦਾ ਨਾਮ ਬਹੁਤ ਹੀ ਕੀਮਤੀ ਹੈ (ਵਿਸ਼ਈ ਮਨੁੱਖ) ਉਸ ਨਾਲ ਪਿਆਰ ਨਹੀਂ ਪਾਂਦਾ, ਦੂਜਿਆਂ ਦੀ ਨਿੰਦਾ ਨਾਲ ਪਿਆਰ ਕਰਦਾ ਹੈ।
(ਵਿਸ਼ਈ ਮਨੁੱਖ, ਮਾਨੋ) ਕੱਖਾਂ ਦਾ ਛੱਪਰ ਬਣਾ ਕੇ (ਉਸ ਨੂੰ) ਸਜਾਂਦਾ ਰਹਿੰਦਾ ਹੈ (ਪਰ ਉਸ ਦੇ) ਬੂਹੇ ਅੱਗੇ ਅੱਗ ਬਾਲ ਦੇਂਦਾ ਹੈ (ਜਿਸ ਕਰਕੇ ਹਰ ਵੇਲੇ ਉਸ ਦੇ ਸੜਨ ਦਾ ਖ਼ਤਰਾ ਰਹਿੰਦਾ ਹੈ) ॥੧॥
(ਵਿਕਾਰਾਂ ਵਿਚ ਫਸਿਆ ਮਨੁੱਖ, ਮਾਨੋ) ਕੱਲਰ ਦੀ ਪੰਡ (ਆਪਣੇ) ਸਿਰ ਉੱਤੇ ਚੁੱਕੀ ਫਿਰਦਾ ਹੈ, ਅਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੇ) ਮਨ ਵਿਚੋਂ (ਬਾਹਰ) ਸੁੱਟ ਦੇਂਦਾ ਹੈ,
ਕਾਲਖ (-ਭਰੇ ਕਮਰੇ) ਵਿਚ ਬੈਠਾ ਹੋਇਆ (ਚਿੱਟੇ) ਕੱਪੜੇ ਪਹਿਨਦਾ ਹੈ ਅਤੇ (ਕੱਪੜਿਆਂ ਉੱਤੇ ਪਈ ਕਾਲਖ ਨੂੰ) ਮੁੜ ਮੁੜ ਝਾੜਦਾ ਰਹਿੰਦਾ ਹੈ ॥੨॥
(ਵਿਕਾਰਾਂ ਵਿਚ ਫਸਿਆ ਹੋਇਆ ਮਨੁੱਖ, ਮਾਨੋ, ਰੁੱਖ ਦੇ ਹੀ) ਟਾਹਣ ਉੱਤੇ ਖਲੋਤਾ ਹੋਇਆ (ਉਸੇ) ਰੁੱਖ ਨੂੰ ਵੱਢ ਰਿਹਾ ਹੈ, (ਨਾਲ ਨਾਲ ਹੀ ਮਿਠਿਆਈ ਆਦਿਕ) ਖਾ ਖਾ ਕੇ ਮੁਸਕ੍ਰਾ ਰਿਹਾ ਹੈ।
(ਪਰ ਰੁੱਖ ਵੱਢਿਆ ਜਾਣ ਤੇ ਉਹ ਮਨੁੱਖ) ਡੂੰਘੇ ਟੋਏ ਵਿਚ ਜਾ ਡਿੱਗਦਾ ਹੈ, ਸਿਰ-ਭਾਰ ਡਿੱਗ ਕੇ ਹੱਡੀ ਹੱਡੀ ਹੋ ਜਾਂਦਾ ਹੈ ॥੩॥
ਮੂਰਖ (ਵਿਕਾਰੀ) ਮਨੁੱਖ ਉਸ ਸੰਤ ਜਨ ਨਾਲ ਸਦਾ ਵੈਰ ਬਣਾਈ ਰੱਖਦਾ ਹੈ ਜੋ ਕਿਸੇ ਨਾਲ ਭੀ ਵੈਰ ਨਹੀਂ ਕਰਦਾ। (ਮੂਰਖ ਉਸ ਸੰਤ ਜਨ ਨਾਲ ਬਰਾਬਰੀ ਕਰਨ ਦਾ ਜਤਨ ਕਰਦਾ ਹੈ, ਪਰ) ਉਸ ਦੀ ਬਰਾਬਰੀ ਨਹੀਂ ਕਰ ਸਕਦਾ।
ਨਾਨਕ ਆਖਦਾ ਹੈ- (ਵਿਕਾਰੀ ਮੂਰਖ ਮਨੁੱਖ ਸੰਤ ਜਨਾਂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਸੰਤ ਜਨਾਂ ਦਾ ਰਾਖਾ ਨਿਰੰਕਾਰ ਪਾਰਬ੍ਰਹਮ (ਸਦਾ ਆਪ) ਹੈ ॥੪॥੧੦॥
ਹੋਰ ਸਾਰੇ ਜੀਵ ਕੁਰਾਹੇ ਪਏ ਰਹਿੰਦੇ ਹਨ, (ਮਾਇਆ ਦੀ ਖ਼ਾਤਰ) ਭਟਕਦਿਆਂ ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀਂ ਪੈਂਦੀ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ, ਉਸ ਨੇ (ਸਮਝੋ) ਵੇਦ (ਆਦਿਕ ਧਰਮ-ਪੁਸਤਕਾਂ) ਦਾ ਤੱਤ ਸਮਝ ਲਿਆ ॥੧॥ ਰਹਾਉ ॥
ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜਿਤਨਾ ਭੀ ਜੀਵਨ-ਰਸਤਾ ਹੈ, ਇਹ ਸਾਰਾ ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੈ।
ਜਦੋਂ ਤਕ (ਮਨੁੱਖ ਦੇ) ਹਿਰਦੇ ਵਿਚ (ਹਰਿ-ਨਾਮ ਦਾ) ਚਾਨਣ ਨਹੀਂ ਹੁੰਦਾ, ਤਦ ਤਕ (ਆਤਮਕ ਜੀਵਨ ਵੱਲੋਂ) ਘੁੱਪ ਹਨੇਰਾ ਟਿਕਿਆ ਰਹਿੰਦਾ ਹੈ ॥੧॥
ਜਿਵੇਂ (ਕੋਈ ਕਿਸਾਨ ਆਪਣੀ) ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ, ਪਰ ਉਸ ਵਿਚ ਬੀ ਬੀਜਣ ਤੋਂ ਬਿਨਾ ਕੁਝ ਭੀ ਨਹੀਂ ਉੱਗਦਾ।
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ (ਹਿਰਦੇ ਵਿਚ ਬੀਜਣ) ਤੋਂ ਬਿਨਾ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਹੁੰਦੀ, ਉਸ ਦੇ ਅੰਦਰੋਂ ਅਹੰਕਾਰ ਨਹੀਂ ਮੁੱਕਦਾ ॥੨॥
ਜਿਹੜਾ ਮਨੁੱਖ ਪਾਣੀ ਨੂੰ ਹੀ ਰਿੜਕਦਾ ਰਹਿੰਦਾ ਹੈ ਉਹ ਨਿਰਾ ਬਹੁਤ ਥਕੇਵਾਂ ਹੀ ਖੱਟਦਾ ਹੈ, (ਪਾਣੀ ਰਿੜਕਣ ਨਾਲ ਉਸ ਵਿਚੋਂ) ਮੱਖਣ ਨਹੀਂ ਨਿਕਲ ਸਕਦਾ।
(ਤਿਵੇਂ ਹੀ) ਗੁਰੂ ਨੂੰ ਮਿਲਣ ਤੋਂ ਬਿਨਾ ਕਿਸੇ ਨੂੰ ਭੀ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਪ੍ਰਾਪਤ ਨਹੀਂ ਹੁੰਦੀ, ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ॥੩॥