ਇਸ ਮਨ-ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ-ਪੂੰਜੀ ਹੈ।
ਇਸ ਮਨ-ਮੰਦਰ ਦੇ ਵਿਚ ਹੀ ਉਹ ਪ੍ਰਭੂ-ਸ਼ਾਹ ਵੱਸਦਾ ਸੁਣੀਦਾ ਹੈ।
ਕੋਈ ਵਿਰਲਾ ਨਾਮ-ਵਣਜਾਰਾ ਹੈ, ਜਿਸ ਦਾ ਉਸ ਸ਼ਾਹ ਦੀ ਹਜ਼ੂਰੀ ਵਿਚ ਇਤਬਾਰ ਬਣਿਆ ਹੋਇਆ ਹੈ ॥੧॥
ਜੇਹੜਾ ਕੋਈ ਪਰਮਾਤਮਾ ਦੇ ਨਾਮ-ਰਤਨ ਦਾ (ਅਸਲ) ਵਪਾਰੀ ਹੈ,
ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਭੋਜਨ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਂਦਾ ਹੈ ॥੧॥ ਰਹਾਉ ॥
ਮੈਂ ਆਪਣਾ ਮਨ ਤਨ ਉਸ ਦੀ ਭੇਟ ਕਰਦਾ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ।
ਉਹ ਕੇਹੜਾ (ਵਿਰਲਾ ਪ੍ਰਭੂ ਦਾ) ਸੇਵਕ ਹੈ ਜੋ (ਮੈਨੂੰ ਭੀ) ਨਾਮ ਦਾ ਸੌਦਾ ਕਰਾ ਦੇਵੇ?
ਮੇਰ-ਤੇਰ ਛੱਡ ਕੇ ਮੈਂ ਉਸ ਦੀ ਪੈਰੀਂ ਲੱਗਦਾ ਹਾਂ।
(ਮੈਂ ਉਸ ਹਰਿ-ਜਨ ਪਾਸੋਂ ਪੁੱਛਣਾ ਚਾਹੁੰਦਾ ਹਾਂ ਕਿ) ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਪ੍ਰਭੂ ਪ੍ਰਸੰਨ ਹੋ ਜਾਏ ॥੨॥
(ਮੈਂ ਉਸ ਨਾਮ-ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ ਕਿ) ਨਾਮ-ਰਾਸਿ ਦੇ ਸ਼ਾਹ ਦਾ ਮਹਲ ਮਨੁੱਖ ਕੇਹੜੇ ਤਰੀਕਿਆਂ ਨਾਲ ਲੱਭ ਸਕਦਾ ਹੈ?
ਉਹ ਕੇਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ?
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਕ੍ਰੋੜਾਂ ਜੀਵ ਤੇਰੇ ਵਣਜਾਰੇ ਹਨ।
ਨਾਮ ਦੀ ਦਾਤ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿਚ ਅਪੜਾ ਦੇਵੇ? ॥੩॥
(ਜੀਵ ਵਣਜਾਰੇ ਨੇ) ਭਾਲ ਕਰਦਿਆਂ ਕਰਦਿਆਂ ਆਪਣਾ (ਉਹ ਅਸਲੀ) ਘਰ ਲੱਭ ਲਿਆ (ਜਿਥੇ ਪ੍ਰਭੂ-ਸ਼ਾਹ ਵੱਸਦਾ ਹੈ।)
(ਗੁਰੂ ਨੇ ਹੀ ਉਸ ਵਡ-ਭਾਗੀ ਵਣਜਾਰੇ ਨੂੰ) ਸਦਾ ਕਾਇਮ ਰਹਿਣ ਵਾਲਾ (ਅਮੋਲਕ ਨਾਮ-ਰਤਨ ਵਿਖਾਲ ਦਿੱਤਾ ਹੈ।
ਆਖ-ਜਦੋਂ ਭੀ ਸ਼ਾਹ-ਪ੍ਰਭੂ ਨੇ ਕਿਰਪਾ ਕਰ ਕੇ (ਕਿਸੇ ਜੀਵ-ਵਣਜਾਰੇ ਨੂੰ ਆਪਣੇ ਚਰਨਾਂ ਵਿਚ) ਮਿਲਾਇਆ ਹੈ,
ਨਾਨਕ ਆਖਦਾ ਹੈ- ਗੁਰੂ ਦੀ ਹਾਮੀ ਦੀ ਰਾਹੀਂ ਹੀ ਮਿਲਾਇਆ ਹੈ ॥੪॥੧੬॥੮੫॥
(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਦਿਨ ਰਾਤ ਇਕ ਪਰਮਾਤਮਾ ਦੇ ਪ੍ਰੇਮ ਵਿਚ (ਮਸਤ) ਰਹਿੰਦਾ ਹੈ।
ਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ-ਸੰਗ (ਵੱਸਦਾ) ਸਮਝਦਾ ਹੈ।
(ਉਸ ਮਨੁੱਖ) ਪਰਮਾਤਮਾ ਦੇ ਨਾਮ ਨੂੰ ਹੀ ਹਰ ਵੇਲੇ ਵਰਤਣ ਵਾਲੀ ਸ਼ੈ ਜਾਣਿਆ ਹੈ।
ਪਰਮਾਤਮਾ ਦੇ ਦਰਸਨ ਨਾਲ ਉਹ (ਸਦਾ) ਤ੍ਰਿਪਤ ਰਹਿੰਦਾ ਹੈ ਸੰਤੁਸ਼ਟ ਰਹਿੰਦਾ ਹੈ ॥੧॥
(ਹੇ ਭਾਈ! ਉਹ ਮਨੁੱਖ) ਪਰਮਾਤਮਾ ਨਾਲ ਰੱਤੇ ਰਹਿੰਦੇ ਹਨ (ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੇ ਹਨ) ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ,
ਜੇਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈਂਦੇ ਹਨ ॥੧॥ ਰਹਾਉ ॥
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ,
ਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ।
ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਪਰਮਾਤਮਾ ਦੇ ਨਾਮ ਦੇ ਹੀ ਉਹ ਸਦਾ ਵਪਾਰੀ ਬਣੇ ਰਹਿੰਦੇ ਹਨ।
ਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦੇ ॥੨॥
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ।
ਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ।
ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ।
ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦੇ ਹਨ ॥੩॥
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ?
ਉਹਨਾਂ ਦੀ ਆਤਮਕ ਉੱਚਤਾ ਮਨੁੱਖੀ ਸੋਚ-ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ।
ਹੇ ਅਕਾਲ ਪੁਰਖ! ਮੇਰੇ ਉਤੇ ਕਿਰਪਾ ਕਰ,
ਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੧੭॥੮੬॥
(ਹੇ ਪ੍ਰਭੂ!) ਤੂੰ ਹੀ ਮੇਰਾ ਸਾਥੀ ਹੈਂ, ਤੂੰ ਹੀ ਮੇਰਾ ਮਿੱਤਰ ਹੈਂ।
ਤੂੰ ਹੀ ਮੇਰਾ ਪ੍ਰੀਤਮ ਹੈਂ, ਮੇਰਾ ਤੇਰੇ ਨਾਲ ਹੀ ਪਿਆਰ ਹੈ।
(ਹੇ ਪ੍ਰਭੂ!) ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰਾ ਗਹਿਣਾ ਹੈਂ।
ਤੈਥੋਂ ਬਿਨਾ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ ॥੧॥
(ਹੇ ਪ੍ਰਭੂ!) ਤੂੰ ਮੇਰਾ ਸੋਹਣਾ ਲਾਲ ਹੈਂ, ਤੂੰ ਮੇਰੀ ਜਿੰਦ (ਦਾ ਸਹਾਰਾ) ਹੈਂ।
ਤੂੰ ਮੇਰਾ ਸਾਹਿਬ ਹੈਂ, ਤੂੰ ਮੇਰਾ ਖ਼ਾਨ ਹੈਂ ॥੧॥ ਰਹਾਉ ॥
(ਹੇ ਪ੍ਰਭੂ!) ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਮੈਂ ਰਹਿੰਦਾ ਹਾਂ।
ਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈਂ।
ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਤੂੰ ਹੀ ਵੱਸਦਾ ਦਿੱਸਦਾ ਹੈਂ।
ਮੈਂ ਆਪਣੀ ਜੀਭ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ ਜੇਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ ॥੨॥
(ਹੇ ਪ੍ਰਭੂ!) ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਨੌ ਖ਼ਜ਼ਾਨੇ ਹੈਂ, ਤੂੰ ਹੀ ਮੇਰਾ ਖ਼ਜ਼ਾਨਾ ਹੈਂ।
ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਅਤੇ ਰਸ ਹੈਂ ਤੂੰ ਹੀ ਮੇਰੇ ਮਨ ਦਾ ਸਹਾਰਾ ਹੈਂ।
ਹੇ ਪ੍ਰਭੂ! ਤੂੰ ਹੀ ਮੇਰੇ ਵਾਸਤੇ ਸੋਭਾ-ਵਡਿਆਈ ਹੈਂ, ਮੇਰੀ ਸੁਰਤ ਤੇਰੇ (ਚਰਨਾਂ) ਵਿਚ ਹੀ ਜੁੜੀ ਹੋਈ ਹੈ।
ਤੂੰ ਹੀ ਮੇਰੀ ਓਟ ਹੈਂ ਤੂੰ ਹੀ ਮੇਰਾ ਆਸਰਾ ਹੈਂ ॥੩॥
(ਹੇ ਪ੍ਰਭੂ!) ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ।
ਤੇਰਾ ਭੇਦ ਮੈਂ ਗੁਰੂ ਪਾਸੋਂ ਲੱਭਾ ਹੈ।
ਜਿਸ ਮਨੁੱਖ ਨੇ ਗੁਰੂ ਪਾਸੋਂ ਇਕ ਪਰਮਾਤਮਾ ਦਾ ਨਾਮ ਹੀ ਹਿਰਦੇ ਵਿਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ,
ਹੇ ਨਾਨਕ! ਉਸ ਸੇਵਕ ਨੂੰ ਸਦਾ ਹਰਿ-ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ ॥੪॥੧੮॥੮੭॥