ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ॥੧॥ ਰਹਾਉ ॥
ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ।
(ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ॥੨॥
ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ ਹੈ),
(ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ ॥੩॥
ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ।
ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ॥੪॥
ਨਾਨਕ ਆਖਦਾ ਹੈ ਕਿ (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ।
ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੫॥੧॥
ਜੋਗੀ, ਗ੍ਰਿਹਸਤੀ, ਪੰਡਿਤ, ਭੇਖਾਂ ਦੇ ਸਾਧੂ-
ਇਹ ਸਾਰੇ ਆਪੋ ਆਪਣੇ (ਕਿਸੇ) ਅਹੰਕਾਰ ਵਿਚ (ਪੈ ਕੇ ਪ੍ਰਭੂ ਦੀ ਯਾਦ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ ॥੧॥
ਜੀਵ ਮਾਇਆ ਦੇ (ਮੋਹ ਦੇ) ਨਸ਼ੇ ਵਿਚ ਮਸਤ ਹੋ ਕੇ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ (ਤੇ, ਇਸ ਦੇ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਕਾਮਾਦਿਕ ਲੁੱਟਦੇ ਰਹਿੰਦੇ ਹਨ)।
ਪਰ ਜਿਹੜਾ ਮਨੁੱਖ (ਪ੍ਰਭੂ ਦੀ ਯਾਦ ਦੀ ਬਰਕਤਿ ਨਾਲ) ਸੁਚੇਤ ਰਹਿੰਦਾ ਹੈ, ਉਸ ਨੂੰ ਕੋਈ ਵਿਕਾਰ ਲੁੱਟ ਨਹੀਂ ਸਕਦਾ ॥੧॥ ਰਹਾਉ ॥
ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ।
ਉਹ ਮਨੁੱਖ (ਸਿਮਰਨ ਦੀ ਬਰਕਤਿ ਨਾਲ) ਕਾਮਾਦਿਕ ਪੰਜੇ ਵੈਰੀਆਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ ॥੨॥
ਉਹ ਮਨੁੱਖ (ਵਿਕਾਰਾਂ ਵਲੋਂ) ਆਪਣੇ ਆਪ ਨੂੰ ਬਚਾਈ ਰੱਖਦਾ ਹੈ, ਉਹ ਮਨੁੱਖ ਹੋਰਨਾਂ ਉਤੇ ਧੱਕਾ-ਵਧੀਕੀ ਨਹੀਂ ਕਰਦਾ
ਜੋ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ। ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ॥੩॥
ਸਿਰਫ਼ ਉਹ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਲੋਂ) ਸੁਚੇਤ ਰਹਿੰਦਾ ਹੈ ਜਿਹੜਾ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ,
ਜਿਹੜਾ ਮਾਇਆ (ਦੇ ਮੋਹ) ਨੂੰ ਤਿਆਗਦਾ ਹੈ, ਅਤੇ ਆਪਣੇ ਅਸਲੇ-ਪ੍ਰਭੂ ਨਾਲ ਜਾਣ-ਪਛਾਣ ਬਣਾਂਦਾ ਹੈ ॥੪॥
(ਕੋਈ ਬ੍ਰਾਹਮਣ ਹੋਵੇ ਖੱਤ੍ਰੀ ਹੋਵੇ ਵੈਸ਼ ਹੋਵੇ ਸ਼ੂਦਰ ਹੋਵੇ) ਚੌਹਾਂ ਵਰਨਾਂ ਵਿਚੋਂ ਕੋਈ ਵਿਰਲਾ (ਮਾਇਆ ਦੇ ਮੋਹ ਦੀ ਨੀਂਦ ਤੋਂ) ਸੁਚੇਤ ਰਹਿੰਦਾ ਹੈ (ਕਿਸੇ ਖ਼ਾਸ ਵਰਨ ਦਾ ਕੋਈ ਲਿਹਾਜ਼ ਨਹੀਂ)।
(ਜਿਹੜਾ ਜਾਗਦਾ ਹੈ, ਉਹ) ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ ॥੫॥
ਨਾਨਕ ਆਖਦਾ ਹੈ ਕਿ ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗਦਾ ਹੈ,
ਜਿਸ ਦੀਆਂ ਅੱਖਾਂ ਵਿਚ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਿਆ ਹੁੰਦਾ ਹੈ ॥੬॥੨॥
ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ,
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਹਾਸਲ ਕਰਦਾ ਹੈ ॥੧॥
ਹੇ ਭਾਈ! (ਕੋਈ ਔਕੜ ਆਉਣ ਤੇ ਤੁਸੀਂ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਅੱਗੇ ਤਰਲੇ ਨਾਹ ਕਰਦੇ ਫਿਰੋ।
ਪਰਮਾਤਮਾ ਦੇ ਹੁਕਮ ਵਿਚ ਹੀ ਇਹ ਜਗਤ ਬਣਿਆ ਹੈ, ਉਸ ਦੇ ਹੁਕਮ ਵਿਚ ਹੀ ਹਰੇਕ ਘਟਨਾ ਵਾਪਰ ਰਹੀ ਹੈ ॥੧॥ ਰਹਾਉ ॥
ਹੇ ਪ੍ਰਭੂ! ਇਹ ਸਾਰਾ ਜਗਤ ਤੇਰੇ ਹੀ ਆਸਰੇ ਹੈ।
(ਜਦੋਂ ਤੂੰ ਚਾਹੇਂ) ਇਹ ਇਕ ਛਿਨ ਵਿਚ ਨਾਸ ਹੋ ਜਾਂਦਾ ਹੈ, ਇਸ ਨੂੰ ਪੈਦਾ ਕਰਦਿਆਂ ਭੀ (ਤੈਨੂੰ) ਚਿਰ ਨਹੀਂ ਲੱਗਦਾ ॥੨॥
(ਪਰਮਾਤਮਾ ਨੇ) ਮਿਹਰ ਕਰ ਕੇ (ਜਿਸ ਮਨੁੱਖ ਨੂੰ ਇਹ ਸੰਸਾਰ) ਇਕ ਤਮਾਸ਼ਾ ਜਿਹਾ ਹੀ ਵਿਖਾਲ ਦਿੱਤਾ ਹੈ,
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੩॥
ਨਾਨਕ ਆਖਦਾ ਹੈ ਕਿ ਉਹ (ਪਰਮਾਤਮਾ) ਹੀ (ਜੀਵਾਂ ਨੂੰ) ਮਾਰਦਾ ਹੈ ਤੇ ਜਿਵਾਲਦਾ ਹੈ।
ਇਸ ਤਰ੍ਹਾਂ (ਅਸਲੀਅਤ ਨੂੰ) ਸਮਝੋ, ਤੇ, ਕੋਈ ਧਿਰ ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਵੋ ॥੪॥੩॥
ਹੇ ਸਖੀ! ਮੈਂ (ਜੀਵ-) ਇਸਤ੍ਰੀ ਹਾਂ, ਕਰਤਾਰ ਮੇਰਾ ਪਤੀ ਹੈ,
ਮੈਂ ਉਹੋ ਜਿਹਾ ਹੀ ਸਿੰਗਾਰ ਕਰਦੀ ਹਾਂ ਜਿਹੋ ਜਿਹਾ ਆਪ ਕਰਾਂਦਾ ਹੈ (ਮੈਂ ਆਪਣੇ ਜੀਵਨ ਨੂੰ ਉਤਨਾ ਕੁ ਸੋਹਣਾ ਹੀ ਬਣਾ ਸਕਦੀ ਹਾਂ, ਜਿਤਨਾ ਉਹ ਬਣਵਾਂਦਾ ਹੈ) ॥੧॥
ਹੇ ਸਖੀ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।
ਮੈਂ ਆਪਣਾ ਤਨ ਆਪਣਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੇ ਹਵਾਲੇ ਕਰ ਚੁਕੀ ਹਾਂ ॥੧॥ ਰਹਾਉ ॥
ਹੇ ਸਖੀ! (ਹੁਣ) ਕਿਸੇ ਦੀ ਕੀਤੀ ਉਸਤਤਿ ਜਾਂ ਨਿੰਦਾ ਦਾ ਹੁਣ ਮੇਰੇ ਉਤੇ ਕੋਈ ਅਸਰ ਨਹੀਂ ਪੈਂਦਾ।
(ਮੈਨੂੰ ਨਿਸਚਾ ਹੋ ਗਿਆ ਕਿ) ਇਕ ਪਰਮਾਤਮਾ ਹੀ ਸਭ ਵਿਚ ਬੈਠਾ ਪ੍ਰੇਰਨਾ ਕਰ ਰਿਹਾ ਹੈ (ਉਸਤਤਿ ਕਰਨ ਵਾਲਿਆਂ ਵਿਚ ਭੀ ਉਹੀ, ਨਿੰਦਾ ਕਰਨ ਵਾਲਿਆਂ ਵਿਚ ਭੀ ਉਹੀ) ॥੨॥
ਹੇ ਸਖੀ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ ਪ੍ਰਭੂ-ਪਤੀ ਵਾਸਤੇ) ਪਿਆਰ ਦੀ ਖਿੱਚ ਬਣ ਗਈ ਹੈ,
ਹੁਣ ਮੈਂ ਉਸ ਦਇਆ ਦੇ ਸੋਮੇ ਪ੍ਰਭੂ ਨੂੰ ਪੂਰਨ ਖਿੜਾਉ-ਆਨੰਦ ਨਾਲ ਮਿਲਦੀ ਹਾਂ ॥੩॥
ਨਾਨਕ ਆਖਦਾ ਹੈ ਕਿ (ਹੇ ਸਖੀ!) ਕੋਈ ਭੀ ਹੋਰ ਜੀਵ ਉਸ ਦਾ ਕੁਝ ਵਿਗਾੜ ਨਹੀਂ ਸਕਦਾ,
ਜਿਸ ਜੀਵ ਨੂੰ ਉਹ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥
ਅਸਲ ਮੋਨ-ਧਾਰੀ ਸਾਧੂ ਉਹ ਹੈ ਜਿਹੜਾ (ਆਪਣੇ) ਮਨ ਦੀ ਮੇਰ-ਤੇਰ ਮੁਕਾ ਦੇਂਦਾ ਹੈ,
ਅਤੇ ਮੇਰ-ਤੇਰ ਮੁਕਾ ਕੇ (ਉਸ ਮੇਰ-ਤੇਰ ਦੇ ਥਾਂ) ਪਰਮਾਤਮਾ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ ॥੧॥
ਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ।
ਮਨ (ਦੀ ਦੌੜ-ਭੱਜ) ਦੀ ਪੜਤਾਲ ਕਰਦਿਆਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਇਸ ਨਾਮ ਹੀ (ਮਾਨੋ) ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹੈ ॥੧॥ ਰਹਾਉ ॥
(ਜਗਤ-ਰਚਨਾ ਦੇ) ਮੁੱਢ ਮੋਹ ਨੂੰ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ।
ਜੀਵਾਂ ਨੂੰ ਅਪਣੱਤ ਚੰਬੋੜ ਕੇ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਪਾ ਕੇ (ਉਸ ਨੇ ਆਪ ਹੀ) ਕੁਰਾਹੇ ਪਾ ਦਿੱਤਾ ॥੨॥
ਇਹ ਮਨ (ਦੇ ਮੇਰ-ਤੇਰ ਅਪਣੱਤ ਆਦਿਕ ਦੇ ਸੰਸਕਾਰਾਂ) ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ।
ਮਨ ਦੇ (ਸੁਚੱਜੇ) ਵੀਚਾਰ ਦੀ ਰਾਹੀਂ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੩॥