ਜਦੋਂ ਤਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤਕ ਮੈਂ ਕਿਸੇ ਭੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ।
(ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ) ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ (ਤੇ ਉਸ ਦੀ ਸਿੱਖਿਆ ਅਨੁਸਾਰ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ (ਨਾਮ ਹੀ ਤ੍ਰਿਸਨਾ ਦੂਰ ਕਰਦਾ ਹੈ)।
ਗੁਰੂ ਦੀ ਸਰਨ ਪੈ ਕੇ ਮੈਂ ਸਦਾ-ਥਿਰ ਨਾਮ ਸਿਮਰਦਾ ਹਾਂ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਉਚਾਰਦਾ ਹਾਂ, ਤੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹਾਂ।
ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।
ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ-ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ (ਮਾਇਆ ਵਲੋਂ) ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ।
ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ, ਉਸ ਨੇ ਨਾਮ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ (ਆਪਣੇ ਅੰਦਰੋਂ) ਦੂਰ ਕਰ ਲਈ ਹੁੰਦੀ ਹੈ ॥੫॥੨॥
ਹੇ (ਮਾਇਆ ਦੇ ਮੋਹ ਵਿਚ) ਠੱਗੀ ਗਈ ਜੀਵ-ਇਸਤ੍ਰੀਏ! (ਤੇਰਾ) ਪਤੀ-ਪ੍ਰਭੂ ਤੇਰੇ ਨਾਲ ਹੈ, ਪਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ।
(ਤੇਰੇ ਭੀ ਕੀਹ ਵੱਸ?) ਜੋ ਕੁਝ ਤੂੰ ਪਹਿਲੇ ਜਨਮਾਂ ਵਿਚ ਕਰਮ ਕਮਾਏ, ਉਹਨਾਂ ਦੇ ਅਨੁਸਾਰ ਤੇਰੇ ਮੱਥੇ ਉਤੇ (ਪ੍ਰਭੂ ਦੀ ਰਜ਼ਾ ਵਿਚ) ਲੇਖ ਹੀ ਅਜੇਹਾ ਲਿਖਿਆ ਗਿਆ (ਕਿ ਤੂੰ ਸੰਗ-ਵੱਸਦੇ ਪ੍ਰਭੂ-ਪਤੀ ਨੂੰ ਪਛਾਣ ਨਹੀਂ ਸਕਦੀ)।
ਪਹਿਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ (ਮੱਥੇ ਤੇ ਲਿਖਿਆ) ਲੇਖ (ਕਿਸੇ ਪਾਸੋਂ) ਮਿਟ ਨਹੀਂ ਸਕਦਾ। ਕਿਸੇ ਨੂੰ ਇਹ ਸਮਝ ਨਹੀਂ ਆ ਸਕਦੀ ਕਿ (ਉਸ ਲਿਖੇ ਲੇਖ ਅਨੁਸਾਰ ਸਾਡੇ ਆਉਣ ਵਾਲੇ ਜੀਵਨ ਵਿਚ) ਕੀਹ ਵਾਪਰੇਗੀ।
(ਪੂਰਬਲੀ ਕਮਾਈ ਅਨੁਸਾਰ) ਜੇਹੜੀ ਜੀਵ-ਇਸਤ੍ਰੀ ਗੁਣਾਂ ਵਾਲੀ ਨਹੀਂ, ਉੱਚੇ ਆਚਰਣ ਵਾਲੀ ਨਹੀਂ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਨਹੀਂ, ਉਹ (ਕੀਤੇ) ਔਗੁਣਾਂ ਦੇ ਕਾਰਨ ਮੁੜ ਮੁੜ ਦੁਖੀ (ਹੀ) ਹੋਵੇਗੀ।
(ਜੀਵ ਧਨ ਜੋਬਨ ਆਦਿਕ ਦੇ ਮਾਣ ਵਿਚ ਪ੍ਰਭੂ ਨੂੰ ਭੁਲਾ ਬੈਠਦਾ ਹੈ, ਪਰ ਇਹ) ਧਨ ਤੇ ਜਵਾਨੀ ਅੱਕ (ਦੇ ਬੂਟੇ) ਦੀ ਛਾਂ (ਵਰਗੇ ਹੀ) ਹਨ, ਜਦੋਂ ਬੁੱਢਾ ਹੋ ਜਾਂਦਾ ਹੈ, ਤੇ ਉਮਰ ਦੇ ਦਿਨ ਆਖ਼ਰ ਮੁੱਕ ਜਾਂਦੇ ਹਨ (ਤਾਂ ਇਹ ਧਨ ਜਵਾਨੀ ਸਾਥ ਤੋੜ ਜਾਂਦੇ ਹਨ)।
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਭਾਗਣ ਜੀਵ-ਇਸਤ੍ਰੀ ਛੁੱਟੜ ਹੋ ਜਾਂਦੀ ਹੈ, ਕੂੜੇ ਮੋਹ ਵਿਚ ਫਸ ਕੇ ਪ੍ਰਭੂ-ਪਤੀ ਤੋਂ ਵਿਛੁੜ ਜਾਂਦੀ ਹੈ ॥੧॥
ਹੇ (ਮਾਇਆ ਦੇ ਮੋਹ ਵਿਚ) ਡੁੱਬੀ ਹੋਈਏ! ਤੂੰ ਆਪਣਾ ਘਰ ਬਰਬਾਦ ਕਰ ਲਿਆ ਹੈ, (ਹੁਣ ਤਾਂ ਜੀਵਨ-ਸਫ਼ਰ ਵਿਚ) ਗੁਰੂ ਦੇ ਪ੍ਰੇਮ ਵਿਚ ਰਹਿ ਕੇ ਤੁਰ।
ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਤੂੰ ਆਤਮਕ ਆਨੰਦ ਵਿਚ ਟਿਕ ਕੇ ਪਰਮਾਤਮਾ ਦਾ ਦਰ ਲੱਭ ਲਏਂਗੀ।
ਜੀਵ-ਇਸਤ੍ਰੀ ਤਦੋਂ ਹੀ ਆਤਮਕ ਆਨੰਦ ਮਾਣ ਸਕਦੀ ਹੈ ਜਦੋਂ ਪਰਮਾਤਮਾ ਦਾ ਨਾਮ ਸਿਮਰਦੀ ਹੈ (ਇਸ ਜਗਤ ਦਾ ਕੀਹ ਮਾਣ?) ਜਗਤ ਵਿਚ ਤਾਂ ਚਾਰ ਦਿਨਾਂ ਦਾ ਹੀ ਵਾਸਾ ਹੈ।
(ਸਿਮਰਨ ਦੀ ਬਰਕਤਿ ਨਾਲ ਜੀਵ-ਇਸਤ੍ਰੀ) ਆਪਣੇ ਅਸਲੀ ਘਰ ਵਿਚ ਪਹੁੰਚ ਕੇ ਟਿਕੀ ਰਹਿੰਦੀ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਪੈਂਦੀ ਹੈ, ਤੇ ਹਰ ਰੋਜ਼ (ਭਾਵ, ਸਦਾ ਹੀ) ਉਸ ਪਿਆਰੇ ਨਾਲ ਮਿਲੀ ਰਹਿੰਦੀ ਹੈ।
ਹੇ ਸਾਰੇ ਲੋਕੋ! ਸੁਣ ਲਵੋ, ਭਗਤੀ ਤੋਂ ਬਿਨਾ (ਮਨ ਭਟਕਦਾ ਹੀ ਰਹਿੰਦਾ ਹੈ) ਅੰਤਰ ਆਤਮੇ ਟਿਕਾਉ ਨਹੀਂ ਲੈ ਸਕਦਾ।
ਹੇ ਨਾਨਕ! ਜਦੋਂ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ ਤਦੋਂ ਉਹ ਆਤਮਕ ਰਸ ਮਾਣਨ ਵਾਲੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੨॥
ਜਦੋਂ ਜੀਵ-ਇਸਤ੍ਰੀ ਨੂੰ ਪਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਉਹ ਜੀਵ ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
ਪ੍ਰਭੂ-ਪ੍ਰੀਤਮ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰਵਾਨ ਹੋ ਜਾਂਦੀ ਹੈ।
ਗੁਰੂ ਦੇ ਸ਼ਬਦ ਦਾ ਵਿਚਾਰ ਕਰਨ ਵਾਲੀ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ ਤੇ ਨਿਊਂ ਨਿਊਂ ਕੇ (ਭਾਵ, ਪੂਰਨ ਨਿਮ੍ਰਤਾ-ਸਰਧਾ ਨਾਲ) ਪ੍ਰਭੂ ਦੀ ਭਗਤੀ ਕਰਦੀ ਹੈ।
ਪ੍ਰਭੂ-ਪ੍ਰੀਤਮ (ਉਸ ਦੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਤੇ ਉਹ ਉਸ ਦੇ ਨਾਮ-ਰਸ ਵਿਚ (ਭਿੱਜ ਕੇ) ਉਸ ਦੇ ਮਿਲਾਪ ਦਾ ਆਨੰਦ ਲੈਂਦੀ ਹੈ।
ਸਦਾ-ਥਿਰ ਪ੍ਰਭੂ ਦੇ ਨਾਲ (ਜੁੜ ਕੇ) ਉਸ ਦੇ ਨਾਮ-ਰੰਗ ਵਿਚ ਰੰਗੀਜ ਕੇ ਜੀਵ-ਇਸਤ੍ਰੀ ਆਪਣੇ ਮਨ ਨੂੰ ਮਾਰ ਕੇ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।
ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕੀ ਹੋਈ ਸੁਭਾਗ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਪ੍ਰੀਤਿ ਕਰਦੀ ਹੈ, ਪਤੀ ਦੀ ਪਿਆਰੀ ਹੋ ਜਾਂਦੀ ਹੈ ॥੩॥
ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਦਰ ਤੇ ਤਦੋਂ ਹੀ ਸੋਭਾ ਪਾਂਦੀ ਹੈ ਜਦੋਂ ਉਹ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦੀ ਹੈ।
(ਪਰ ਜੇਹੜੀ ਜੀਵ-ਇਸਤ੍ਰੀ ਅੰਦਰੋਂ ਪਿਆਰ ਤੋਂ ਸੱਖਣੀ ਹੋਵੇ ਤੇ ਬਾਹਰੋਂ ਪ੍ਰੇਮ ਦੱਸਣ ਲਈ) ਝੂਠੇ ਬੋਲ ਬੋਲੇ, (ਉਸ ਦਾ ਕੋਈ ਵੀ ਬੋਲ ਪ੍ਰਭੂ-ਪਤੀ ਦਾ ਪਿਆਰ ਜਿੱਤਣ ਲਈ) ਕੰਮ ਨਹੀਂ ਆ ਸਕਦਾ।
(ਜੇਹੜੀ ਜੀਵ-ਇਸਤ੍ਰੀ) ਝੂਠਾ ਬੋਲ ਹੀ ਬੋਲਦੀ ਹੈ (ਉਹ ਬੋਲ) ਉਸ ਦੇ ਕੰਮ ਨਹੀਂ ਆਉਂਦਾ, ਪ੍ਰਭੂ-ਪਤੀ ਉਸ ਵਲ ਤੱਕਦਾ ਭੀ ਨਹੀਂ।
ਉਸ ਔਗੁਣ-ਭਰੀ ਨੂੰ ਖਸਮ-ਪ੍ਰਭੂ ਨੇ ਤਿਆਗ ਦਿੱਤਾ ਹੁੰਦਾ ਹੈ, ਉਹ ਛੁੱਟੜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿਚ ਲੰਘਦੀ ਹੈ।
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਨਹੀਂ ਵਸਾਂਦੀ, ਉਹੀ ਮਾਇਆ-ਮੋਹ ਦੀ ਫਾਹੀ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਦਰ-ਘਰ ਨਹੀਂ ਲੱਭ ਸਕਦੀ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ ਆਪਣੇ ਅਸਲੇ ਨੂੰ ਪਛਾਣਦੀ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੪॥
ਉਹ ਜੀਵ-ਇਸਤ੍ਰੀ ਮੁਬਾਰਕ ਹੈ ਚੰਗੇ ਭਾਗਾਂ ਵਾਲੀ ਹੈ ਜਿਸ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ।
ਪਰ ਜਿਸ ਨੇ ਉਸ ਦੀ ਯਾਦ ਭੁਲਾ ਦਿੱਤੀ ਹੈ, ਉਹ ਕੂੜ ਦੀ ਵਣਜਾਰਨ ਹੈ ਉਹ ਕੂੜ ਹੀ ਕਮਾਂਦੀ ਹੈ (ਭਾਵ, ਉਹ ਨਾਸਵੰਤ ਪਦਾਰਥਾਂ ਦੀ ਦੌੜ-ਭੱਜ ਹੀ ਕਰਦੀ ਰਹਿੰਦੀ ਹੈ)।
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਭਗਤੀ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਮਸਤ ਰਹਿੰਦੀ ਹੈ।
ਆਨੰਦ ਦਾ ਸੋਮਾ ਤੇ ਸਦਾ ਹੀ ਜਵਾਨ ਰਹਿਣ ਵਾਲਾ ਪ੍ਰਭੂ-ਪਤੀ ਉਸ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖਿੜੇ ਹਿਰਦੇ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦਾ (ਇਹ) ਫਲ ਉਸ ਨੂੰ ਮਿਲਦਾ ਹੈ ਕਿ ਉਸ ਦੇ ਅੰਦਰ ਆਤਮਕ ਗੁਣ ਪੈਦਾ ਹੋ ਜਾਂਦੇ ਹਨ।
ਹੇ ਨਾਨਕ! ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਆਦਰ ਮਿਲਦਾ ਹੈ, ਉਹ ਪ੍ਰਭੂ-ਪਤੀ ਦੇ ਦਰ ਤੇ ਸੋਭਾ ਪਾਂਦੀ ਹੈ ॥੫॥੩॥