(ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ।
(ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ।
ਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ॥੩॥
ਸੰਸਾਰ-ਸਮੁੰਦਰ (ਵਿਚ) ਮਾਇਆ ਦਾ ਮੋਹ ਬਹੁਤ ਹੀ ਕਠਿਨ ਹੈ।
ਇਸ ਤੋਂ ਪਾਰ ਲੰਘਣਾ ਔਖਾ ਹੈ। ਫਿਰ ਇਸ ਤੋਂ ਕਿਵੇਂ ਪਾਰ ਲੰਘਿਆ ਜਾਏ?
ਗੁਰੂ ਜਹਾਜ਼ (ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਜਿਸ ਮਨੁੱਖ ਨੂੰ ਇਹ ਜਹਾਜ਼) ਦੇ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ, ਤੇ ਗੁਰੂ ਉਸ ਨੂੰ ਪਾਰ ਲੰਘਾ ਦੇਂਦਾ ਹੈ ॥੪॥
ਹੇ ਪ੍ਰਭੂ! ਤੂੰ ਹਰ ਥਾਂ ਵੱਸਦਾ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
ਹੇ ਪ੍ਰਭੂ! ਜੋ ਕੁਝ ਕਰਦਾ ਹੈਂ ਉਹੀ ਹੁੰਦਾ ਹੈ।
ਪ੍ਰਭੂ ਦਾ ਦਾਸ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਂਦਾ ਹੈ, ਜੇ ਉਸ ਨੂੰ (ਇਹ ਕੰਮ) ਪਸੰਦ ਆ ਜਾਏ ਤਾਂ ਉਹ ਇਸ ਨੂੰ ਪਰਵਾਨ ਕਰ ਲੈਂਦਾ ਹੈ ॥੫॥੧॥੭॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,
ਪਰਮਾਤਮਾ ਤੇਰੇ ਸਾਰੇ ਪਾਪ ਕੱਟ ਸਕਦਾ ਹੈ।
ਹੇ ਮਨ! ਹਰਿ-ਨਾਮ ਦਾ ਧਨ ਸਾਂਭ ਕੇ ਰੱਖ, ਹਰਿ-ਨਾਮ-ਧਨ ਇਕੱਠਾ ਕਰਦਾ ਰਹੁ, ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ ॥੧॥
ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਨੂੰ ਧਿਆਉਂਦਾ ਹੈ।
ਉਹ ਮਨੁੱਖ ਸਦਾ ਹਰਿ-ਨਾਮ ਦਾ ਜਾਪ ਜਪਦਾ ਹੈ ਅਤੇ ਹਰਿ-ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰਿ-ਨਾਮ ਦਾ ਸੁਆਦ ਆਉਂਦਾ ਹੈ ਉਹ ਹਰਿ-ਨਾਮ ਸਦਾ ਜਪ ਕੇ (ਆਪਣੀ ਜੀਵਨ-ਬੇੜੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦੀ ਕੋਈ ਖ਼ਾਸ ਸ਼ਕਲ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।
(ਉਸ ਦਾ ਨਾਮ ਜਪਣਾ) ਦੁਨੀਆ ਵਿਚ (ਹੋਰ ਸਾਰੇ ਕੰਮ ਨਾਲੋਂ) ਵਧੀਆ ਤੇ ਚੰਗਾ ਕੰਮ ਹੈ।
(ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ। ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ-ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ॥੨॥
ਜਿਸ ਸੇਵਕ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ,
ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿਚ ਸੋਭਾ ਵਾਲਾ ਹੋ ਜਾਂਦਾ ਹੈ।
ਜੇ ਕੋਈ ਮੰਦ-ਕਰਮੀ ਉਸ ਸੇਵਕ ਦੀ ਬਖ਼ੀਲੀ ਕਰੇ, ਉਸ ਨੂੰ ਜਮਦੂਤ ਖਾ ਜਾਂਦਾ ਹੈ। (ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ) ॥੩॥
(ਸਭ ਜੀਵਾਂ ਵਿਚ ਇਕੋ ਨਿਰਲੇਪ ਕਰਤਾਰ ਵੱਸ ਰਿਹਾ ਹੈ,
ਆਪਣੇ ਸਾਰੇ ਚੋਜ-ਤਮਾਸ਼ੇ ਕਰ ਕਰ ਕੇ ਉਹ ਆਪ ਹੀ ਵੇਖ ਰਿਹਾ ਹੈ।
ਕਰਤਾਰ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਤਾਰ ਜਿਸ ਨੂੰ ਆਪ ਬਚਾਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ॥੪॥
ਮੈਂ ਹਰ ਵੇਲੇ (ਉਸ) ਕਰਤਾਰ ਦਾ ਨਾਮ ਜਪਦਾ ਹਾਂ,
ਜਿਸ ਨੇ ਆਪਣੇ ਸਾਰੇ ਸੇਵਕ-ਭਗਤ ਸੰਸਾਰ-ਸਮੁੰਦਰ ਤੋਂ (ਸਦਾ ਹੀ) ਪਾਰ ਲੰਘਾਏ ਹਨ।
ਹੇ ਦਾਸ ਨਾਨਕ! ਅਠਾਰਾਂ ਪੁਰਾਣ ਚਾਰ ਵੇਦ (ਆਦਿਕ ਧਰਮ-ਪੁਸਤਕਾਂ) ਨੂੰ ਪੁੱਛ ਵੇਖੋ (ਉਹ ਭੀ ਇਹੀ ਆਖਦੇ ਹਨ ਕਿ) ਪਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਂਦਾ ਹੈ ॥੫॥੨॥੮॥
ਰਾਗ ਮਾਰੂ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਧਰਤੀ, ਆਕਾਸ਼, ਤਾਰੇ-ਇਹਨਾਂ ਸਭਨਾਂ ਦੇ ਸਿਰ ਉੱਤੇ ਪਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ (ਇਹਨਾਂ ਵਿਚੋਂ ਕੋਈ ਭੀ) ਰਜ਼ਾ ਤੋਂ ਆਕੀ ਨਹੀਂ ਹੋ ਸਕਦਾ।
ਹਵਾ, ਪਾਣੀ, ਅੱਗ (ਆਦਿਕ ਹਰੇਕ ਤੱਤ) ਰਜ਼ਾ ਵਿਚ ਤੁਰ ਰਿਹਾ ਹੈ। ਨਿਮਾਣਾ ਇੰਦਰ (ਭੀ) ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ (ਭਾਵੇਂ ਲੋਕਾਂ ਦੇ ਖ਼ਿਆਲ ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ) ॥੧॥
(ਅਸਾਂ) ਇੱਕੋ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾਂ ਤੋਂ ਰਹਿਤ ਕਰ ਦੇਂਦੀ ਹੈ,
(ਉਹ ਇਹ ਹੈ ਕਿ) ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਅਤੇ ਰਜ਼ਾ ਅਨੁਸਾਰ ਜੀਊਣਾ ਸਿੱਖ ਲੈਂਦਾ ਹੈ) ਉਹ ਸੁਖੀ ਜੀਵਨ ਵਾਲਾ ਹੈ ਉਹ ਸਦਾ ਸੌਖਾ ਰਹਿੰਦਾ ਹੈ ॥੧॥ ਰਹਾਉ ॥
ਸਾਰੇ ਜੀਵ ਅਤੇ ਦੇਵਤੇ ਹੁਕਮ ਵਿਚ ਤੁਰ ਰਹੇ ਹਨ, ਸਿੱਧ ਅਤੇ ਸਾਧਿਕ ਭੀ (ਹੁਕਮ ਅੱਗੇ) ਥਰ ਥਰ ਕੰਬਦੇ ਹਨ।
ਚੌਰਾਸੀ ਲੱਖ ਜੂਨਾਂ ਦੇ ਸਾਰੇ ਜੀਵ (ਜੋ ਰਜ਼ਾ ਵਿਚ ਨਹੀਂ ਤੁਰਦੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ ॥੨॥