ਹੇ ਨਾਨਕ! ਮਿਹਰ ਕਰ ਕੇ (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੪॥੨੫॥੩੮॥
ਹੇ ਪ੍ਰਭੂ! ਇਸ ਵਿਕਾਰ-ਭਰੇ ਜਗਤ ਵਿਚ ਮੈਂ ਤੇਰੇ ਆਸਰੇ ਹੀ ਜੀਊਂਦਾ ਹਾਂ।
ਹੇ ਪ੍ਰਭੂ! (ਸਭ ਜੀਵ) ਤੇਰੇ ਹੀ ਸਹਾਰੇ ਹਨ, ਤੇਰੇ ਹੀ ਗੁਣ ਗਾਂਦੇ ਹਨ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੈ ਉਸ ਉਤੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
ਤੇਰੇ ਆਸਰੇ (ਮਨੁੱਖ ਦੀ) ਮਾਇਆ ਦੇ ਮੋਹ ਦੀ ਫਾਹੀ ਟੁੱਟ ਜਾਂਦੀ ਹੈ ॥੧॥
ਹੇ ਪ੍ਰਭੂ! ਇਸ ਲੋਕ ਤੇ ਪਰਲੋਕ ਵਿਚ (ਅਸਾਂ ਜੀਵਾਂ ਨੂੰ) ਤੇਰਾ ਹੀ ਸਹਾਰਾ ਹੈ।
ਸਾਰੀ ਸ੍ਰਿਸ਼ਟੀ ਵਿਚ ਮਾਲਕ-ਪ੍ਰਭੂ ਹੀ ਵਿਆਪਕ ਹੈ ॥੧॥ ਰਹਾਉ ॥
ਹੇ ਪ੍ਰਭੂ! ਮੈਂ ਤੇਰੇ ਨਾਮ ਦਾ ਆਸਰਾ ਲੈ ਕੇ ਹੀ ਆਤਮਕ ਆਨੰਦ ਮਾਣਦਾ ਹਾਂ
ਅਤੇ ਤੇਰੇ ਨਾਮ ਦੇ ਆਸਰਾ ਲੈ ਕੇ ਹੀ ਗੁਰੂ ਦਾ ਦਿੱਤਾ ਹੋਇਆ ਤੇਰਾ ਨਾਮ-ਮੰਤ੍ਰ ਜਪਦਾ ਰਹਿੰਦਾ ਹਾਂ।
ਹੇ ਪ੍ਰਭੂ! ਤੇਰੇ (ਨਾਮ ਦੇ) ਸਹਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
ਤੂੰ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈਂ, ਤੂੰ ਸਾਰੇ ਸੁਖਾਂ ਦਾ (ਮਾਨੋ) ਸਮੁੰਦਰ ਹੈਂ ॥੨॥
ਹੇ ਪ੍ਰਭੂ! ਜਿਸ ਨੂੰ ਤੇਰੇ ਨਾਮ ਦਾ ਆਸਰਾ ਹੈ ਉਸ ਨੂੰ ਕੋਈ ਡਰ ਵਿਆਪ ਨਹੀਂ ਸਕਦਾ।
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈ।
ਹੇ ਪ੍ਰਭੂ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਸਭ ਦੇ ਮਨ ਵਿਚ ਤੇਰੇ ਨਾਮ ਦਾ ਹੀ ਸਹਾਰਾ ਹੈ।
ਇਸ ਲੋਕ ਤੇ ਪਰਲੋਕ ਵਿਚ ਤੂੰ ਹੀ ਜੀਵਾਂ ਦਾ ਆਸਰਾ ਹੈਂ ॥੩॥
ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰੀ ਹੀ ਟੇਕ ਹੈ ਤੇਰਾ ਹੀ ਆਸਰਾ ਹੈ,
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਭ ਜੀਵ ਤੇਰਾ ਹੀ ਧਿਆਨ ਧਰਦੇ ਹਨ,
ਤੇਰੇ ਦਾਸ ਤੇਰਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਹਨ।
ਹੇ ਨਾਨਕ! (ਤੂੰ ਭੀ) ਸਦਾ ਕਾਇਮ ਰਹਿਣ ਵਾਲੇ ਅਤੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਸਿਮਰਿਆ ਕਰ ॥੪॥੨੬॥੩੯॥
(ਅਸਲ ਵੈਸ਼ਨਵ) ਸਭ ਤੋਂ ਪਹਿਲਾਂ ਦੂਜਿਆਂ ਦੇ ਐਬ ਲੱਭਣੇ ਛੱਡ ਦੇਂਦਾ ਹੈ।
(ਉਸ ਦੇ ਆਪਣੇ) ਮਨ ਦੀ ਸਾਰੀ ਚਿੰਤਾ ਲਹਿ ਜਾਂਦੀ ਹੈ (ਮਨ ਤੋਂ ਵਿਕਾਰਾਂ ਦਾ ਚਿੰਤਨ ਲਹਿ ਜਾਂਦਾ ਹੈ),
ਉਹ ਮਨੁੱਖ (ਆਪਣੇ ਅੰਦਰੋਂ) ਲੋਭ ਅਤੇ ਮੋਹ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ।
ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ (ਮਨੁੱਖ) ਸਭ ਤੋਂ ਉੱਚਾ ਵੈਸ਼ਨਵ ਬਣ ਜਾਂਦਾ ਹੈ ॥੧॥
(ਇਹੋ ਜਿਹਾ ਵੈਸ਼ਨਵ ਹੀ ਅਸਲ ਤਿਆਗੀ ਹੈ, ਪਰ) ਇਹੋ ਜਿਹਾ ਤਿਆਗੀ (ਜਗਤ ਵਿਚ) ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ,
ਉਹੀ ਮਨੁੱਖ (ਸਹੀ ਅਰਥਾਂ ਵਿਚ) ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
(ਜਿਹੜਾ ਮਨੁੱਖ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਵੇਖ ਕੇ ਅਸਲ ਵੈਸ਼ਨਵ ਬਣ ਜਾਂਦਾ ਹੈ, ਉਹ) ਅਹੰਕਾਰ ਦਾ ਸਾਥ ਛੱਡ ਦੇਂਦਾ ਹੈ,
(ਉਸ ਦੇ ਮਨ ਤੋਂ) ਕਾਮ ਅਤੇ ਕ੍ਰੋਧ ਦਾ ਅਸਰ ਦੂਰ ਹੋ ਜਾਂਦਾ ਹੈ,
ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।
ਅਜਿਹੇ ਮਨੁੱਖ ਸਾਧ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥
ਉਸ ਨੂੰ ਵੈਰੀ ਅਤੇ ਮਿੱਤਰ ਇੱਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ,
ਉਸ ਨੂੰ ਭਗਵਾਨ ਸਭ ਜੀਵਾਂ ਵਿਚ ਵਿਆਪਕ ਦਿੱਸਦਾ ਹੈ।
ਉਸ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਜਾਣ ਕੇ ਸਦਾ ਆਤਮਕ ਆਨੰਦ ਮਾਣਿਆ ਹੈ,
ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਪੱਕੇ ਤੌਰ ਤੇ ਟਿਕਾ ਦਿੱਤਾ ॥੩॥
ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ,
ਉਹੀ ਹੈ ਅਸਲ ਭਗਤ, ਉਹੀ ਉਸ ਦੇ ਨਾਮ ਦਾ ਜਾਪ ਜਪਦਾ ਹੈ।
ਜਿਸ ਮਨੁੱਖ ਨੇ ਗੁਰੂ ਪਾਸੋਂ (ਜੀਵਨ-ਜੁਗਤਿ ਦੀ) ਸਿੱਖਿਆ ਲੈ ਲਈ ਉਸ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ।
ਨਾਨਕ ਆਖਦਾ ਹੈ- ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ ॥੪॥੨੭॥੪੦॥
ਬਹੁਤਾ ਧਨ ਖੱਟਣ ਨਾਲ (ਆਤਮਕ) ਆਨੰਦ ਨਹੀਂ ਮਿਲਦਾ,
ਨਾਟਕਾਂ ਦੇ ਨਾਚ ਵੇਖਿਆਂ ਭੀ ਆਤਮਕ ਆਨੰਦ ਨਹੀਂ ਪ੍ਰਾਪਤ ਹੁੰਦਾ।
ਬਹੁਤੇ ਦੇਸ ਜਿੱਤ ਲੈਣ ਨਾਲ ਭੀ ਸੁਖ ਨਹੀਂ ਮਿਲਦਾ।
ਪਰ, ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥
(ਸਾਧ ਸੰਗਤ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੋ,
ਪਰ ਵੱਡੀ ਕਿਸਮਤ ਨਾਲ ਹੀ ਸਾਧ ਸੰਗਤ ਮਿਲਦੀ ਹੈ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਜਪੋ ॥੧॥ ਰਹਾਉ ॥
ਮਾਂ, ਪਿਉ, ਪੁੱਤਰ, ਇਸਤ੍ਰੀ (ਆਦਿਕ ਸੰਬੰਧੀ) ਮਾਇਆ ਦੇ ਮੋਹ ਦੀਆਂ ਫਾਹੀਆਂ ਪਾਂਦੇ ਹਨ।
(ਤੀਰਥ ਆਦਿਕ ਮਿਥੇ ਹੋਏ) ਧਾਰਮਿਕ ਕਰਮ ਭੀ ਫਾਹੀਆਂ ਪੈਦਾ ਕਰਦੇ ਹਨ (ਕਿਉਂਕਿ ਇਹਨਾਂ ਦੇ ਕਾਰਨ ਮਨੁੱਖ) ਅਹੰਕਾਰ ਕਰਦਾ ਹੈ (ਕਿ ਮੈਂ ਤੀਰਥ-ਜਾਤ੍ਰਾ ਆਦਿਕ ਕਰਮ ਕੀਤੇ ਹਨ)।
ਪਰ ਜਦੋਂ ਇਹ ਫਾਹੀਆਂ ਕੱਟ ਸਕਣ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,
ਤਦੋਂ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਵਿਚ ਰਹਿੰਦਾ ਹੋਇਆ ਹੀ) ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਤਦੋਂ ਮਨੁੱਖ) ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥
ਸਾਰੇ ਜੀਵ ਸਭ ਕੁਝ ਦੇ ਸਕਣ ਵਾਲੇ ਪ੍ਰਭੂ (ਦੇ ਦਰ) ਦੇ (ਹੀ) ਮੰਗਤੇ ਹਨ,
ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਬਖ਼ਸ਼ਸ਼ ਕਰਦਾ ਹੈ,
ਉਸੇ ਹੀ ਮਨੁੱਖ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ ॥੩॥
ਆਪਣੇ ਗੁਰੂ ਦੇ ਦਰ ਤੇ (ਸਦਾ) ਅਰਜ਼ੋਈ ਕਰਿਆ ਕਰ,
ਤੇ, ਆਖਦਾ ਰਹੁ- ਹੇ ਸ੍ਰਿਸ਼ਟੀ ਦੇ ਮਾਲਕ! ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ! ਮਿਹਰ ਕਰ।
ਨਾਨਕ ਆਖਦਾ ਹੈ- ਮੈਂ ਤੇਰੀ ਸਰਨ ਆਇਆ ਹਾਂ,
ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ ॥੪॥੨੮॥੪੧॥
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਛੱਡ ਦਿੱਤਾ,