ਪਰਮਾਤਮਾ (ਉਸ ਮਨੁੱਖ ਨੂੰ) ਮਿਹਰ ਦੀ ਨਿਗਾਹ ਨਾਲ ਵੇਖਦਾ ਹੈ (ਇਸ ਵਾਸਤੇ ਉਸ ਦਾ) ਹੱਥ ਚਿੱਕੜ ਵਿਚ ਨਹੀਂ ਡੁੱਬਦਾ (ਉਸ ਦਾ ਮਨ ਵਿਕਾਰਾਂ ਵਿਚ ਨਹੀਂ ਫਸਦਾ)।
ਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਵਿਕਾਰਾਂ ਦੇ ਚਿੱਕੜ ਵਿਚ ਡੁੱਬਣੋਂ) ਬਚ ਨਿਕਲਦੇ ਹਨ। ਗੁਰੂ ਹੀ (ਨਾਮ ਦਾ) ਸਰੋਵਰ ਹੈ, ਗੁਰੂ ਹੀ ਸਦਾ-ਥਿਰ ਰਹਿਣ ਵਾਲੀ ਕੰਧ ਹੈ (ਜੋ ਵਿਕਾਰਾਂ ਦੇ ਚਿੱਕੜ ਵਿਚ ਲਿੱਬੜਨ ਤੋਂ ਬਚਾਂਦਾ ਹੈ) ॥੮॥
(ਗੁਰੂ ਦੀ ਸਰਨ ਪੈ ਕੇ ਨਾਮ-) ਜਲ ਢੂੰਢ ਲੈ (ਇਸ ਨਾਮ-ਜਲ ਦੀ ਬਰਕਤਿ ਨਾਲ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। (ਪਰ) ਗੁਰੂ (ਦੀ ਸਰਨ) ਤੋਂ ਬਿਨਾ ਨਾਮ-ਸਰੋਵਰ ਦਾ ਇਹ ਜਲ ਮਿਲਦਾ ਨਹੀਂ।
(ਇਸ ਜਲ ਤੋਂ ਬਿਨਾ) ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਹੇ ਭਾਈ ਜੇ ਮਨੁੱਖ (ਨਾਮ ਨੂੰ ਭੁਲਾ ਕੇ ਹੋਰ) ਲੱਖਾਂ ਕਰਮ ਕਮਾਂਦੇ ਰਹਿਣ (ਤਾਂ ਭੀ ਇਹ ਅੰਦਰਲੀ ਅੱਗ ਨਹੀਂ ਮਰਦੀ)।
ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਰਹੇ, ਤਾਂ ਜਮਰਾਜ ਮਸੂਲੀਆ (ਉਸ ਉਤੇ) ਆਪਣਾ ਵਾਰ ਨਹੀਂ ਕਰ ਸਕਦਾ।
ਹੇ ਨਾਨਕ! ਗੁਰੂ (ਮਨੁੱਖ) ਨੂੰ ਪਵਿੱਤਰ ਉੱਚਾ ਆਤਮਕ ਦਰਜਾ ਬਖ਼ਸ਼ਦਾ ਹੈ, ਗੁਰੂ (ਮਨੁੱਖ ਨੂੰ) ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੯॥
(ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ।
(ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ)।
ਭੈੜੇ ਪੰਛੀ ਕਾਵਾਂ ਦੀ ਸੰਗਤ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ।
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ।
ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ-ਇਹੀ ਹੈ ਪਵਿੱਤਰ ਇਸ਼ਨਾਨ।
ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ॥੧੦॥
ਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ।
ਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ)
ਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ।
ਹੇ ਨਾਨਕ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਰਹੁ। (ਸਿਫ਼ਤ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ ॥੧੧॥
(ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ॥੧੨॥
ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ), (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ।
ਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ।
ਪਰ (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ)।
ਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ ॥੧੩॥
(ਤੀਰਥ-ਇਸ਼ਨਾਨ ਆਦਿਕ ਨਾਲ) ਕੋਈ ਭੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ।
(ਹਵਾ, ਪਾਣੀ, ਮਿੱਟੀ, ਅੱਗ, ਆਕਾਸ਼) ਪੰਜ ਤੱਤ ਇਕੱਠੇ ਕਰ ਕੇ ਇਹ ਸਰੀਰ-ਭਾਂਡਾ ਇਕ ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।
ਹਾਂ, ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ) ਸਰੀਰ-ਭਾਂਡੇ ਨੂੰ ਪਵਿੱਤਰ ਕਰ ਦੇਂਦਾ ਹੈ।
(ਗੁਰੂ ਮਨੁੱਖ ਦੇ ਅੰਦਰ) ਸਭ ਤੋਂ ਉੱਚੀ ਰੱਬੀ ਜੋਤਿ ਜਗਾ ਕੇ (ਰੱਬੀ ਜੋਤਿ ਦਾ) ਵਾਜਾ ਵਜਾ ਦੇਂਦਾ ਹੈ। (ਰੱਬੀ ਜੋਤਿ ਦਾ ਰੱਬੀ ਸਿਫ਼ਤ-ਸਾਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦੇਂਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ। ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ) ॥੧੪॥
ਜਿਹੜੇ ਮਨੁੱਖ ਮਨੋਂ ਘੁੱਪ ਅੰਨ੍ਹੇ ਹਨ (ਪੁੱਜ ਕੇ ਮੂਰਖ ਹਨ) ਉਹ ਦੱਸਿਆਂ ਭੀ (ਇਨਸਾਨੀ) ਫ਼ਰਜ਼ ਨਹੀਂ ਜਾਣਦੇ।
ਮਨ ਅੰਨ੍ਹਾ ਹੋਣ ਕਰਕੇ, ਹਿਰਦਾ ਕੇਵਲ (ਧਰਮ ਵਲੋਂ) ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ (ਕੋਝੇ ਜੀਵਨ ਵਾਲੇ) ਲੱਗਦੇ ਹਨ।
ਕਈ ਮਨੁੱਖ ਐਸੇ ਹੁੰਦੇ ਹਨ ਜੋ (ਆਪ) ਗੱਲ ਕਰਨੀ ਭੀ ਜਾਣਦੇ ਹਨ, ਤੇ, ਕਿਸੇ ਦੀ ਆਖੀ ਭੀ ਸਮਝਦੇ ਹਨ, ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।
ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ,
ਕਈ ਬੰਦਿਆਂ ਨੂੰ ਨਾਹ (ਵਿਚਾਰ ਵਿਚ) ਸਫਲਤਾ, ਨਾਹ ਸੁਚੱਜੀ ਬੁੱਧੀ, ਨਾਹ ਅਕਲ ਦੀ ਸਾਰ ਹੈ, ਤੇ, ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ (ਫਿਰ ਭੀ, ਆਕੜ ਹੀ ਆਕੜ ਵਿਖਾਲਦੇ ਹਨ)।
ਹੇ ਨਾਨਕ! ਜਿਨ੍ਹਾਂ ਵਿਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੧੫॥
(ਸਾਡੀਆਂ ਨਜ਼ਰਾਂ ਵਿਚ) ਉਹ (ਮਨੁੱਖ ਅਸਲ) ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ,
ਜੋ ਇਹੀ ਜਪ-ਕਰਮ ਕਰਦਾ ਹੈ, ਇਹੀ ਤਪ-ਕਰਮ ਕਰਦਾ ਹੈ, ਇਹੀ ਸੰਜਮ-ਕਰਮ ਕਰਦਾ ਹੈ (ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ)
ਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫ਼ਰਜ਼ ਨਿਬਾਹੁੰਦਾ ਹੈ,
ਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।
ਉਹੀ ਬ੍ਰਾਹਮਣ ਆਦਰ-ਸਤਕਾਰ ਦਾ ਹੱਕਦਾਰ ਹੈ ॥੧੬॥
(ਸਾਡੀਆਂ ਨਜ਼ਰਾਂ ਵਿਚ) ਉਹ ਮਨੁੱਖ ਖੱਤ੍ਰੀ ਹੈ ਜੋ (ਕਾਮਾਦਿਕ ਵੈਰੀਆਂ ਨੂੰ ਮਾਰ-ਮੁਕਾਣ ਲਈ) ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ,
ਜੋ ਆਪਣੇ ਸਰੀਰ ਨੂੰ (ਆਪਣੇ ਜੀਵਨ ਨੂੰ, ਹੋਰਨਾਂ ਵਿਚ) ਭਲੇ ਕਰਮ ਵੰਡਣ ਲਈ ਵਸੀਲਾ ਬਣਾਂਦਾ ਹੈ,
ਜੋ (ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ) ਖੇਤ ਸਮਝਦਾ ਹੈ (ਤੇ, ਇਸ ਖੇਤ ਵਿਚ ਪਰਮਾਤਮਾ ਦੇ ਨਾਮ ਦੀ) ਦਾਤ (ਨਾਮ-ਬੀਜ) ਬੀਜਦਾ ਹੈ।
ਅਜਿਹਾ ਖੱਤ੍ਰੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।
ਪਰ ਜਿਹੜਾ ਮਨੁੱਖ ਲੱਬ ਲੋਭ ਅਤੇ ਹੋਰ ਠੱਗੀ ਆਦਿਕ ਕਰਦਾ ਰਹਿੰਦਾ ਹੈ,
(ਉਹ ਜਨਮ ਦਾ ਚਾਹੇ ਖੱਤ੍ਰੀ ਹੀ ਹੋਵੇ) ਉਹ ਮਨੁੱਖ (ਲੱਬ ਆਦਿਕ) ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ (ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਨਹੀਂ ਹੈ ਸੂਰਮਾ) ॥੧੭॥
(ਆਪਣੇ) ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ, ਤੇ, ਹੱਡਾਂ ਨੂੰ (ਧੂਣੀਆਂ ਨਾਲ) ਇਉਂ ਨਾਹ ਬਲਾ ਜਿਵੇਂ ਇਹ ਬਾਲਣ ਹੈ।
(ਤੇਰੇ) ਸਿਰ ਨੇ (ਤੇਰੇ) ਪੈਰਾਂ ਨੇ ਕੁਝ ਨਹੀਂ ਵਿਗਾੜਿਆ (ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈਂ? ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ॥੧੮॥