ਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਬੰਦੇ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਨੇ ਆਪ ਹੀ ਸੋਭਾ ਵਾਲੇ ਬਣਾਇਆ ਹੈ ॥੧॥
ਹੇ ਸਹੇਲੀਏ! ਇਹ ਮਾਇਆ (ਮਾਨੋ) ਹਵਾਈ ਕਿਲ੍ਹਾ ਹੈ, ਮਨ ਨੂੰ ਭਟਕਣਾ ਵਿਚ ਪਾਣ ਦਾ ਸਾਧਨ ਹੈ, ਠਗ-ਨੀਰਾ ਹੈ, ਰੁੱਖ ਦੀ ਛਾਂ ਹੈ।
ਕਦੇ ਭੀ ਇੱਕ ਥਾਂ ਨਾਹ ਟਿਕ ਸਕਣ ਵਾਲੀ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਇਹ ਆਖ਼ਰ ਨੂੰ (ਸਾਥ) ਛੱਡ ਜਾਂਦੀ ਹੈ।
ਸੁਆਦ ਨਾਲ ਦੁਨੀਆ ਦੇ ਪਦਾਰਥ ਭੋਗਣੇ, ਦੁਨੀਆ ਦੇ ਰੂਪਾਂ ਤੇ ਰਸਾਂ ਵਿਚ ਮਸਤ ਰਹਿਣਾ-ਹੇ ਸਖੀਏ! ਇਹਨਾਂ ਦੀ ਸੰਗਤਿ ਵਿਚ ਆਤਮਕ ਆਨੰਦ ਨਹੀਂ ਲੱਭਦਾ।
ਹੇ ਨਾਨਕ! (ਆਖ-) ਹੇ ਸਹੇਲੀਏ! ਭਾਗਾਂ ਵਾਲੇ ਹਨ ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੨॥
ਹੇ ਭਾਗਾਂ ਵਾਲੀ ਸਹੇਲੀਏ! ਜਾ ਕੇ ਸਾਧ ਸੰਗਤਿ ਵਿਚ ਟਿਕਿਆ ਕਰ। ਗੁਰਮੁਖਾਂ ਦੀ ਸੰਗਤਿ ਵਿਚ ਹੀ ਸਦਾ ਟਿਕਣਾ ਚਾਹੀਦਾ ਹੈ।
ਉਥੇ ਟਿਕਿਆਂ ਦੁਨੀਆ ਦੇ ਦੁੱਖ, ਮਾਇਆ ਦੀ ਤ੍ਰਿਸ਼ਨਾ, ਕੋਈ ਰੋਗ ਆਦਿਕ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। (ਸਾਧ ਸੰਗਤਿ ਵਿਚ ਜਾ ਕੇ) ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜਨੀ ਚਾਹੀਦੀ ਹੈ।
ਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ, ਮਨ ਦੀ ਅਡੋਲਤਾ ਕਾਇਮ ਰਹਿੰਦੀ ਹੈ। ਸੋ, ਪ੍ਰਭੂ ਦੀ ਸਰਨ ਵਿਚ ਹੀ ਪਏ ਰਹਿਣਾ ਚਾਹੀਦਾ ਹੈ।
ਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ-ਪ੍ਰੇਮ ਦੀ ਅਣਹੋਂਦ, ਮਾਇਆ ਦਾ ਮੋਹ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਸਤ ਸੰਗਤਿ ਵਿਚ ਸਦਾ ਪਰਮਾਤਮਾ ਦਾ ਨਾਮ ਸਿਮਰ ਸਕੀਦਾ ਹੈ ॥੩॥
ਹੇ ਪਿਆਰੇ (ਪ੍ਰਭੂ)! ਮੇਹਰ ਦੀ ਨਿਗਾਹ ਕਰ ਕੇ ਤੂੰ ਜਿਨ੍ਹਾਂ ਦਾ ਮਨ ਆਪਣੇ ਚਰਨਾਂ ਵਿਚ ਪ੍ਰੋ ਲਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰੇਮ ਵਿਚ, ਸਦਾ ਰੰਗੇ ਰਹਿੰਦੇ ਹਨ।
ਹੇ ਪ੍ਰੀਤਮ! ਤੇਰੇ (ਚਰਨਾਂ) ਨਾਲ ਮਿਲ ਕੇ ਉਹਨਾਂ ਦਾ ਹਿਰਦਾ ਆਨੰਦ-ਭਰਪੂਰ ਹੋ ਜਾਂਦਾ ਹੈ, ਤੇਰੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।
ਜੇਹੜੀਆਂ (ਸਤਸੰਗੀ) ਸਹੇਲੀਆਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ, ਪ੍ਰਭੂ ਉਹਨਾਂ ਦੇ ਮਨ ਦੀ ਤਨ ਦੀ ਹਰੇਕ ਇੱਛਾ ਪੂਰੀ ਕਰਦਾ ਹੈ।
ਹੇ ਨਾਨਕ! ਉਹਨਾਂ ਦੀ (ਉੱਚੀ ਹੋ ਚੁਕੀ) ਜਿੰਦ ਅਚਰਜ-ਰੂਪ ਪ੍ਰਭੂ ਨਾਲ (ਇਉਂ) ਮਿਲ ਜਾਂਦੀ ਹੈ ਕਿ (ਉਸ ਅਵਸਥਾ ਦਾ) ਬਿਆਨ ਨਹੀਂ ਕੀਤਾ ਜਾ ਸਕਦਾ ॥੪॥੨॥੫॥
ਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਉਸ ਇੱਕ (ਪਰਮਾਤਮਾ ਦੇ ਹੀ ਅਨੇਕਾਂ) ਰੂਪ ਹਨ।
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਜਗਤ ਦਾ) ਵਣਜ-ਵਿਹਾਰ ਕਰ ਰਿਹਾ ਹੈ ॥੧॥
ਪਰ ਇਹ ਸੂਝ ਕੋਈ ਵਿਰਲਾ ਮਨੁੱਖ ਹੀ ਹਾਸਲ ਕਰਦਾ ਹੈ,
ਹੇ ਭਾਈ! ਜਗਤ ਵਿਚ ਜਿਸ ਜਿਸ ਪਾਸੇ ਚਲੇ ਜਾਈਏ, ਹਰ ਪਾਸੇ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੧॥ ਰਹਾਉ ॥
ਹੇ ਭਾਈ! ਸਦਾ ਇਕ-ਰੰਗ ਰਹਿਣ ਵਾਲੇ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦੇ ਹੀ (ਜਗਤ ਵਿਚ ਦਿੱਸ ਰਹੇ) ਅਨੇਕਾਂ ਰੰਗ-ਤਮਾਸ਼ੇ ਹਨ।
ਉਹ ਪ੍ਰਭੂ ਆਪ ਹੀ ਪਾਣੀ ਹੈ, ਤੇ, ਆਪ ਹੀ (ਪਾਣੀ ਵਿਚ ਉਠ ਰਹੀਆਂ) ਲਹਿਰਾਂ ਹੈ {ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਤਿਵੇਂ ਪਰਮਾਤਮਾ ਤੋਂ ਹੀ ਜਗਤ ਦੇ ਅਨੇਕਾਂ ਰੂਪ ਰੰਗ ਬਣੇ ਹਨ} ॥੨॥
ਹੇ ਭਾਈ! ਪ੍ਰਭੂ ਆਪ ਹੀ ਮੰਦਰ ਹੈ, ਆਪ ਹੀ ਸੇਵਾ-ਭਗਤੀ ਹੈ,
ਆਪ ਹੀ (ਮੰਦਰ ਵਿਚ) ਦੇਵਤਾ ਹੈ, ਤੇ ਆਪ ਹੀ (ਦੇਵਤੇ ਦਾ) ਪੁਜਾਰੀ ਹੈ ॥੩॥
ਹੇ ਭਾਈ! ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ ਜੋਗ ਦੇ ਸਾਧਨ ਹੈ।
(ਸਭ ਜੀਵਾਂ ਵਿਚ ਵਿਆਪਕ ਹੁੰਦਾ ਹੋਇਆ ਭੀ) ਨਾਨਕ ਦਾ ਪਰਮਾਤਮਾ ਸਦਾ ਹੀ ਨਿਰਲੇਪ ਹੈ ॥੪॥੧॥੬॥
ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਅਤੇ ਆਪ ਹੀ (ਸਭ ਨੂੰ) ਸਹਾਰਾ ਦੇਣ ਵਾਲਾ ਹੈ।
(ਸਭ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਜੀਵਾਂ ਪਾਸੋਂ) ਕੰਮ ਕਰਾਣ ਵਾਲਾ ਹੈ, ਪਰ ਪ੍ਰਭੂ (ਇਹਨਾਂ ਕੰਮਾਂ ਦਾ) ਦੋਸ਼ ਆਪਣੇ ਉਤੇ ਨਹੀਂ ਲੈਂਦਾ ॥੧॥
ਹੇ ਭਾਈ! (ਹਰੇਕ ਜੀਵ ਵਿਚ ਵਿਆਪਕ ਹੋ ਕੇ) ਆਪਣਾ ਬੋਲ (ਪ੍ਰਭੂ ਆਪ ਹੀ ਬੋਲ ਰਿਹਾ ਹੈ, ਅਤੇ) ਆਪ ਹੀ (ਉਸ ਬੋਲ ਦੇ ਅਨੁਸਾਰ ਕੰਮ) ਕਰ ਰਿਹਾ ਹੈ।
ਉਹ ਆਪਣਾ ਤੇਜ਼ ਪ੍ਰਤਾਪ ਆਪ ਹੀ ਸਹਾਰ ਰਿਹਾ ਹੈ (ਉਸ ਦਾ ਤੇਜ਼ ਕਿਸੇ ਹੋਰ ਤੋਂ ਨਹੀਂ ਝੱਲਿਆ ਜਾ ਸਕਦਾ) ॥੧॥ ਰਹਾਉ ॥
(ਹਰੇਕ ਵਿਚ ਮੌਜੂਦ ਹੈ। ਜੇ ਕੋਈ ਮੋਨ ਧਾਰੀ ਬੈਠਾ ਹੈ, ਤਾਂ ਉਸ ਵਿਚ) ਪ੍ਰਭੂ ਆਪ ਹੀ ਮੋਨਧਾਰੀ ਹੈ, (ਜੇ ਕੋਈ ਬੋਲ ਰਿਹਾ ਹੈ, ਤਾਂ ਉਸ ਵਿਚ) ਆਪ ਹੀ ਪ੍ਰਭੂ ਬੋਲ ਰਿਹਾ ਹੈ।
ਪ੍ਰਭੂ ਆਪ ਹੀ (ਕਿਸੇ ਵਿਚ ਬੈਠਾ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਉਸ ਨੂੰ ਛਲ ਨਹੀਂ ਸਕਦੀ ॥੨॥
ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਵਿਚ) ਲੁਕਿਆ ਬੈਠਾ ਹੈ, ਤੇ, (ਜਗਤ-ਰਚਨਾ ਦੇ ਰੂਪ ਵਿਚ) ਆਪ ਹੀ ਪ੍ਰਤੱਖ ਦਿੱਸ ਰਿਹਾ ਹੈ।
ਪ੍ਰਭੂ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ, (ਹਰੇਕ ਵਿਚ ਵੱਸਦਾ ਹੋਇਆ) ਪ੍ਰਭੂ ਆਪ ਹੀ ਨਿਰਲੇਪ ਹੈ ॥੩॥
ਹੇ ਭਾਈ! ਪ੍ਰਭੂ ਆਪ ਹੀ ਅਦ੍ਰਿਸ਼ਟ ਹੈ, ਆਪ ਹੀ (ਆਪਣੀ ਰਚੀ) ਸ੍ਰਿਸ਼ਟੀ ਦੇ ਨਾਲ ਮਿਲਿਆ ਹੋਇਆ ਹੈ।
ਨਾਨਕ ਆਖਦਾ ਹੈ- (ਜਗਤ ਵਿਚ ਦਿੱਸ ਰਹੇ ਇਹ) ਸਾਰੇ ਕੌਤਕ ਪ੍ਰਭੂ ਦੇ ਆਪਣੇ ਹੀ ਹਨ ॥੪॥੨॥੭॥
(ਹੇ ਮਨ!) ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ,
ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ॥੧॥
ਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
(ਪਰ ਉਹੀ ਮਨੁੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ॥੧॥ ਰਹਾਉ ॥